ਪਿਆਰ, ਟਕਰਾਅ ਤੇ ਨਫ਼ਰਤ ਦੀ ਦਾਸਤਾਨ ‘ਕੱਲ੍ਹਾ ਨਾ ਹੋਵੇ ਪੁੱਤ ਜੱਟ ਦਾ’ ਦਾ ਟ੍ਰੇਲਰ ਰਿਲੀਜ਼
ਪਰਿਵਾਰਕ ਰਿਸ਼ਤਿਆਂ, ਲਾਲਚ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਉਜਾਗਰ ਕਰੇਗੀ ਪੰਜਾਬੀ ਫ਼ਿਲਮ - ਭੁੱਲਰ
ਫ਼ਿਰੋਜ਼ਪੁਰ, 8 ਅਗਸਤ 2026- ਪੰਜਾਬੀ ਫ਼ਿਲਮ ਜਗਤ ਵਿੱਚ ਇੱਕ ਨਵੀਂ ਕਹਾਣੀ ਅਤੇ ਸਮਾਜਿਕ ਸੰਦੇਸ਼ ਲੈ ਕੇ ਆ ਰਹੀ ਪੰਜਾਬੀ ਫ਼ਿਲਮ ‘ਕੱਲ੍ਹਾ ਨਾ ਹੋਵੇ ਪੁੱਤ ਜੱਟ ਦਾ’ ਦਾ ਟ੍ਰੇਲਰ ਅੱਜ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਫ਼ਿਲਮ ਦੀ ਸਟਾਰ ਕਾਸਟ ਅਤੇ ਸਮੁੱਚੀ ਟੀਮ ਵੱਲੋਂ ਰਿਲੀਜ਼ ਕੀਤਾ ਗਿਆ। ਟ੍ਰੇਲਰ ਰਿਲੀਜ਼ ਮੌਕੇ ਫ਼ਿਲਮ ਨਾਲ ਜੁੜੇ ਕਲਾਕਾਰਾਂ ਅਤੇ ਟੀਮ ਮੈਂਬਰਾਂ ਨੇ ਫ਼ਿਲਮ ਦੀ ਕਹਾਣੀ, ਪਾਤਰਾਂ ਅਤੇ ਇਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਫ਼ਿਲਮ ਦੀ ਸਟਾਰ ਕਾਸਟ ਵਿੱਚੋਂ ਹਰਿੰਦਰ ਭੁੱਲਰ, ਡਾ. ਸੁਰਜੀਤ ਸਿੱਧੂ, ਸਤਰਾਜ ਭੁੱਲਰ, ਸੰਮਾ ਸ਼ਮਸ਼ੇਰ, ਹਰਪ੍ਰੀਤ ਕੌਰ ਧਾਲੀਵਾਲ, ਗੁਰਪ੍ਰੀਤ ਸੰਧੂ, ਪਰਮਿੰਦਰ ਭੁੱਲਰ ਅਤੇ ਗੁਰਦਾਸ ਭੁੱਲਰ ਸਮੇਤ ਫ਼ਿਲਮ ਦੀ ਟੀਮ ਦੇ ਹੋਰ ਮੈਂਬਰ ਵੀ ਮੌਜੂਦ ਸਨ। ਟ੍ਰੇਲਰ ਨੂੰ ਦਰਸ਼ਕਾਂ ਅਤੇ ਮੀਡੀਆ ਨਾਲ ਸਾਂਝਾ ਕਰਦਿਆਂ ਫ਼ਿਲਮ ਦੀ ਟੀਮ ਨੇ ਕਿਹਾ ਕਿ ਇਹ ਫ਼ਿਲਮ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ, ਸਗੋਂ ਪਰਿਵਾਰਕ ਰਿਸ਼ਤਿਆਂ ਵਿੱਚ ਆ ਰਹੇ ਬਦਲਾਅ ਅਤੇ ਸਮਾਜਿਕ ਹਕੀਕਤਾਂ ਨੂੰ ਵੀ ਪਰਦੇ ’ਤੇ ਪੇਸ਼ ਕਰਨ ਦਾ ਯਤਨ ਹੈ।
ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਹਰਿੰਦਰ ਭੁੱਲਰ ਵੱਲੋਂ ਨਿਭਾਈ ਗਈ ਹੈ, ਜਦਕਿ ਫ਼ਿਲਮ ਦੀ ਨਿਰਮਾਤਾ ਨਵਪ੍ਰੀਤ ਕੌਰ ਭੁੱਲਰ ਹਨ। ਐਡੀਟਿੰਗ ਮਨਜੀਤ ਟੋਨੀ ਅਤੇ ਸੰਗੀਤ ਲੰਕੇਸ਼ ਕਮਲ ਵੱਲੋਂ ਤਿਆਰ ਕੀਤਾ ਗਿਆ ਹੈ। ਫ਼ਿਲਮ ਦੀ ਸਟਾਰ ਕਾਸਟ ਵੱਲੋਂ ਆਪਣੇ-ਆਪਣੇ ਕਿਰਦਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦਾ ਯਤਨ ਕੀਤਾ ਗਿਆ ਹੈ।
ਫ਼ਿਲਮ ਦੀ ਟੀਮ ਨੇ ਦੱਸਿਆ ਕਿ ਫ਼ਿਲਮ ਵਿੱਚ ਨਵੇਂ ਅਤੇ ਤਜਰਬੇਕਾਰ ਕਲਾਕਾਰਾਂ ਨੂੰ ਆਪਣੀ ਅਦਾਕਾਰੀ ਦਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ‘ਕੱਲ੍ਹਾ ਨਾ ਹੋਵੇ ਪੁੱਤ ਜੱਟ ਦਾ’ ਵਿੱਚ ਮਨੋਰੰਜਨ ਦੇ ਨਾਲ-ਨਾਲ ਭਾਵਨਾਤਮਕ ਪੱਖ ਨੂੰ ਵੀ ਮਜ਼ਬੂਤੀ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੀ ਟੀਮ ਨੂੰ ਉਮੀਦ ਹੈ ਕਿ ‘ਕੱਲ੍ਹਾ ਨਾ ਹੋਵੇ ਪੁੱਤ ਜੱਟ ਦਾ’ ਆਪਣੀ ਕਹਾਣੀ, ਅਦਾਕਾਰੀ ਅਤੇ ਸਮਾਜਿਕ ਸੰਦੇਸ਼ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਰਹੇਗੀ।
- Download Babushahi App
-
-