90% ਤੋਂ ਵੱਧ ਦਿਵਿਆਂਗਤਾ ਵੀ ਨਹੀਂ ਰੋਕ ਸਕੀ ਹੌਸਲੇ ਦੀ ਉਡਾਣ! ਗੁਰਦਾਸਪੁਰ ਦੀ ਧੀ ਕਾਜਲ ਯੂ.ਪੀ.ਐੱਸ.ਸੀ. ਦੇ ਸੁਪਨੇ ਵੱਲ ਦ੍ਰਿੜ੍ਹ ਕਦਮਾਂ ਨਾਲ ਅੱਗੇ
ਪਹਿਲੀ ਜਮਾਤ ਤੋਂ ਮਿਲੇ ਸਹੀ ਮਾਰਗਦਰਸ਼ਨ, ਪਰਿਵਾਰ ਦੇ ਸਹਿਯੋਗ ਅਤੇ ਪ੍ਰਸ਼ਾਸਨ ਦੀ ਹੱਲਾਸ਼ੇਰੀ ਨੇ ਦਿੱਤੀ ਨਵੀਂ ਉਡਾਣ
ਰੋਹਿਤ ਗੁਪਤਾ
ਗੁਰਦਾਸਪੁਰ, 23 ਜੁਲਾਈ
ਅੱਜ ਦੇ ਸਮੇਂ ਵਿੱਚ ਜਿੱਥੇ ਬਹੁਤ ਸਾਰੇ ਲੋਕ ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਆਪਣੀ ਮੰਜ਼ਿਲ ਦੇ ਰਾਹ ਦੀ ਰੁਕਾਵਟ ਮੰਨ ਕੇ ਹਾਰ ਮੰਨ ਲੈਂਦੇ ਹਨ, ਉੱਥੇ ਗੁਰਦਾਸਪੁਰ ਦੀ ਦਿਵਿਆਂਗ ਵਿਦਿਆਰਥਣ ਕਾਜਲ ਆਪਣੀ ਅਦਭੁੱਤ ਇੱਛਾ-ਸ਼ਕਤੀ, ਅਟੁੱਟ ਹੌਸਲੇ ਅਤੇ ਅਣਥੱਕ ਮਿਹਨਤ ਦੇ ਬਲਬੂਤੇ ਹਰ ਕਿਸੇ ਲਈ ਪ੍ਰੇਰਣਾ ਦਾ ਸਰੋਤ ਬਣ ਗਈ ਹੈ। ਡਾਕਟਰਾਂ ਵੱਲੋਂ 90 ਫੀਸਦੀ ਤੋਂ ਵੀ ਵੱਧ ਦਿਵਿਆਂਗ ਘੋਸ਼ਿਤ ਕੀਤੀ ਜਾ ਚੁੱਕੀ ਕਾਜਲ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਨ ਵਿੱਚ ਕੁਝ ਕਰ ਵਿਖਾਉਣ ਦਾ ਜਜ਼ਬਾ ਹੋਵੇ ਤਾਂ ਸਰੀਰਕ ਕਮਜ਼ੋਰੀ ਵੀ ਸਫ਼ਲਤਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀ।
ਕਾਜਲ ਇਸ ਸਮੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਦੇ ਕਮਰਾ ਨੰਬਰ 218 ਵਿੱਚ ਬੈਠ ਕੇ ਭਾਰਤ ਦੀ ਸਭ ਤੋਂ ਵੱਕਾਰੀ ਅਤੇ ਚੁਣੌਤੀਪੂਰਨ ਪ੍ਰਤੀਯੋਗੀ ਪ੍ਰੀਖਿਆ ਯੂ.ਪੀ.ਐੱਸ.ਸੀ. ਦੀ ਆਨਲਾਈਨ ਤਿਆਰੀ ਕਰ ਰਹੀ ਹੈ। ਦੇਸ਼ ਦੀ ਸਰਵੋੱਚ ਸਿਵਲ ਸੇਵਾ ਵਿੱਚ ਆਪਣੀ ਥਾਂ ਬਣਾਉਣ ਦਾ ਉਸ ਦਾ ਸੁਪਨਾ ਅੱਜ ਉਸ ਦੀ ਲਗਨ ਅਤੇ ਮਿਹਨਤ ਦਾ ਕੇਂਦਰ ਬਣਿਆ ਹੋਇਆ ਹੈ।
ਕਾਜਲ ਦੇ ਇਸ ਪ੍ਰੇਰਣਾਦਾਇਕ ਸਫ਼ਰ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿਤਿਆ ਉੱਪਲ ਵੱਲੋਂ ਮਿਲੇ ਹੌਂਸਲੇ ਅਤੇ ਸਹਿਯੋਗ ਨੇ ਉਸ ਦੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਦੇ ਨਾਲ ਹੀ, ਪਹਿਲੀ ਜਮਾਤ ਤੋਂ ਲੈ ਕੇ ਬੀ.ਸੀ.ਏ. ਤੱਕ ਹਰ ਪੜਾਅ 'ਤੇ ਉਸ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਸਹੀ ਦਿਸ਼ਾ ਦੇਣ ਵਾਲੇ ਸਾਬਕਾ ਜ਼ਿਲ੍ਹਾ ਗਾਈਡੈਂਸ ਕੌਂਸਲਰ ਅਤੇ ਮੌਜੂਦਾ ਜ਼ਿਲ੍ਹਾ ਹੈਰੀਟੇਜ ਸੋਸਾਇਟੀ ਦੇ ਪ੍ਰੋਗਰਾਮ ਅਫ਼ਸਰ ਪਰਮਿੰਦਰ ਸਿੰਘ ਸੈਣੀ ਦੇ ਨਿਰੰਤਰ ਮਾਰਗਦਰਸ਼ਨ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਹਰ ਸਮੇਂ ਕਾਜਲ ਵਿੱਚ ਆਤਮ-ਵਿਸ਼ਵਾਸ ਜਗਾਇਆ ਅਤੇ ਉਸ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਦੇ ਸਕੱਤਰ ਰਮੇਸ਼ ਮਹਾਜਨ ਨੇ ਦੱਸਿਆ ਕਿ ਕਾਜਲ ਨਾ ਸਿਰਫ਼ ਪੜ੍ਹਾਈ ਵਿੱਚ ਇੱਕ ਹੋਣਹਾਰ ਅਤੇ ਮਿਹਨਤੀ ਵਿਦਿਆਰਥਣ ਹੈ, ਸਗੋਂ ਉਸ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਕਰਵਾਏ ਗਏ ਰਾਸ਼ਟਰੀ ਪੱਧਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਜਲ ਵਰਗੇ ਬੱਚੇ ਸਮਾਜ ਲਈ ਪ੍ਰੇਰਣਾ ਹਨ ਅਤੇ ਇਹ ਸਾਬਤ ਕਰਦੇ ਹਨ ਕਿ ਦ੍ਰਿੜ੍ਹ ਇਰਾਦੇ, ਸਕਾਰਾਤਮਕ ਸੋਚ ਅਤੇ ਨਿਰੰਤਰ ਮਿਹਨਤ ਨਾਲ ਹਰ ਚੁਣੌਤੀ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਅੱਜ ਮੌਜੂਦਾ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਅਤੇ ਪਰਮਿੰਦਰ ਸਿੰਘ ਸੈਣੀ ਨੇ ਕਾਜਲ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਸ ਦਾ ਹੌਸਲਾ ਵਧਾਇਆ ਅਤੇ ਯੂ.ਪੀ.ਐੱਸ.ਸੀ. ਦੀ ਤਿਆਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਕਾਜਲ ਦੀ ਜੀਵਨ ਯਾਤਰਾ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਹੈ ਜੋ ਛੋਟੀਆਂ-ਛੋਟੀਆਂ ਅਸਫ਼ਲਤਾਵਾਂ ਤੋਂ ਨਿਰਾਸ਼ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਫ਼ਲਤਾ ਸਰੀਰਕ ਤਾਕਤ ਨਾਲ ਨਹੀਂ, ਸਗੋਂ ਮਜ਼ਬੂਤ ਇਰਾਦਿਆਂ, ਸਖ਼ਤ ਮਿਹਨਤ ਅਤੇ ਅਡੋਲ ਵਿਸ਼ਵਾਸ ਨਾਲ ਹਾਸਲ ਹੁੰਦੀ ਹੈ।
- Download Babushahi App
-
-