ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਵੱਲੋਂ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ, 6 ਅਗਸਤ ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਸਟੇਟ ਵੱਲੋਂ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਦੇ ਦੂਜੇ ਦਿਨ ਵੱਖ-ਵੱਖ ਸਿਖਲਾਈ ਗਤੀਵਿਧੀਆਂ ਬੜੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਈਆਂ ਗਈਆਂ।
ਇਸ ਟ੍ਰੇਨਿੰਗ ਕੈਂਪ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ, ਸਰਕਾਰੀ ਹਾਈ ਸਕੂਲਾਂ ਅਤੇ ਸਰਕਾਰੀ ਮਿਡਲ ਸਕੂਲਾਂ ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਕਾਊਟਸ ਐਂਡ ਗਾਈਡਜ਼ ਨਾਲ ਸਬੰਧਤ ਵਿਹਾਰਕ ਹੁਨਰਾਂ, ਲੀਡਰਸ਼ਿਪ, ਅਨੁਸ਼ਾਸਨ, ਸੇਵਾ ਭਾਵਨਾ ਅਤੇ ਵਿਅਕਤੀਗਤ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ ਦੀ ਸਿਖਲਾਈ ਹਾਸਲ ਕੀਤੀ।
ਅੱਜ ਦੇ ਟ੍ਰੇਨਿੰਗ ਸੈਸ਼ਨ ਵਿੱਚ ਜ਼ਿਲ੍ਹਾ ਗਾਈਡੈਂਸ ਕੌਂਸਲਰ ਗੁਰਦਾਸਪੁਰ ਮੁਕੇਸ਼ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਕਾਊਟਸ ਐਂਡ ਗਾਈਡਜ਼ ਇੱਕ ਅਜਿਹੀ ਵਿਸ਼ਵ ਪੱਧਰੀ ਲਹਿਰ ਹੈ ਜੋ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ, ਸਵੈ-ਨਿਰਭਰਤਾ, ਟੀਮ ਵਰਕ, ਸਮਾਜ ਸੇਵਾ ਦੀ ਭਾਵਨਾ ਅਤੇ ਚੁਣੌਤੀਪੂਰਨ ਸਥਿਤੀਆਂ ਦਾ ਡਟ ਕੇ ਸਾਹਮਣਾ ਕਰਨ ਦੀ ਯੋਗਤਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿੱਚ ਸਕਾਊਟਿੰਗ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ, ਅਨੁਸ਼ਾਸਿਤ ਅਤੇ ਆਦਰਸ਼ ਨਾਗਰਿਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਕੂਲਾਂ ਵਿੱਚ ਸਕਾਊਟਸ ਐਂਡ ਗਾਈਡਜ਼ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਲਹਿਰ ਨਾਲ ਜੋੜਨ।
ਟ੍ਰੇਨਿੰਗ ਦੇ ਦੂਜੇ ਦਿਨ ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਦੇ ਸਟੇਟ ਸਕੱਤਰ ਸ੍ਰੀ ਨਿਤਿਨ ਚੌਧਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਕਾਊਟਸ ਐਂਡ ਗਾਈਡਜ਼ ਦੀ ਸਿਖਲਾਈ ਵਿਦਿਆਰਥੀਆਂ ਵਿੱਚ ਜੀਵਨ ਕੌਸ਼ਲਾਂ, ਅਨੁਸ਼ਾਸਨ, ਸੇਵਾ ਭਾਵਨਾ, ਲੀਡਰਸ਼ਿਪ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ।
ਇਸ ਮੌਕੇ ਸਟੇਟ ਕੋਆਰਡੀਨੇਟਰ ਅਤੇ ਨੋਡਲ ਅਫ਼ਸਰ ਹਰਦੀਪ ਸਿੰਘ ਸੈਣੀ ਨੇ ਕਿਹਾ ਕਿ ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਦਾ ਉਦੇਸ਼ ਸੂਬੇ ਦੇ ਹਰ ਸਕੂਲ ਤੱਕ ਸਕਾਊਟਿੰਗ ਦੀਆਂ ਗਤੀਵਿਧੀਆਂ ਨੂੰ ਪਹੁੰਚਾਉਣਾ ਹੈ।
ਟ੍ਰੇਨਿੰਗ ਦੌਰਾਨ ਮਾਹਿਰ ਟ੍ਰੇਨਰਾਂ ਵੱਲੋਂ ਅਧਿਆਪਕਾਂ ਨੂੰ ਸਕਾਊਟਸ ਐਂਡ ਗਾਈਡਜ਼ ਦੇ ਸਿਧਾਂਤਾਂ, ਕੈਂਪ ਪ੍ਰਬੰਧਨ, ਟੀਮ ਬਿਲਡਿੰਗ, ਲੀਡਰਸ਼ਿਪ ਵਿਕਾਸ, ਐਮਰਜੈਂਸੀ ਸਥਿਤੀਆਂ ਵਿੱਚ ਸਹਾਇਤਾ, ਸਮਾਜ ਸੇਵਾ ਅਤੇ ਵਿਹਾਰਕ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।
ਇਸ ਮੌਕੇ ਅਨਾਮਿਕਾ, ਪਰਵਿੰਦਰ ਕੌਰ, ਦਿਲਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਵੀ ਟ੍ਰੇਨਿੰਗ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਵੱਖ-ਵੱਖ ਸੈਸ਼ਨਾਂ ਦੌਰਾਨ ਸਹਿਯੋਗ ਪ੍ਰਦਾਨ ਕੀਤਾ। ਉਨ੍ਹਾਂ ਨੇ ਅਧਿਆਪਕਾਂ ਨੂੰ ਸਕਾਊਟਸ ਐਂਡ ਗਾਈਡਜ਼ ਦੀਆਂ ਗਤੀਵਿਧੀਆਂ ਨੂੰ ਸਕੂਲ ਪੱਧਰ 'ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰੇਰਿਤ ਕੀਤਾ।
ਭਾਗ ਲੈਣ ਵਾਲੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਸਾਰੇ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਟ੍ਰੇਨਿੰਗ ਕੈਂਪ ਸਕੂਲਾਂ ਵਿੱਚ ਸਕਾਊਟਸ ਐਂਡ ਗਾਈਡਜ਼ ਦੀਆਂ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਦੇਣ ਵਿੱਚ ਬਹੁਤ ਸਹਾਇਕ ਸਾਬਤ ਹੋਣਗੇ।
- Download Babushahi App
-
-