ਅਗਾਂਹਵਧੂ ਸਾਹਿਤ ਨਾਲ ਲਬਰੇਜ਼ ਹੋਵੇਗਾ ਬਰਨਾਲਾ ਵਿੱਚ ਲੱਗਣ ਵਾਲਾ ਤਿੰਨ ਰੋਜ਼ਾ ਤਰਕਸ਼ੀਲ ਮੇਲਾ
-ਸਾਹਿਤ,ਵਿਗਿਆਨਕ ਸੋਚ,ਪੱਤਰਕਾਰੀ ਅਤੇ ਸਿਹਤ ਬਾਰੇ ਸੈਮੀਨਾਰ ਵੀ ਹੋਣਗੇ
ਅਸ਼ੋਕ ਵਰਮਾ
ਬਰਨਾਲਾ, 13 ਅਗਸਤ 2026 :ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਉੱਘੇ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਸੂਬਾ ਪੱਧਰੀ ਤਿੰਨ ਰੋਜ਼ਾ ਪੁਸਤਕ ਮੇਲਾ ਇੱਥੇ ਤਰਕਸ਼ੀਲ ਭਵਨ ਵਿਖੇ 21 ਤੋਂ 23 ਅਗਸਤ ਤੱਕ ਲਾਇਆ ਜਾਵੇਗਾ। ਇਸ ਸਬੰਧ ਵਿੱਚ
ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੂਬਾ ਮੀਡੀਆ ਵਿਭਾਗ ਮੁਖੀ ਸੁਮੀਤ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਮੇਲੇ ਵਿੱਚ ਜਿੱਥੇ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ ,ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਉੱਥੇ ਇਸ ਪੁਸਤਕ ਮੇਲੇ ਵਿੱਚ 21 ਅਗਸਤ ਨੂੰ ਉਦਘਾਟਨ ਉਪਰੰਤ ਡਾ.ਦਾਭੋਲਕਰ ਦੀ ਬੇਟੀ ਡਾ.ਮੁਕਤਾ ਦਾਭੋਲਕਰ ‘ਮਹਾਂਰਾਸ਼ਟਰ ਦੀ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਕਾਰਜ, ਪ੍ਰਾਪਤੀਆਂ ਅਤੇ ਚੁਣੌਤੀਆਂ' ਵਿਸ਼ੇ ਸਬੰਧੀ ਚਾਨਣਾ ਪਾਉਣਗੇ।
ਇਸੇ ਤਰ੍ਹਾਂ ਦੂਜੇ ਸੈਸ਼ਨ ਵਿੱਚ ਪ੍ਰਸਿੱਧ ਸਿਹਤ ਮਾਹਿਰ ਡਾ.ਅੰਮ੍ਰਿਤਪਾਲ ਸਿੰਘ, ਡਾ.ਜਗਰੂਪ ਸਿੰਘ ਅਤੇ ਡਾ. ਜਸ਼ਨਪ੍ਰੀਤ ਸਿੰਘ ਵੱਲੋਂ ‘ ਆਮ ਬਿਮਾਰੀਆਂ ਨਾਲ ਜੁੜੇ ਮਿੱਥ ਅਤੇ ਉਨ੍ਹਾਂ ਦਾ ਵਿਗਿਆਨਕ ਸੱਚ ’ ਬਾਰੇ ਚਰਚਾ ਕਰਨਗੇ।
ਉਨ੍ਹਾਂ ਦੱਸਿਆ ਕਿ 22 ਅਗਸਤ ਨੂੰ ਪਹਿਲੇ ਸੈਸ਼ਨ ਵਿੱਚ 'ਪੰਜਾਬੀ ਸਾਹਿਤ ਅਤੇ ਵਿਗਿਆਨਕ ਚੇਤਨਾ ' ਵਿਸ਼ੇ ਬਾਰੇ ਡਾ.ਰਾਜਿੰਦਰਪਾਲ ਸਿੰਘ ਬੋਲਣਗੇ । ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਸੂਬਾਈ ਜਨਰਲ ਸਕੱਤਰ ਡਾ.ਕੁਲਦੀਪ ਦੀਪ ਕਰਨਗੇ। ਪੱਤਰਕਾਰ ਗੌਰੀ ਲੰਕੇਸ਼ ਨੂੰ ਸਮਰਪਿਤ ‘ਮੀਡੀਆ ਅਤੇ ਫਿਰਕਾਪ੍ਰਸਤੀ’ ਵਿਸ਼ੇ ਸਬੰਧੀ ਲੋਕ ਪੱਖੀ ਪੱਤਰਕਾਰ ਸ਼ਿਵਇੰਦਰ, ਅੰਸ਼ੁਲ ਛਤਰਪਤੀ,ਜਤਿੰਦਰ ਕੌਰ ਤੁੜ ਅਤੇ ਨੇਹਾ ਦੀਕਸ਼ਿਤ ਵਿਚਾਰ ਰੱਖਣਗੇ।
ਤੀਜੇ ਸੈਸ਼ਨ ਵਿੱਚ ਪ੍ਰਸਿੱਧ ਵਿਦਵਾਨ ਪ੍ਰੋ.ਹਰਵਿੰਦਰ ਸਿੰਘ ਭੱਟੀ ‘ਨੌਜਵਾਨ ਪੀੜ੍ਹੀ ਦਾ ਪਰਵਾਸ ਅਤੇ ਮਾਪਿਆਂ ਦਾ ਸੰਕਟ’ ਵਿਸ਼ੇ ਸਬੰਧੀ ਵਿਚਾਰ ਸਾਂਝੇ ਕਰਨਗੇ।
ਆਖ਼ਰੀ ਦਿਨ 23 ਅਗਸਤ ਨੂੰ ਪ੍ਰਸਿੱਧ ਚਿੰਤਕ ਅਤੇ ਫ਼ਿਲਮਸਾਜ਼ ਪ੍ਰੋ.ਗੌਹਰ ਰਜ਼ਾ ‘ਮੋਜੂਦਾ ਦੌਰ ਵਿੱਚ ਵਿਗਿਆਨਕ ਸੋਚ ਨੂੰ ਚੁਣੌਤੀਆਂ ਅਤੇ ਸਾਡੇ ਕਾਰਜ' ਸਬੰਧੀ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਆਖ਼ਰੀ ਸੈੱਸ਼ਨ ਵਿੱਚ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਪ੍ਰਸਿੱਧ ਨਾਟਕਕਾਰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਤੇ ਨਾਵਲਕਾਰ ਬਲਦੇਵ ਸੜਕਨਾਮਾ ਦੀ ਪ੍ਰਧਾਨਗੀ ਹੇਠ ਨਾਟਕ ‘ਸੁਕਰਾਤ' ਪੇਸ਼ ਕੀਤਾ ਜਾਵੇਗਾ। ਇਸ ਮੌਕੇ ਵਿਦਿਆਰਥੀਆਂ ਦੇ ਲਿਖਾਈ ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਸੂਬੇ ਦੀਆਂ ਸਮੂਹ ਸੂਝਵਾਨ ਸ਼ਖ਼ਸੀਅਤਾਂ ਤੇ ਨੌਜਵਾਨਾਂ ਨੂੰ ਮੇਲੇ 'ਚ ਸ਼ਿਰਕਤ ਦੀ ਅਪੀਲ ਵੀ ਕੀਤੀ।
- Download Babushahi App
-
-