ਪੰਜਾਬੀ ਯੂਨੀਵਰਸਿਟੀ ਅਤੇ 'ਚੱਕਰਾ ਸਟ੍ਰੈਟਜਿਕ ਫੋਰਮ' ਦਰਮਿਆਨ ਹੋਇਆ ਇਕਰਾਰਨਾਮਾ
ਰਾਸ਼ਟਰੀ ਸੁਰੱਖਿਆ ਨਾਲ਼ ਜੁੜੇ ਭਵਿੱਖੀ ਮੁੱਦਿਆਂ ਅਤੇ ਚੁਣੌਤੀਆਂ ਨੂੰ ਸਮਝਣ ਲਈ ਅਜਿਹੇ ਅਕਾਦਮਿਕ ਸਮਝੌਤੇ ਬਹੁਤ ਜ਼ਰੂਰੀ: ਡਾ. ਜਗਦੀਪ ਸਿੰਘ
ਪਟਿਆਲਾ, 23 ਜੁਲਾਈ
ਪੰਜਾਬੀ ਯੂਨੀਵਰਸਿਟੀ ਵੱਲੋਂ 'ਚੱਕਰਾ ਸਟ੍ਰੈਟਜਿਕ ਫੋਰਮ' ਨਾਲ਼ ਇੱਕ ਅਹਿਮ ਇਕਰਾਰਨਾਮਾ ਕੀਤਾ ਗਿਆ ਹੈ। ਇਹ ਇਕਰਾਰਨਾਮਾ ਯੂਨੀਵਰਸਿਟੀ ਦੇ ਸੁਰੱਖਿਆ ਅਤੇ ਯੁੱਧ ਨੀਤੀ ਅਧਿਐਨ ਵਿਭਾਗ ਰਾਹੀਂ ਕੀਤਾ ਗਿਆ।
ਇਸ ਮੌਕੇ ਰੱਖੇ ਗਏ ਸਮਾਗਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ।
ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਇਕਰਾਰਨਾਮਾ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰਾਸ਼ਟਰੀ ਸੁਰੱਖਿਆ, ਰਣਨੀਤਕ ਅਧਿਐਨ ਅਤੇ ਯੁੱਧ ਨੀਤੀ ਵਰਗੇ ਅਹਿਮ ਵਿਸ਼ਿਆਂ ਬਾਰੇ ਗਹਿਰੀ ਸਮਝ ਪ੍ਰਾਪਤ ਕਰਨ ਲਈ ਇੱਕ ਵਧੀਆ ਮੰਚ ਸਾਬਤ ਹੋਵੇਗਾ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਾਂਝ ਨਾਲ਼ ਅਕਾਦਮਿਕ ਖੇਤਰ ਅਤੇ ਰਣਨੀਤਕ ਵਿਚਾਰਧਾਰਾ ਵਿਚਕਾਰ ਸੁਖਾਵਾਂ ਸੁਮੇਲ ਬਣੇਗਾ, ਜਿਸ ਨਾਲ ਖੋਜ ਕਾਰਜਾਂ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਸ਼ੇਸ਼ ਲੈਕਚਰ, ਵੈਬੀਨਾਰ, ਸੈਮੀਨਾਰ ਅਤੇ ਵਰਕਸ਼ਾਪਾਂ ਰਾਹੀਂ ਖੇਤਰ ਦੇ ਮਾਹਰਾਂ ਨਾਲ਼ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ਼ ਜੁੜੇ ਭਵਿੱਖੀ ਮੁੱਦਿਆਂ ਅਤੇ ਚੁਣੌਤੀਆਂ ਨੂੰ ਸਮਝਣ ਲਈ ਅਜਿਹੇ ਅਕਾਦਮਿਕ ਸਮਝੌਤੇ ਬਹੁਤ ਜ਼ਰੂਰੀ ਹਨ।
ਚੱਕਰਾ ਸਟ੍ਰੈਟਜਿਕ ਫੋਰਮ ਦੇ ਡਾਇਰੈਕਟਰ ਮੇਜਰ ਜਨਰਲ ਨੀਰਜ ਬਾਲੀ,ਐੱਸ.ਐਮ. (ਰਿਟਾ.) ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਾਲ਼ ਕੀਤਾ ਗਿਆ ਇਹ ਇਕਰਾਰਨਾਮਾ ਅਕਾਦਮਿਕ ਖੇਤਰ ਅਤੇ ਰਣਨੀਤਕ ਵਿਚਾਰ ਪਲੇਟਫਾਰਮਾਂ ਵਿਚਕਾਰ ਦੀ ਦੂਰੀ ਨੂੰ ਮਿਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਭਾਈਵਾਲੀ ਦਾ ਮੁੱਖ ਮਕਸਦ ਸੁਰੱਖਿਆ, ਰਣਨੀਤਕ ਅਧਿਐਨ ਅਤੇ ਕੂਟਨੀਤੀ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਉੱਤੇ ਗੰਭੀਰ ਬਹਿਸ ਅਤੇ ਉੱਚ ਪੱਧਰੀ ਖੋਜ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਸਮਝੌਤੇ ਦੇ ਮੁੱਖ ਉਦੇਸ਼ਾਂ 'ਤੇ ਚਾਨਣਾ ਪਾਉਂਦਿਆਂ, ਸੁਰੱਖਿਆ ਅਤੇ ਯੁੱਧ ਨੀਤੀ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਕਮਲ ਕਿੰਗਰ ਨੇ ਦੱਸਿਆ ਕਿ ਇਹ ਸਾਂਝਦਾਰੀ ਸਾਂਝੇ ਸੈਮੀਨਾਰ, ਕਾਨਫਰੰਸਾਂ, ਵਰਕਸ਼ਾਪਾਂ, ਖੋਜ ਪ੍ਰੋਜੈਕਟਾਂ, ਪ੍ਰਕਾਸ਼ਨਾਂ ਅਤੇ ਸਮਰੱਥਾ ਨਿਰਮਾਣ ਦੇ ਉਪਰਾਲਿਆਂ ਨੂੰ ਉਤਸ਼ਾਹਿਤ ਕਰੇਗੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰਣਨੀਤਕ ਅਧਿਐਨ ਦੇ ਪ੍ਰਮੁੱਖ ਮਾਹਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਇੱਕ ਵਧੀਆ ਮੰਚ ਮਿਲੇਗਾ।
ਸਮਾਗਮ ਦੇ ਅੰਤ ਵਿੱਚ ਡਾਇਰੈਕਟਰ ਯੋਜਨਾ ਅਤੇ ਨਿਰੀਖਣ, ਪ੍ਰੋ. ਸੁਖਜੀਤ ਰਾਨਾਡੇ ਵੱਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਪ੍ਰੋ. ਦੇਵਿੰਦਰ ਪਾਲ ਸਿੰਘ ਤੋਂ ਇਲਾਵਾ ਕਰਨਲ ਅਮਿਤ ਵਿਜ (ਰਿਟਾ.) ਅਤੇ ਕਰਨਲ ਪੰਨੂ ਆਦਿ ਵੀ ਹਾਜ਼ਰ ਸਨ।
- Download Babushahi App
-
-