Crime Special ਬਠਿੰਡਾ ਪੁਲਿਸ ਨੇ ਇੱਕ ਕਿੱਲੋ ਚਿੱਟੇ ਸਮੇਤ ਦਬੋਚੇ ਤਿੰਨ ਚੋਬਰ ਨਸ਼ਾ ਤਸਕਰ
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ 2026 : ਬਠਿੰਡਾ ਪੁਲਿਸ ਨੇ ਹਾਨੀਕਾਰਕ ਮੰਨੇ ਜਾਂਦੇ ਇੱਕ ਕਿੱਲੋਂ ਚਿੱਟੇ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਿੰਨ੍ਹਾਂ ਦੀ ਉਮਰ ਸਿਰਫ 20 ਤੋਂ 27 ਸਾਲ ਦੇ ਵਿਚਕਾਰ ਦੱਸੀ ਗਈ ਹੈ। ਪੁਲਿਸ ਨੇ ਆਪਣੀ ਇਸ ਕਾਰਵਾਈ ਦੌਰਾਨ ਇੱਕ ਸਪਲੈਂਡਰ ਮੋਟਰਸਾਈਕਲ ਵੀ ਕਬਜੇ ’ਚ ਲਿਆ ਹੈ ਜਿਸ ਨੂੰ ਨਸ਼ਾ ਤਸਕਰੀ ਲਈ ਵਰਤਿਆ ਗਿਆ ਸੀ। ਮੁਲਜਮਾਂ ਦੀ ਪਛਾਣ ਪਰਵਿੰਦਰ ਕੁਮਾਰ ਉਰਫ ਸਿੰਘਾ ਪੁੱਤਰ ਪੱਪੂ ਵਾਸੀ ਕਲਗੀਧਰ ਕਲੋਨੀ ਰਾਮਪੁਰਾ ਮੰਡੀ ਉਮਰ ਕਰੀਬ 20 ਸਾਲ , ਮਨਪ੍ਰੀਤ ਸਿੰਘ ਪੁੱਤਰ ਸ਼ੁੱਧ ਸਿੰਘ ਉਮਰ ਕਰੀਬ 27 ਸਾਲ ਅਤੇ ਸਰਬਜੀਤ ਸਿੰਘ ਪੁੱਤਰ ਬਲਬੀਰ ਸਿੰਘ ਉਮਰ ਕਰੀਬ 26 ਸਾਲ ਵਾਸੀਅਨ ਲਹਿਰਾ ਮੁਹੱਬਤ ਵਜੋਂ ਕੀਤੀ ਗਈ ਹੈ। ਐਸਪੀ ਜਸਮੀਤ ਸਿੰਘ ਸਾਹੀਂਵਾਲ ਨੇ ਪੱਤਰਕਾਰਾਂ ਕੋਲ ਥਾਣਾ ਸਿਟੀ ਰਾਮਪੁਰਾ ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਕੀਤਾ ਹੈ।
ਐਸਪੀ ਨੇ ਦੱਸਿਆ ਕਿ ਥਾਣਾ ਸਿਟੀ ਰਾਮਪੁਰਾ ਪੁਲਿਸ ਸ਼ੱਕੀ ਵਿਅਕਤੀਆਂ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਪੁਲਿਸ ਪਾਰਟੀ ਨੂੰ ਇੱਕ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਆਉਂਦੇ ਦਿਖਾਈ ਦਿੱਤੇ। ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇੱਕ ਕਿਲੋ ਗਰਾਮ ਚਿੱਟਾ ਬਰਾਮਦ ਕੀਤਾ ਗਿਆ। ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਐਸਪੀ ਨੇ ਦੱਸਿਆ ਕਿ ਮੁਲਜਮਾਂ ਦਾ ਅਦਾਲਤ ਚੋਂ ਰਿਮਾਂਡ ਹਾਸਲ ਕੀਤਾ ਜਾਏਗਾ ਜਿਸ ਦੌਰਾਨ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਹ ਵੀ ਪਤਾ ਲਾਇਆ ਜਾਏਗਾ ਕਿ ਇਹ ਚਿੱਟਾ ਉਹ ਕਿਸ ਤੋਂ ਲਿਆਏ ਸਨ ਅਤੇ ਅੱਗੇ ਕਿਸ ਨੂੰ ਵੇਚਿਆ ਜਾਣਾ ਸੀ। ਪੁਲਿਸ ਅਨੁਸਾਰ ਮੁਲਜਮ ਮਨਪ੍ਰੀਤ ਸਿੰਘ ਡੀਜੇ ਚਲਾਉਂਦਾ ਹੈ ਜਿਸ ਖਿਲਾਫ ਨਸ਼ਾ ਤਸਕਰੀ ਦਾ ਇੱਕ ਮੁਕੱਦਮਾ ਦਰਜ ਹੈ ਜਦੋਂਕਿ ਹੇਅਰ ਡਰੈਸਰ ਪਰਵਿੰਦਰ ਅਤੇ ਦਿਹਾੜੀਦਾਰ ਸਰਬਜੀਤ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
- Download Babushahi App
-
-