"ਵੰਦੇ ਮਾਤਰਮ" ਸੰਬੰਧੀ ਫਾਸ਼ੀਵਾਦੀ ਬਿੱਲ 'ਤੇ ਮੋਹਰ ਲਾਉਣਾ ਘੱਟ-ਗਿਣਤੀਆਂ 'ਤੇ ਸਿੱਧਾ ਹਮਲਾ ਅਤੇ ਸੰਵਿਧਾਨ ਦੇ ਉਲਟ: ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ
ਅਜਿਹੇ ਫਿਰਕੂ ਮੁੱਦਿਆਂ ਰਾਹੀਂ ਹਕੂਮਤ ਦੇਸ਼ ਭਰ 'ਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ: ਕਾਮਰੇਡ ਅਜਮੇਰ, ਖਟਕੜ
ਦਲਜੀਤ ਕੌਰ
ਚੰਡੀਗੜ੍ਹ,13 ਅਗਸਤ, 2026: ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਕੇਂਦਰ ਦੀ ਮੋਜੂਦਾ ਸਰਕਾਰ ਵੱਲੋਂ 'ਵੰਦੇ ਮਾਤਰਮ' ਗੀਤ ਬਾਰੇ ਲਏ ਗਏ ਤਾਜ਼ਾ ਤਾਨਾਸ਼ਾਹੀ ਫੈਸਲੇ ਅਤੇ ਇਸ ਉੱਪਰ ਰਾਸ਼ਟਰਪਤੀ ਵਲੋਂ ਲਾਈ ਗਈ ਮੋਹਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਪਾਰਟੀ ਵਲੋਂ ਸੂਬਾਈ ਆਗੂਆਂ ਕਾਮਰੇਡ ਅਜਮੇਰ ਸਿੰਘ ਅਤੇ ਕਾਮਰੇਡ ਦਰਸ਼ਨ ਖਟਕੜ ਨੇ ਅੱਜ ਇੱਥੇ ਇੱਕ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਦੇਸ਼ ਭਰ ਵਿੱਚ ਜ਼ਬਰਦਸਤੀ ਲਾਗੂ ਕੀਤਾ ਜਾ ਰਿਹਾ ਇਹ ਫੈਸਲਾ ਅਸਲ ਵਿੱਚ ਦੇਸ਼ ਦੀਆਂ ਘੱਟ-ਗਿਣਤੀਆਂ, ਮੂਰਤੀ ਪੂਜਾ ਨਾ ਕਰਨ ਵਾਲੇ ਲੋਕਾਂ ਅਤੇ ਵੱਖ-ਵੱਖ ਵਿਚਾਰਧਾਰਾ ਰੱਖਣ ਵਾਲੇ ਨਾਗਰਿਕਾਂ ਦੇ ਵਿਰੁੱਧ ਇੱਕ ਡੂੰਘੀ ਫਾਸ਼ੀਵਾਦੀ ਸਾਜ਼ਿਸ਼ ਹੈ। ਇਹ ਕਦਮ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ 'ਤੇ ਸਿੱਧਾ ਹਮਲਾ ਹੈ। ਕਮਿਊਨਿਸਟ ਆਗੂਆਂ ਨੇ ਇਤਿਹਾਸਕ ਅਤੇ ਸੰਵਿਧਾਨਿਕ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਜਦੋਂ ਦੇਸ਼ ਦਾ ਸੰਵਿਧਾਨ ਬਣਿਆ ਸੀ, ਉਸ ਵੇਲੇ ਸਾਰੀਆਂ ਭਾਵਨਾਵਾਂ, ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਘੱਟ-ਗਿਣਤੀਆਂ ਦੇ ਹਿੱਤਾਂ ਦਾ ਸਤਿਕਾਰ ਕਰਦਿਆਂ ਇਸ ਗੀਤ ਦੇ ਸਿਰਫ਼ ਪਹਿਲੇ ਦੋ ਪਹਿਰਿਆਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਸੀ। ਪ੍ਰੰਤੂ ਹੁਣ ਭਗਵਾਂਕਰਨ ਦੇ ਏਜੰਡੇ ਤਹਿਤ ਸੰਵਿਧਾਨਿਕ ਮਰਿਆਦਾਵਾਂ ਨੂੰ ਛਿੱਕੇ ਟੰਗ ਕੇ ਇਸ ਵਿੱਚ ਚਾਰ ਹੋਰ ਵਿਵਾਦਿਤ ਪਹਿਰੇ ਜ਼ਬਰਦਸਤੀ ਜੋੜ ਦਿੱਤੇ ਗਏ ਹਨ। ਇਨ੍ਹਾਂ ਚਾਰ ਨਵੇਂ ਪਹਿਰਿਆਂ ਵਿੱਚ ਖ਼ਾਸ ਕਿਸਮ ਦੀ ਮੂਰਤੀ ਪੂਜਾ ਅਤੇ ਧਾਰਮਿਕ ਪ੍ਰਤੀਕਾਂ ਦਾ ਹਵਾਲਾ ਹੈ, ਜਿਸ ਨੂੰ ਕਿਸੇ ਵੀ ਜਮਹੂਰੀ ਅਤੇ ਧਰਮ-ਨਿਰਪੱਖ ਦੇਸ਼ ਵਿੱਚ ਜ਼ਬਰਦਸਤੀ ਥੋਪਿਆ ਨਹੀਂ ਜਾ ਸਕਦਾ। ਇਹ ਫੈਸਲਾ ਸੰਵਿਧਾਨ ਦੀ ਧਾਰਾ 25 ਦੇ ਉਲਟ ਹੈ, ਜੋ ਹਰ ਨਾਗਰਿਕ ਨੂੰ ਆਪਣੇ ਅਕੀਦੇ ਅਤੇ ਧਰਮ ਮੁਤਾਬਕ ਜਿਊਣ ਦੀ ਆਜ਼ਾਦੀ ਦਿੰਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਇਸ ਗੀਤ ਦੇ ਅਪਮਾਨ ਦੇ ਨਾਂ ਹੇਠ ਤਿੰਨ ਸਾਲ ਤੱਕ ਦੀ ਸਖ਼ਤ ਸਜ਼ਾ ਅਤੇ ਜ਼ੁਰਮਾਨੇ ਦਾ ਜੋ ਕਾਨੂੰਨੀ ਪ੍ਰਬੰਧ ਕੀਤਾ ਹੈ, ਉਹ ਨਾਗਰਿਕਾਂ ਨੂੰ ਡਰਾਉਣ-ਧਮਕਾਉਣ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਇੱਕ ਹਥਿਆਰ ਹੈ। ਮੋਦੀ ਸਰਕਾਰ ਆਪਣੀਆਂ ਨਾਕਾਮੀਆਂ, ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਮੰਦਹਾਲੀ ਵਰਗੇ ਅਸਲ ਲੋਕ-ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ ਅਜਿਹੇ ਫਿਰਕੂ ਮੁੱਦਿਆਂ ਰਾਹੀਂ ਦੇਸ਼ ਭਰ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ।
ਸਾਥੀ ਅਜਮੇਰ ਸਿੰਘ ਅਤੇ ਦਰਸ਼ਨ ਖਟਕੜ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਤਾਨਾਸ਼ਾਹੀ ਫੈਸਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਾਰਟੀ ਵਲੋਂ ਸਮੂਹ ਜਮਹੂਰੀ, ਇਨਸਾਫ਼ਪਸੰਦ, ਮਜ਼ਦੂਰ-ਕਿਸਾਨ ਜਥੇਬੰਦੀਆਂ ਅਤੇ ਦੇਸ਼ਭਗਤ ਤਾਕਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰ ਦੇ ਇਸ ਲੋਕ-ਵਿਰੋਧੀ ਅਤੇ ਘੱਟ-ਗਿਣਤੀ ਵਿਰੋਧੀ ਕਦਮ ਖ਼ਿਲਾਫ਼ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ।
- Download Babushahi App
-
-