ਸ਼ਾਇਰ ਮਾਲਵਿੰਦਰ ਸਿੰਘ ਮਾਲੀ ਨੂੰ ਸਾਹਿਤਕ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ
ਅਸ਼ੋਕ ਵਰਮਾ
ਬਰਨਾਲਾ, 8 ਅਗਸਤ 2026 :
ਪੰਜਾਬੀ ਦੇ ਉੱਘੇ ਸ਼ਾਇਰ ਤੇ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਲੇਖਕ ਮਾਲਵਿੰਦਰ ਸਿੰਘ ਮਾਲੀ ਉਰਫ਼ ਮਾਲਵਿੰਦਰ ਸ਼ਾਇਰ ਨਮਿੱਤ ਉਨ੍ਹਾਂ ਦੇ ਜੱਦੀ ਪਿੰਡ ਨਾਈਵਾਲਾ (ਸ਼ੇਰ ਸਿੰਘ ਪੁਰਾ) ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ।
ਮਾਲਵਿੰਦਰ 'ਸ਼ਾਇਰ'(57) ਦਾ ਸੰਖੇਪ ਬਿਮਾਰੀ ਦੇ ਦੌਰਾਨ-ਏ- ਇਲਾਜ ਲੰਘੀ 29ਜੁਲਾਈ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਸੀ।
ਉਹ ਆਪਣੇ ਪਿੱਛੇ ਮਾਂ, ਧਰਮ-ਪਤਨੀ ਅਤੇ ਦੋ ਬੱਚਿਆਂ ਨੂੰ ਵਿਲਕਦਿਆਂ ਛੱਡ ਗਏ। ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਸਾਹਿਤਕ, ਸਮਾਜਿਕ, ਰਾਜਨੀਤਿਕ ਅਤੇ ਮੀਡੀਆ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਦੱਸਣਯੋਗ ਹੈ ਕਿ ਮਰਹੂਮ ਮਾਲਵਿੰਦਰ ਸ਼ਾਇਰ ਨੇ ਆਪਣੇ ਰਚਨਾਤਮਕ ਜੀਵਨ ਦੌਰਾਨ ਕਾਵਿ-ਸੰਗ੍ਰਹਿ, ਕਹਾਣੀਆਂ ਅਤੇ ਗ਼ਜ਼ਲਾਂ ਸਮੇਤ ਕੁੱਲ 10 ਪੁਸਤਕਾਂ ਦੀ ਰਚਨਾ ਕੀਤੀ। ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿੱਚ ਵੀ ਸੇਵਾਵਾਂ ਨਿਭਾਈਆਂ, ਉਹ 'ਰੋਜ਼ਾਨਾ ਸਪੋਕਸਮੈਨ' ਅਤੇ 'ਸੱਚ ਕਹੂੰ' ਵਰਗੇ ਅਖ਼ਬਾਰਾਂ ਨਾਲ ਜੁੜੇ ਰਹੇ।
ਸ਼ਰਧਾਂਜਲੀ ਸਮਾਗਮ ਦੀ ਸੰਚਾਲਨਾ ਕਰਦਿਆਂ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਮਾਲੀ ਦੀਆਂ ਸਭਾ ਦੇ ਬਤੌਰ ਸਕੱਤਰ ਦਿੱਤੀਆਂ ਬਿਹਤਰੀਨ ਸੇਵਾਵਾਂ ਨੂੰ ਚੇਤੇ ਕੀਤਾ ਤੇ ਕਿਹਾ ਕਿਹਾ ਕਿ ਮਾਲਵਿੰਦਰ ਸ਼ਾਇਰ ਦੇ ਅਚਾਨਕ ਵਿਛੋੜੇ ਨਾਲ ਨਾ ਸਿਰਫ਼ ਪਰਿਵਾਰ ਤੇ ਸਭਾ ਨੂੰ ਬਲਕਿ ਪੰਜਾਬੀ ਸਾਹਿਤ ਨੂੰ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਪਰਿਵਾਰ ਵੱਲੋਂ ਸਭ ਆਇਆਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ (ਪੰਜਾਬ ਇਕਾਈ), ਮਾਲਵਾ ਸਾਹਿਤ ਸਭਾ ਬਰਨਾਲਾ, ਸਿਰਜਣਾ ਅਤੇ ਸੰਵਾਦ ਸਾਹਿਤ ਸਭਾ, ਜਮਹੂਰੀਅਤ ਅਧਿਕਾਰ ਸਭਾ ਪੰਜਾਬ, ਸਰਕਾਰੀ ਹਾਈ ਸਕੂਲ ਨਾਈਵਾਲਾ, ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ, ਪੰਜਾਬੀ ਸਾਹਿਤ ਸਭਾ ਬਰਨਾਲਾ ਅਤੇ ਲੇਖਕ ਪਾਠਕ ਸਾਹਿਤ ਸਭਾ ਵੱਲੋਂ ਸ਼ੋਕ ਮਤੇ ਵੀ ਪੁੱਜੇ।
ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਤੇ ਕਹਾਣੀਕਾਰ ਪਵਨ ਪਰਿੰਦਾ, ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਗਵਰਨਿੰਗ ਕੌਂਸਲ ਮੈਂਬਰ ਬੂਟਾ ਸਿੰਘ ਚੌਹਾਨ, ਬਜ਼ੁਰਗ ਕਵੀ ਸੁਰਜੀਤ ਦਿਹੜ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਪਰਸ਼ੋਤਮ ਬੱਲੀ, ਇਕਬਾਲ ਕੌਰ ਉਦਾਸੀ, ਡਾ.ਸੰਪੂਰਨ ਸਿੰਘ ਟੱਲੇਵਾਲੀਆ, ਤਰਸਪਾਲ ਕੌਰ, ਤੇਜਿੰਦਰ ਚੰਡਿਹੋਕ, ਐੱਸ ਐੱਸ ਗਿੱਲ, ਜਗਤਾਰ ਸਿੰਘ ਬੈਂਸ, ਮਮਤਾ ਸੇਤੀਆ, ਰਾਮ ਸਰੂਪ ਸ਼ਰਮਾ, ਜਗਤਾਰ ਜਜ਼ੀਰਾ, ਭੁਪਿੰਦਰ ਸਿੰਘ ਬੇਦੀ, ਤਰਸੇਮ, ਪੱਤਰਕਾਰ ਗੁਰਜੀਤ ਸਿੰਘ ਖੁੱਡੀ, ਅੰਜਨਾ ਮੈਨਨ, ਹਾਕਮ ਸਿੰਘ ਨੂਰ, ਜ਼ੋਰਾ ਸਿੰਘ ਖ਼ਿਆਲੀ, ਸੋਹਣ ਸਿੰਘ ਮਾਝੀ, ਜ਼ਿਲ੍ਹਾ ਭਾਸ਼ਾ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ, ਜਥੇਦਾਰ ਨਾਥ ਸਿੰਘ ਹਮੀਦੀ, ਮਨਦੀਪ ਸ਼ਹਿਣਾ, ਮੋਤਾ ਸਿੰਘ ਨਾਈਵਾਲਾ, ਬੀਰਪਾਲ ਕੌਰ ਹੰਡਿਆਇਆ, ਲਛਮਣ ਦਾਸ ਮੁਸਾਫ਼ਰ, ਰਘਵੀਰ ਸਿੰਘ ਗਿੱਲ ਕੱਟੂ, ਗਮਦੂਰ ਸਿੰਘ ਰੰਗੀਲਾ, ਭੋਲਾ ਸਿੰਘ ਸੰਘੇੜਾ, ਡਾ. ਹਰਭਗਵਾਨ ਸਿੰਘ, ਰਾਜਿੰਦਰ ਕੁਮਾਰ ਸ਼ੌਕੀ ਤੇ ਰਾਜਿੰਦਰ ਸ਼ਰਮਾ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।
- Download Babushahi App
-
-