ਕਤਲ ਦੇ ਮਾਮਲੇ ਵਿੱਚ ਨਾਮਜਦ ਨੌਜਵਾਨ ਦੀ ਭੈਣ ਨੂੰ ਹਿਰਾਸਤ ਵਿੱਚ ਲੈਣ ਤੇ ਕਿਸਾਨਾਂ ਅਤੇ ਪੁਲਿਸ ਵਿੱਚਕਾਰ ਪਿਆ ਪੇਚਾ
ਲੋਕ ਰੋਹ ਵੇਖ ਕੇ ਪੁਲਿਸ ਨੇ ਹਿਰਾਸਤ ਵਿੱਚ ਲਈ ਲੜਕੀ ਨੂੰ ਛੱਡਿਆ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ , 7 August 2026
ਸਵੇਰੇ ਤੜਕਸਾਰ ਥਾਣਾ ਮੁੱਖੀ ਪੁਰਾਣਾ ਸ਼ਾਲਾ ਅਤੇ ਇੱਕ ਮਹਿਲਾ ਡੀਐਸਪੀ ਅਧਿਕਾਰੀ ਵੱਲੋਂ ਨੇੜਲੇ ਪਿੰਡ ਚੰਦਰਭਾਣ ਦੇ ਵਸਨੀਕ ਸਾਬਕਾ ਫੌਜੀ ਮਲਕੀਤ ਸਿੰਘ ਉਰਫ ਲਾਲੀ ਦੀ ਕੁਆਰੀ ਧੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਲੰਘੀ 5 ਜੁਲਾਈ ਨੂੰ ਪਿੰਡ ਭੂੰਡੋਵਾਲ ਦੇ ਰੋਹਿਤ ਸਿੰਘ ਦੇ ਹੋਏ ਕਤਲ ਦੇ ਮਾਮਲੇ ਚ ਦਰਜ ਐਫ,ਆਈ,ਆਰ ਅੱਧੀ ਦਰਜਨ ਮੁਲਜਮਾਂ ਵਿੱਚ ਪਿੰਡ ਚੰਦਰਭਾਨ ਦੇ ਸਾਬਕਾ ਫੌਜੀ ਮਲਕੀਤ ਸਿੰਘ ਉਰਫ ਲਾਲੀ ਦੇ ਪੁੱਤਰ ਗੁਰਸੇਵਕ ਸਿੰਘ ਦਾ ਨਾਂਅ ਵੀ ਸ਼ਾਮਿਲ ਹੈ ਪਰ ਗੁਰਸੇਵਕ ਸਿੰਘ ਉਸ ਸਮੇਂ ਤੋਂ ਫਰਾਰ ਚੱਲਦਾ ਆ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਪੁਰਾਣਾ ਸ਼ਾਲਾ ਥਾਣਾ ਮੁੱਖੀ ਕੁਲਵਿੰਦਰ ਸਿੰਘ ਵਲੋਂ ਮਹਿਲਾ ਡੀਐਸਪੀ ਸੀਮਾ ਕੁਮਾਰੀ ਸਮੇਤ ਪਿੰਡ ਚੰਦਰਭਾਣ ਉਕਤ ਦੋਸ਼ੀ ਦੇ ਘਰ ਅਚਾਨਕ ਛਾਪੇਮਾਰੀ ਕੀਤੀ ਅਤੇ ਸਾਬਕਾ ਫੌਜੀ ਦੀ ਕੁਆਰੀ ਧੀ ਨੂੰ ਜਬਰੀ ਚੁੱਕ ਕੇ ਲੈ ਗਏ । ਜਿਸ ਦੌਰਾਨ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਦਾ ਵਿਰੋਧ ਵੀ ਕੀਤਾ ਗਿਆ ਕਿਓਂਕਿ ਇਸ ਮਾਮਲੇ ਨਾਲ ਉਹਨਾਂ ਦੀ ਬੱਚੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ ਪਰ ਪੁਲਿਸ ਨੇ ਉਨਾਂ ਦੀ ਇੱਕ ਵੀ ਨਾ ਸੁਣੀ । ਜਿਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਸਹਿਯੋਗ ਨਾਲ ਪੁਰਾਣਾ ਸ਼ਾਲਾ ਚੌਂਕ ਅੰਦਰ ਖਾਣਾ ਮੁਖੀ ਅਤੇ ਉਕਤ ਡੀਐਸਪੀ ਅਧਿਕਾਰੀ ਦੀਆਂ ਸਰਕਾਰੀ ਗੱਡੀਆਂ ਦੀ ਜਥੇਬੰਦੀ ਵੱਲੋਂ ਘੇਰਾਬੰਦੀ ਕਰ ਲਈ ਗਈ । ਪੁਲਿਸ ਵੱਲੋਂ ਭੜਕਿਆ ਹੋਇਆ ਲੋਕ ਰੋਹ ਵੇਖਦਿਆਂ ਗ੍ਰਿਫਤਾਰ ਕੀਤੀ ਲੜਕੀ ਨੂੰ ਧਰਨਾਕਾਰੀਆਂ ਦੀ ਹਾਜਰੀ ਚ ਹੀ ਮੌਕੇ ਤੇ ਛੱਡਣਾ ਪਿਆ । ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸਾਬਕਾ ਫੌਜੀ ਦੇ ਪੁੱਤਰ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਪੁਲਿਸ ਜਦੋਂ ਮਰਜ਼ੀ ਗ੍ਰਿਫਤਾਰ ਕਰ ਸਕਦੀ ਹੈ ਉਹਨਾਂ ਨੂੰ ਇਸ ਦਾ ਕੋਈ ਇਤਰਾਜ਼ ਨਹੀਂ ਇਸ ਤਰ੍ਹਾਂ ਕਾਨੂੰਨ ਨੂੰ ਛਿੱਕੇ ਟੰਗ ਕੇ ਪੁਲਿਸ ਨੂੰ ਕੋਈ ਵੀ ਅਧਿਕਾਰ ਨਹੀਂ ਕਿ ਉਹ ਕਿਸੇ ਦੀ ਧੀ ਭੈਣ ਨੂੰ ਬਿਨਾਂ ਵਜਹਾ ਚੁੱਕ ਕੇ ਪ੍ਰੇਸ਼ਾਨ ਕਰੇ । ਆਗੂਆਂ ਦਾ ਕਹਿਣਾ ਹੈ ਕਿ ਅਫਸੋਸ ਦੀ ਗੱਲ ਹੈ ਕਿ ਇਸ ਇਲਾਕੇ ਦੇ ਜਮਪਲ ਹੋਣ ਦੇ ਬਾਵਜੂਦ ਵੀ ਥਾਣਾ ਮੁਖੀ ਪੁਰਾਣਾ ਸ਼ਾਲਾ ਕੁਲਵਿੰਦਰ ਸਿੰਘ ਵੱਲੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਚ ਥਾਣਾ ਮੁਖੀ ਕੁਲਵਿੰਦਰ ਸਿੰਘ ਅਤੇ ਮਹਿਲਾ ਡੀਐਸਪੀ ਸੀਮਾ ਕੁਮਾਰੀ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ।
ਪੀੜਤ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਦੀ ਇਸ ਘਟੀਆ ਕਾਰਵਾਈ ਦੀਆਂ ਸਬੂਤ ਵਜੋਂ ਉਹਨਾਂ ਦੇ ਕੋਲ ਵੀਡੀਓ ਤੱਕ ਵੀ ਮੌਜੂਦ ਹਨ ਜਿਸ ਨੂੰ ਆਧਾਰ ਬਣਾ ਕੇ ਉਹ ਉਕਤ ਪੁਲਿਸ ਅਧਿਕਾਰੀਆਂ ਨੂੰ ਹਾਈਕੋਰਟ ਤੱਕ ਵੀ ਘਸੀਟਣਗੇ। ਜਦੋਂ ਧਰਨਾ ਸਥਾਨ ਤੇ ਮੌਜੂਦ ਥਾਣਾ ਮੁਖੀ ਕੁਲਵਿੰਦਰ ਸਿੰਘ ਅਤੇ ਮਹਿਲਾ ਡੀਐਸਪੀ ਦਾ ਪੱਤਰਕਾਰ ਵੱਲੋਂ ਪੱਖ ਲੈਣਾ ਚਾਹਿਆ ਤਾਂ ਇਹਨਾਂ ਅਧਿਕਾਰੀਆਂ ਵੱਲੋਂ ਆਪਣਾ ਪੱਖ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਆਪਣੀਆਂ ਸਰਕਾਰੀ ਗੱਡੀਆਂ ਭਜਾ ਕੇ ਗੁਰਦਾਸਪੁਰ ਤਰਫ ਨੂੰ ਚਲਦੇ ਬਣੇ ।
- Download Babushahi App
-
-