ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਜਾਂਚ ਕੈਂਪ ਲੱਗਾ
ਬੰਗਾ 6 ਅਗਸਤ 2026- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਫੈਟੀ ਲਿਵਰ ਅਤੇ ਇਸ ਨਾਲ ਸਬੰਧਿਤ ਹੋਰ ਬਿਮਾਰੀ ਤੋਂ ਜਾਗਰੂਕ ਕਰਨ ਲਈ ਫਰੀ ਜਾਂਚ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੱਜ ਫਰੀ ਫਾਈਬਰੋ ਸਕੈਨ ਕੈਂਪ ਲਗਾਇਆ ਗਿਆ, ਜਿਸ ਦਾ 191 ਮਰੀਜ਼ਾਂ ਨੇ ਮੁਫ਼ਤ ਜਾਂਚ ਕਰਵਾ ਕੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਫਰੀ ਫਾਈਬਰੋ ਸਕੈਨ ਕੈਂਪ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਕੱਲ੍ਹ ਫੈਟੀ ਲੀਵਰ ਦੀ ਸਮੱਸਿਆ ਲੋਕਾਂ ਵਿਚ ਤੇਜ਼ੀ ਨਾਲ ਵੱਧ ਰਹੀ ਹੈ । ਉਨ੍ਹਾਂ ਦੱਸਿਆ ਕਿ ਹਸਪਤਾਲ ਵੱਲੋਂ ਫਰੀ ਕੈਂਪ ਲਗਾਉਣ ਦਾ ਮਕਸਦ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਪਛਾਣ ਕਰਕੇ ਗੰਭੀਰ ਰੋਗਾਂ ਤੋਂ ਬਚਾਅ ਕਰਨਾ ਹੈ । ਇਹ ਕੈਂਪ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ।
ਇਸ ਮੌਕੇ ਡਾ. ਵਿਵੇਕ ਗੁੰਬਰ ਨੇ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਲਿਵਰ ਦੀ ਤੰਦਰੁਸਤੀ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੈਟੀ ਲਿਵਰ ਦਾ ਮੁੱਖ ਕਾਰਨ ਗਲਤ ਖਾਣ-ਪੀਣ ਦੀਆਂ ਆਦਤਾਂ, ਮੋਟਾਪਾ, ਸ਼ੂਗਰ, ਕਸਰਤ ਦੀ ਕਮੀ ਅਤੇ ਜੀਵਨ ਸ਼ੈਲੀ ਵਿੱਚ ਆਏ ਬਦਲਾਅ ਹਨ । ਉਨ੍ਹਾਂ ਮਰੀਜ਼ਾਂ ਨੂੰ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਭਾਰ ਕੰਟਰੋਲ ਵਿੱਚ ਰੱਖਣ ਦੀ ਸਲਾਹ ਦਿੱਤੀ । ਮਰੀਜ਼ਾਂ ਨੇ ਹਸਪਤਾਲ ਪ੍ਰਬੰਧਕਾਂ ਵੱਲੋਂ ਮੁਫ਼ਤ ਕੈਂਪ ਲਗਾਉਣ ਦੇ ਕਾਰਜ ਅਤੇ ਡਾ. ਵਿਵੇਕ ਗੁੰਬਰ ਵੱਲੋਂ ਦਿੱਤੀ ਮਿਆਰੀ ਮੈਡੀਕਲ ਸਲਾਹ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਜੋਤੀ ਰਾਣੀ ਉ.ਪੀ.ਡੀ. ਇੰਚਾਰਜ, ਰਣਜੀਤ ਸਿੰਘ ਸੁਰੱਖਿਆ ਇੰਚਾਰਜ ਅਤੇ ਜੋਗਾ ਰਾਮ ਹਾਊਸ ਕੀਪਿੰਗ ਇੰਚਾਰਜ ਵੀ ਹਾਜ਼ਰ ਸਨ।
- Download Babushahi App
-
-