ਬਰਨਾਲਾ 'ਚ ਰਾਮਬਾਗ ਰੋਡ 'ਤੇ ਦੋ ਦੁਕਾਨਾਂ ਦੇ ਤਾਲੇ ਟੁੱਟੇ, ਚੋਰਾਂ ਨੇ ਲੱਖਾਂ ਦੇ ਮਾਲ 'ਤੇ ਕੀਤਾ ਹੱਥ ਸਾਫ਼
Kamaljeet Singh
ਬਰਨਾਲਾ, 13 ਅਗਸਤ (2026): ਸ਼ਹਿਰ ਦੇ ਰਾਮਬਾਗ ਰੋਡ ਅਤੇ ਅਨਾਜ ਮੰਡੀ ਰੋਡ 'ਤੇ ਸਥਿਤ ਸਰਵਹਿੱਤਕਾਰੀ ਸਕੂਲ ਨੇੜੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਿਆ ਜਦੋਂ ਦੁਕਾਨਦਾਰਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਦੁਕਾਨਾਂ ਦੇ ਤਾਲੇ ਅਤੇ ਜਾਲ ਟੁੱਟੇ ਹੋਏ ਸਨ ਅਤੇ ਅੰਦਰ ਸਮਾਨ ਖਿਲਰਿਆ ਪਿਆ ਸੀ।
ਪੀੜਤ ਦੁਕਾਨਦਾਰ ਨਰੇਸ਼ ਕੁਮਾਰ (ਸਕੂਲ ਯੂਨੀਫਾਰਮ ਅਤੇ ਇਨਵਰਟਰ ਕਾਰੋਬਾਰੀ) ਨੇ ਦੱਸਿਆ ਕਿ ਚੋਰ ਦੁਕਾਨ ਦੇ ਪਿਛਲੇ ਪਾਸੇ ਲੱਗੇ ਲੋਹੇ ਦੇ ਮਜ਼ਬੂਤ ਜਾਲ ਨੂੰ ਤੋੜ ਕੇ ਅੰਦਰ ਦਾਖਲ ਹੋਏ। ਉਨ੍ਹਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਇਲਾਕੇ ਵਿੱਚ ਨਸ਼ਾ ਵਧਣ ਕਾਰਨ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਦੂਜੀ ਦੁਕਾਨ 'ਸ਼ੁਭਮ ਮੈਡੀਕਲ ਹਾਲ' ਦੇ ਮਾਲਕ ਸ਼ੁਭਮ ਕੁਮਾਰ ਨੇ ਦੱਸਿਆ ਕਿ ਸਵੇਰੇ ਲਗਭਗ 7:30 ਵਜੇ ਜਦੋਂ ਉਨ੍ਹਾਂ ਦੇ ਪਿਤਾ ਨੇ ਦੁਕਾਨ ਖੋਲ੍ਹੀ ਤਾਂ ਪੌੜੀਆਂ ਦਾ ਗੇਟ ਭੰਨਿਆ ਹੋਇਆ ਸੀ, ਸੀਸੀਟੀਵੀ ਕੈਮਰੇ ਮੋੜੇ ਹੋਏ ਸਨ ਅਤੇ ਗੱਲੇ 'ਚੋਂ ਨਕਦੀ ਸਾਫ਼ ਸੀ। ਉਨ੍ਹਾਂ ਦੋਸ਼ ਲਾਇਆ ਕਿ 112 ਨੰਬਰ 'ਤੇ ਸੂਚਨਾ ਦੇਣ ਦੇ ਅੱਧੇ ਘੰਟੇ ਬਾਅਦ ਵੀ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ।
ਘਟਨਾ ਸਥਾਨ 'ਤੇ ਪਹੁੰਚੇ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਚੋਰਾਂ ਨੇ 'ਸ਼ੁਭਮ ਮੈਡੀਕਲ ਹਾਲ' ਅਤੇ 'ਟੀ.ਐੱਸ. ਮਲਟੀ ਕੰਪਲੈਕਸ' ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਨੇ ਦੇਰੀ ਦੇ ਦੋਸ਼ਾਂ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਕਿ ਪੀ.ਸੀ.ਆਰ. ਟੀਮ ਮੌਕੇ 'ਤੇ ਪਹੁੰਚ ਚੁੱਕੀ ਸੀ। ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰਾਂ ਵੱਲੋਂ ਨੁਕਸਾਨ ਦਾ ਵੇਰਵਾ ਮਿਲਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕਰਦਿਆਂ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- Download Babushahi App
-
-