ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅਸ਼ੋਕ ਕੁਮਾਰ ਦਾ ਮ੍ਰਿਤਕ ਸਰੀਰ ਗਰੀਸ ਤੋਂ ਭਾਰਤ ਪਹੁੰਚਿਆ
ਬੀਤੀ 22 ਜੁਲਾਈ ਨੂੰ ਹਾਰਟ ਅਟੈਕ ਨਾਲ ਹੋਈ ਸੀ ਮੌਤ
ਡਾ.ਓਬਰਾਏ ਨੇ ਹੁਣ ਤੱਕ 475 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ
ਅੰਮ੍ਰਿਤਸਰ , 8 ਅਗਸਤ - ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਜਲੰਧਰ ਨਾਲ ਸਬੰਧਿਤ 55 ਸਾਲਾ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਰਾਮ ਦਾ ਮ੍ਰਿਤਕ ਸਰੀਰ ਗਰੀਸ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਅਸ਼ੋਕ ਕੁਮਾਰ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਬ 30 ਸਾਲ ਪਹਿਲਾਂ ਗਰੀਸ ਗਿਆ ਸੀ ਕਿ ਬੀਤੀ 22 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਕੁਝ ਦਿਨ ਪਹਿਲਾਂ ਅਸ਼ੋਕ ਕੁਮਾਰ ਦੀ ਪਤਨੀ ਰੇਖਾ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਉਸਦੇ ਪਤੀ ਦੀ ਗਰੀਸ ਵਿੱਚ ਮੌਤ ਹੋ ਗਈ ਹੈ ਅਤੇ ਗਰੀਸ ਤੋਂ ਕੋਈ ਅਣਜਾਣ ਵਿਅਕਤੀ ਉਨ੍ਹਾਂ ਨੂੰ ਟੈਲੀਫੋਨ ਕਰ ਕੇ ਪੰਜ ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਜੇਕਰ ਤੁਸੀਂ ਤੁਰੰਤ ਪੈਸੇ ਨਾ ਭੇਜੇ ਤਾਂ ਅਸ਼ੋਕ ਕੁਮਾਰ ਨੂੰ ਲਵਾਰਿਸ ਕਰਾਰ ਦਿੰਦਿਆਂ ਉਸ ਦਾ ਗਰੀਸ 'ਚ ਹੀ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਨੇ ਰੋਂਦਿਆਂ ਦੱਸਿਆ ਕਿ ਅਸੀਂ ਬਹੁਤ ਹੀ ਗਰੀਬ ਹਾਂ ਅਤੇ ਇਹ ਰਕਮ ਨਹੀਂ ਦੇ ਸਕਦੇ। ਜਿਸ ਤੇ ਉਨ੍ਹਾਂ ਗਰੀਸ ਦੇ ਐਥਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਦੇ ਪ੍ਰਧਾਨ ਦਲਜੀਤ ਸਿੰਘ ਜੋ ਟਰੱਸਟ ਦੇ ਵੀ ਮੈਂਬਰ ਹਨ,ਨਾਲ ਰਾਬਤਾ ਕਰ ਕੇ ਉਕਤ ਮਸਲਾ ਹੱਲ ਕਰਵਾਉਣ ਤੋਂ ਬਾਅਦ ਅੱਜ ਅਸ਼ੋਕ ਕੁਮਾਰ ਦਾ ਮਿਤ੍ਰਕ ਸਰੀਰ ਅੰਮ੍ਰਿਤਸਰ ਵਿਖੇ ਭੇਜਿਆ ਹੈ। ਜਿਸ ਉਪਰੰਤ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਮਨਪ੍ਰੀਤ ਸਿੰਘ ਸੰਧੂ ਦੀ ਦੇਖ-ਰੇਖ 'ਚ ਟਰੱਸਟ ਦੀ ਮੁਫ਼ਤ ਐਂਬੂਲੈਂਸ ਰਾਹੀਂ ਹਵਾਈ ਅੱਡੇ ਤੋਂ ਅਸ਼ੋਕ ਕੁਮਾਰ ਦੇ ਮ੍ਰਿਤਕ ਸਰੀਰ ਨੂੰ ਉਸਦੇ ਘਰ ਤੱਕ ਵੀ ਪਹੁੰਚਾਇਆ ਗਿਆ ਹੈ। ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਅਸ਼ੋਕ ਕੁਮਾਰ ਤੇ ਮ੍ਰਿਤਕ ਸਰੀਰ ਨੂੰ ਭੇਜਣ ਦਾ ਆ ਖਰਚ ਉਸ ਦੇ ਨਾਲ ਕੰਮ ਕਰਨ ਵਾਲੇ ਉਸਦੇ ਸਾਥੀਆਂ ਅਤੇ ਗਰੀਸ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 475 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਸ ਦੌਰਾਨ ਹਵਾਈ ਅੱਡੇ ਤੇ ਮ੍ਰਿਤਕ ਦੇਹ ਲੈਣ ਪਹੁੰਚੇ ਅਸ਼ੋਕ ਕੁਮਾਰ ਦੇ ਭਰਾ ਕਾਲਾ ਅਤੇ ਬੇਟੇ ਵਿਵੇਕ ਕੁਮਾਰ ਤੋਂ ਇਲਾਵਾ ਪਤਨੀ ਰੇਖਾ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੀ ਬਦੌਲਤ ਹੀ ਪਰਿਵਾਰ ਨੂੰ ਅਸ਼ੋਕ ਕੁਮਾਰ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।
- Download Babushahi App
-
-