ਹੁਣ ਕੈਨੇਡਾ ਦੂਰ ਨਹੀਂ... ਦਿੱਲੀ ਤੋਂ ਚੱਲਣਗੀਆਂ ਨਾਨ ਸਟਾਪ ਫਲਾਈਟਾਂ- ਘਟੇਗਾ ਸਫ਼ਰ ਦਾ ਸਮਾਂ
ਨਵੀਂ ਦਿੱਲੀ, 23 ਜੁਲਾਈ 2026- ਦਿੱਲੀ ਤੋਂ ਕੈਨੇਡਾ ਦੇ ਟੋਰਾਂਟੋ ਜਾਣ ਵਾਲੇ ਹਵਾਈ ਯਾਤਰੀਆਂ ਲਈ ਇੱਕ ਬਹੁਤ ਹੀ ਖ਼ੁਸ਼ਖ਼ਬਰੀ ਹੈ। ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ 1 ਅਗਸਤ 2026 ਤੋਂ ਦਿੱਲੀ-ਟੋਰਾਂਟੋ ਫਲਾਈਟ ਹੁਣ ਆਸਟਰੀਆ ਦੇ ਵੀਆਨਾ (Vienna) ਸ਼ਹਿਰ ਵਿੱਚ ਈਂਧਨ ਭਰਨ ਲਈ ਨਹੀਂ ਰੁਕੇਗੀ। ਹੁਣ ਇਹ ਉਡਾਣ ਸਿੱਧੀ ਟੋਰਾਂਟੋ ਜਾਵੇਗੀ, ਜਿਸ ਨਾਲ ਯਾਤਰੀਆਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਸਫ਼ਰ ਦਾ ਸਮਾਂ ਕਰੀਬ 3 ਘੰਟੇ ਘੱਟ ਜਾਵੇਗਾ।
ਪਾਕਿਸਤਾਨੀ ਏਅਰਸਪੇਸ ਬੰਦ ਹੋਣ ਕਾਰਨ ਜਹਾਜ਼ਾਂ ਨੂੰ ਲੰਬਾ ਰੂਟ ਅਪਣਾਉਣਾ ਪੈਂਦਾ ਸੀ, ਜਿਸ ਕਰਕੇ ਈਂਧਨ ਭਰਨ ਲਈ ਵੀਆਨਾ ਵਿੱਚ ਤਕਨੀਕੀ ਸਟਾਪ (Technical Stop) ਲਿਆ ਜਾਂਦਾ ਸੀ। ਇਸ ਕਾਰਨ ਦਿੱਲੀ ਤੋਂ ਟੋਰਾਂਟੋ ਪਹੁੰਚਣ ਵਿੱਚ ਲਗਭਗ 20 ਘੰਟੇ ਲੱਗਦੇ ਸਨ। ਹੁਣ 1 ਅਗਸਤ ਤੋਂ ਇਹ ਸਟਾਪ ਖ਼ਤਮ ਹੋ ਜਾਵੇਗਾ ਅਤੇ ਯਾਤਰੀ ਸਿਰਫ਼ 17 ਘੰਟਿਆਂ ਵਿੱਚ ਟੋਰਾਂਟੋ ਪਹੁੰਚ ਸਕਣਗੇ। ਜ਼ਿਕਰਯੋਗ ਹੈ ਕਿ ਟੋਰਾਂਟੋ ਤੋਂ ਦਿੱਲੀ ਆਉਣ ਵਾਲੀ ਉਡਾਣ ਪਹਿਲਾਂ ਹੀ ਨਾਨ-ਸਟਾਪ ਚੱਲ ਰਹੀ ਹੈ।
ਈਂਧਨ ਦੀਆਂ ਵਧਦੀਆਂ ਕੀਮਤਾਂ ਅਤੇ ਭੂ-ਰਾਜਨੀਤਿਕ ਹਾਲਾਤਾਂ ਕਰਕੇ ਜੂਨ-ਜੁਲਾਈ ਦੌਰਾਨ ਇਸ ਰੂਟ 'ਤੇ ਫਲਾਈਟਾਂ ਦੀ ਗਿਣਤੀ ਘਟਾ ਕੇ ਹਫ਼ਤੇ ਵਿੱਚ 5 ਦਿਨ ਕਰ ਦਿੱਤੀ ਗਈ ਸੀ। ਪਰ 1 ਅਗਸਤ ਤੋਂ ਏਅਰ ਇੰਡੀਆ ਇਸ ਰੂਟ 'ਤੇ ਮੁੜ ਹਫ਼ਤੇ ਦੇ 7 ਦਿਨ (ਰੋਜ਼ਾਨਾ) ਉਡਾਣਾਂ ਸੰਚਾਲਿਤ ਕਰੇਗੀ।
ਇਸ ਰੂਟ 'ਤੇ ਕੰਪਨੀ ਆਪਣਾ ਅਲਟਰਾ-ਮਾਡਰਨ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਤਾਇਨਾਤ ਕਰਨ ਜਾ ਰਹੀ ਹੈ। ਇਸ ਵਿੱਚ 30 ਬਿਜ਼ਨਸ ਕਲਾਸ ਸੂਟ, 28 ਪ੍ਰੀਮੀਅਮ ਇਕਾਨਮੀ ਅਤੇ 238 ਇਕਾਨਮੀ ਸੀਟਾਂ ਹੋਣਗੀਆਂ। ਇਸ ਰੂਟ 'ਤੇ ਯਾਤਰੀਆਂ ਨੂੰ ਪਹਿਲੀ ਵਾਰ 'ਪ੍ਰੀਮੀਅਮ ਇਕਾਨਮੀ ਕਲਾਸ' ਦਾ ਵਿਕਲਪ ਵੀ ਮਿਲੇਗਾ।
ਯਾਤਰੀਆਂ ਦੇ ਬਿਹਤਰ ਅਨੁਭਵ ਲਈ ਜਹਾਜ਼ ਵਿੱਚ 4K ਟੱਚਸਕ੍ਰੀਨ ਐਂਟਰਟੇਨਮੈਂਟ, ਬਲੂਟੁੱਥ ਆਡੀਓ, ਵਾਇਰਲੈੱਸ ਚਾਰਜਿੰਗ, USB ਪੋਰਟਸ, ਆਰਾਮਦਾਇਕ ਨਵੀਆਂ ਸੀਟਾਂ, ਬਿਹਤਰ ਮੂਡ ਲਾਈਟਿੰਗ ਅਤੇ ਅੱਪਗ੍ਰੇਡ ਕੀਤਾ ਖਾਣਾ (Onboard Dining) ਵਰਗੀਆਂ ਨਵੀਨਤਮ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
- Download Babushahi App
-
-