ਡਾ. ਦਾਭੋਲਕਰ ਪੁਸਤਕ ਮੇਲਾ :ਡੇਰਾਵਾਦ ਅਤੇ ਬਾਬਾਵਾਦ ਵਿਗਿਆਨਕ ਚੇਤਨਾ ਲਈ ਵੱਡਾ ਖਤਰਾ: ਪ੍ਰੋ. ਗੌਹਰ ਰਜ਼ਾ
ਅਗਾਂਹਵਧੂ ਸਾਹਿਤ ਦਾ ਚਾਨਣ ਬਖੇਰਦਾ ਤਿੰਨ ਰੋਜ਼ਾ ਪੁਸਤਕ ਮੇਲਾ ਸਮਾਪਤ
-'ਸੁਕਰਾਤ’ ਅਤੇ ‘ਠੱਗੀ’ ਦਾ ਹੋਇਆ ਸਫ਼ਲ ਮੰਚਨ
ਅਸ਼ੋਕ ਵਰਮਾ
ਬਰਨਾਲਾ, 24 ਅਗਸਤ 2026 : ਡਾ.ਨਰਿੰਦਰ ਦਾਭੋਲਕਰ ਦੀ ਯਾਦ ਵਿੱਚ ਸਥਾਨਕ ਤਰਕਸ਼ੀਲ ਭਵਨ ਵਿਖੇ ਚਲ ਰਿਹਾ ਤਿੰਨ ਰੋਜ਼ਾ ਪੁਸਤਕ ਮੇਲ ਅੱਜ ਆਖ਼ਰੀ ਦਿਨ ਅੱਜ ਬੌਧਿਕ ਚਰਚਾ, ਇਨਕਲਾਬੀ ਗਾਇਨ ਅਤੇ ਨਾਟਕਾਂ ਦਾ ਚਾਨਣ ਬਿਖੇਰਦਾ ਸਮਾਪਤ ਹੋਇਆ।
ਅੱਜ ਦੇ ਪਹਿਲੇ ਸੈਸ਼ਨ ਵਿੱਚ ਉੱਘੇ ਵਿਗਿਆਨੀ ਤੇ ਸ਼ਾਇਰ ਡਾ.ਗੌਹਰ ਰਜ਼ਾ ਨੇ ‘ਮੌਜੂਦਾ ਦੌਰ ਵਿੱਚ ਵਿਗਿਆਨਕ ਸੋਚ ਅੱਗੇ ਚੁਣੌਤੀਆਂ ਅਤੇ ਸਾਡੇ ਕਾਰਜ’ ਵਿਸ਼ੇ 'ਤੇ ਭਾਵਪੂਰਤ ਸੰਵਾਦ ਰਚਾਇਆ। ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਇਸ ਸਮੇਂ ਵਿਗਿਆਨਕ ਵਿਚਾਰਧਾਰਾ ਨੂੰ ਮੁੱਖ ਖਤਰਾ ਉਨ੍ਹਾਂ ਫ਼ਿਰਕੂ ਫਾਸ਼ੀ ਤਾਕਤਾਂ ਤੋਂ ਹੈ ਜਿਹੜੀਆਂ ਵਿਦਿਅਕ ਸੰਸਥਾਵਾਂ ਦਾ ਭਗਵਾਂਕਰਨ, ਵਪਾਰੀਕਰਨ, ਨਿੱਜੀਕਰਨ ਕਰਕੇ ਅੰਧ ਵਿਸ਼ਵਾਸ਼ ਫੈਲਾਉਣ ਲੱਗੀਆਂ ਹੋਈਆਂ ਹਨ। ਸਿੱਟੇ ਵਜੋਂ ਦੇਸ਼ ਵਿੱਚ ਡੇਰਾਵਾਦ, ਬਾਬਾਵਾਦ ਤੇ ਅਧਿਆਤਮਕ/ਧਾਰਮਿਕ ਕਾਰੋਬਾਰ ਪ੍ਰਫੁੱਲਿਤ ਹੋ ਰਿਹਾ ਹੈ, ਜਿਸ ਨੂੰ ਮਾਤ ਦੇਣ ਲਈ ਵਿਗਿਆਨਕ ਚੇਤਨਾ ਦੀ ਮਸ਼ਾਲ ਨੂੰ ਹਰ ਦਰ 'ਤੇ ਲਿਜਾਣ ਦੀ ਲੋੜ ਹੈ। ਉਨ੍ਹਾਂ ਪੁਸਤਕ ਮੇਲੇ ਨੂੰ ਉੱਤਮ ਕਾਰਜ ਦਸਦਿਆਂ ਆਖਿਆ ਕਿ ਲੋਕ ਪੱਖੀ ਸਾਹਿਤ ਦਾ ਸਮਾਜ ਨੂੰ ਬਦਲਣ ਵਿੱਚ ਅਹਿਮ ਰੋਲ ਰਿਹਾ ਹੈ।
ਲੋਕ ਪੱਖੀ ਗਾਇਕ ਧਰਮਿੰਦਰ ਮਸਾਣੀ ਨੇ ਅਵਤਾਰ ਪਾਸ਼, ਸੰਤ ਰਾਮ ਉਦਾਸੀ ਅਤੇ ਮਹਿੰਦਰ ਸਾਥੀ ਦੇ ਲਿਖੇ ਗੀਤਾਂ ਤੇ ਇਕਬਾਲ ਕੌਰ ਉਦਾਸੀ ਅਤੇ ਕਸਤੂਰੀ ਲਾਲ ਨੇ ਆਪਣੀ ਬੁਲੰਦ ਆਵਾਜ਼ ਨਾਲ ਮਾਹੌਲ ਨੂੰ ਇਨਕਲਾਬੀ ਰੰਗ ਵਿੱਚ ਰੰਗਿਆ । ਸਮਾਗਮ ਦੌਰਾਨ ਤਰਕਸ਼ੀਲ ਲਹਿਰ ‘ਤੇ ਕੰਵਲ ਢਿੱਲੋਂ ਅਤੇ ਬੂਟਾ ਸਿੰਘ ਮਹਿਮੂਦਪੁਰ ਦੀ ਮਨੁੱਖੀ ਅਧਿਕਾਰਾਂ ਬਾਰੇ ਅਨੁਵਾਦਤ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।ਸਮਾਰੋਹ ਵਿੱਚ ਪ੍ਰਸਿੱਧ ਨਾਟਕਕਾਰ ਕੀਰਤੀ ਕ੍ਰਿਪਾਲ ਦੀ ਨਿਰਦੇਸ਼ਨਾ ਵਿੱਚ ਨਾਟਿਅਮ ਪੰਜਾਬ ਵੱਲੋਂ ਨਾਟਕ ‘ਸੁਕਰਾਤ’ ਅਤੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ‘ਠੱਗੀ' ਨਾਟਕਾਂ ਦਾ ਸਫ਼ਲ ਮੰਚਨ ਕੀਤਾ ਗਿਆ।
ਇਸ ਮੌਕੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਪੁਸਤਕ ਮੇਲੇ ਦੀ ਸਫ਼ਲਤਾ ਲਈ
ਆਏ ਹੋਏ ਮਹਿਮਾਨਾਂ, ਸਰੋਤਿਆਂ ਅਤੇ ਪਾਠਕਾਂ ਦਾ ਧੰਨਵਾਦ ਕਰਦਿਆਂ ਹਰ ਸਾਲ ਇਹ ਪੁਸਤਕ ਮੇਲਾ ਲਗਾਉਣ ਦਾ ਭਰੋਸਾ ਦਿੱਤਾ।
ਸਮਾਰੋਹ ਵਿੱਚ ਪਾਸ ਕੀਤੇ ਇਕ ਮਤੇ ਰਾਹੀਂ ਡਾ. ਨਰਿੰਦਰ ਦਾਭੋਲਕਰ ਦੇ ਕਾਤਲ ਸਚਿਨ ਅੰਧੂਰੇ ਦੀ ਸਜ਼ਾ ਮੁਅੱਤਲ ਕਰਨ ਅਤੇ ਜ਼ਮਾਨਤ ਦੇਣ ਦੇ ਫੈਸਲੇ ਨੂੰ ਰੱਦ ਕਰਨ ਅਤੇ ਇਸ ਕਤਲ ਕਾਂਡ ਦੇ ਮੁੱਖ ਸਾਜਿਸ਼ ਘਾੜੇ ਵਰਿੰਦਰ ਤਾਵੜੇ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਸਮਾਰੋਹ ਵਿੱਚ ਸੂਬਾ ਕਮੇਟੀ ਆਗੂ ਰਾਜਪਾਲ ਸਿੰਘ, ਰਾਜੇਸ਼ ਅਕਲੀਆ, ਗੁਰਪ੍ਰੀਤ ਸ਼ਹਿਣਾ,ਰਾਮ ਸਵਰਨ ਲੱਖੇਵਾਲੀ, ਸੁਮੀਤ ਅੰਮ੍ਰਿਤਸਰ, ਜਸਵੰਤ ਮੁਹਾਲੀ, ਸੁਖਵਿੰਦਰ ਬਾਗਪੁਰ, ਜੋਗਿੰਦਰ ਕੁੱਲੇਵਾਲ, ਸੁਰਜੀਤ ਟਿੱਬਾ, ਜਸਵੰਤ ਜੀਰਖ਼, ਜਿੰਦਰ ਬਾਗਪੁਰ,ਪ੍ਰਵੀਨ ਜੰਡਵਾਲਾ, ਜਸਵੰਤ ਜੀਰਖ਼, ਜਸਲੀਨ ਪੀਯੂ ਚੰਡੀਗੜ੍ਹ, ਪਰਮਜੀਤ ਕੌਰ, ਡਾ.ਰਾਕੇਸ਼ ਜਿੰਦਲ, ਬਿੰਦਰ ਧਨੌਲਾ,ਜਸਵੀਰ ਸੋਨੀ,ਸਤਪਾਲ ਸਲੋਹ,ਅਜਾਇਬ ਜਲਾਲਆਣਾ, ਰਾਜਿੰਦਰ ਕੌਰ ਅੰਬਾਲਾ, ਨਰਾਇਣ ਦੱਤ, ਕੁਲਜੀਤ ਫ਼ਾਜ਼ਿਲਕਾ, ਡਾ.ਤਰਲੋਕ ਬੰਧੂ, ਸਾਬਕਾ ਸੰਯੁਕਤ ਡਾਇਰੈਕਟਰ ਸਿਹਤ ਡਾ.ਜਸਬੀਰ ਸਿੰਘ ਔਲਖ਼, ਕਹਾਣੀਕਾਰ ਪਵਨ ਪਰਿੰਦਾ ਤੇ ਹਰਚੰਦ ਸਿੰਘ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ ਸਾਹਿਤ ਪ੍ਰੇਮੀਆਂ ਤੋਂ ਇਲਾਵਾ ਜਨਤਕ ਤੇ ਜਮਹੂਰੀ, ਸਾਹਿਤਕ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ ਮੌਜੂਦ ਸਨ।
- Download Babushahi App
-
-