ਬਟਾਲਾ ਗ੍ਰਨੇਡ ਹਮਲੇ ’ਚ ਸ਼ਾਮਲ ਅੱਤਵਾਦੀ ਮਾਡਿਊਲ ਦਾ ਕਾਰਕੁੰਨ ਗ੍ਰਿਫਤਾਰ
ਪੁਰਤਗਾਲ ਅਧਾਰਤ ਬੀਕੇਆਈ ਮਾਸਟਰਮਾਈਂਡ ਵੱਲੋਂ ਚਲਾਇਆ ਜਾ ਰਿਹਾ ਸੀ ਅੱਤਵਾਦੀ ਮਾਡਿਊਲ: ਡੀਜੀਪੀ ਗੌਰਵ ਯਾਦਵ
ਰੋਹਿਤ ਗੁਪਤਾ
ਬਟਾਲਾ, 8 ਅਗਸਤ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਬਟਾਲਾ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਦਰਜ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਨੇ ਬਟਾਲਾ ਪੁਲਿਸ ਨਾਲ ਸਾਂਝੇ ਖੁਫੀਆ ਆਪ੍ਰੇਸ਼ਨ ਤਹਿਤ ਉਕਤ ਗ੍ਰਨੇਡ ਹਮਲੇ ਵਿੱਚ ਸ਼ਾਮਲ ਤੀਜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕਰਨਜੀਤ ਸਿੰਘ ਉਰਫ਼ ਬੱਚਾ ਵਾਸੀ ਮੁਰਗੀ ਮੁਹੱਲਾ, ਬਟਾਲਾ ਵਜੋਂ ਹੋਈ ਹੈ।
ਇਹ ਕਾਰਵਾਈ, 1 ਅਗਸਤ, 2026 ਨੂੰ ਬਟਾਲਾ ਵਿਖੇ ਪੁਲਿਸ ਚੌਂਕੀ ਅਰਬਨ ਅਸਟੇਟ ’ਤੇ ਹੋਏ ਗ੍ਰਨੇਡ ਹਮਲੇ ਵਿੱਚ ਸ਼ਾਮਲ ਦੋ ਮੁਲਜ਼ਮਾਂ- ਰਾਜਨ ਉਰਫ਼ ਗੁੱਲੂ ਅਤੇ ਇੱਕ ਨਾਬਾਲਗ, ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨਾਂ ਬਾਅਦ ਸਾਹਮਣੇ ਆਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਕਰਨਜੀਤ ਉਰਫ਼ ਬੱਚਾ ਪੁਰਤਗਾਲ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮਾਸਟਰਮਾਈਂਡ ਵੱਲੋਂ ਚਲਾਏ ਜਾ ਰਹੇ ਆਈਐਸਆਈ-ਸਮਰਥਿਤ ਅੱਤਵਾਦੀ ਮਾਡਿਊਲ ਦਾ ਕਾਰਕੁੰਨ ਹੈ।
ਵਾਰਦਾਤ ਤੋਂ ਬਾਅਦ, ਦੋਸ਼ੀ ਰੂਹਪੋਸ਼ ਹੋ ਗਿਆ ਸੀ ਅਤੇ ਕਥਿਤ ਤੌਰ ’ਤੇ ਰਾਜ ਭਰ ਵਿੱਚ ਪੁਲਿਸ ਅਦਾਰਿਆਂ ’ਤੇ ਅਜਿਹੇ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੀ ਵਰਤੋਂ ਕਰਦਿਆਂ ਪੁਲਿਸ ਟੀਮਾਂ ਨੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ।
ਡੀਜੀਪੀ ਨੇ ਕਿਹਾ ਕਿ ਪੂਰੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ, ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਸਹਾਇਤਾ ਨੈੱਟਵਰਕਾਂ ਦੀ ਪਛਾਣ ਕਰਨ ਅਤੇ ਸਾਜ਼ਿਸ਼ ਵਿੱਚ ਸ਼ਾਮਲ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧ ਵਿੱਚ ਐਫਆਈਆਰ ਨੰਬਰ 239 ਮਿਤੀ 01.08.2026 ਨੂੰ ਬੀਐਨਐਸ ਦੀ ਧਾਰਾ 109 ਅਤੇ 324(4) ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਦੇ ਤਹਿਤ ਪਹਿਲਾਂ ਹੀ ਬਟਾਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਜਾ ਚੁੱਕਾ ਹੈ।
- Download Babushahi App
-
-