Babushahi Special ਸਿਆਸੀ ਲੋਕਾਂ ਦੇ ਚਹੇਤੇ ਵੋਟਰਾਂ ’ਤੇ ਕੈਂਚੀ ਚੱਲਣ ਦੀ ਚਰਚਾ ਨੇ ਲਾਇਆ ਲੀਡਰਾਂ ਨੂੰ ਧੁੜਕੂ
ਅਸ਼ੋਕ ਵਰਮਾ
ਬਠਿੰਡਾ, 23 ਜੁਲਾਈ 2026 : ਮੁਲਕ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ’ਚ ਵੋਟਰ ਸੂਚੀਆਂ ਦੀ ਕਰਵਾਈ ਜਾ ਰਹੀ ਵਿਸ਼ੇਸ਼ ਡੂੰਘੀ ਸੁਧਾਈ ਦੌਰਾਨ ਸਿਆਸੀ ਧਿਰਾਂ ਦੀਆਂ ਉਨ੍ਹਾਂ ਵੋਟਾਂ ’ਤੇ ਕੈਂਚੀ ਚੱਲਣ ਦੀ ਆਹਟ ਸੁਣਾਈ ਦੇ ਰਹੀ ਹੈ ਜੋ ਹਰ ਛੋਟੀ ਵੱਡੀ ਚੋਣ ਮੌਕੇ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਆ ਰਹੀਆਂ ਹਨ। ਬਠਿੰਡਾ ਮਾਨਸਾ ਜਿਲਿ੍ਹਆਂ ’ਚ ਚੱਲ ਰਹੇ ਇਸ ਪ੍ਰੋਗਰਾਮ ਸਬੰਧੀ ਹਾਸਲ ਅੰਕੜਿਆਂ ਦੇ ਅਧਾਰ ’ਤੇ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਪੁਣਛਾਣ ਕਰੀਏ ਤਾਂ ਇਹ ਗੱਲ ਸੱਚ ਜਾਪਦੀ ਹੈ। ਸੂਤਰ ਦੱਸਦੇ ਹਨ ਕਿ ਫਾਰਮ ਜਮ੍ਹਾਂ ਨਾਂ ਕਰਵਾਉਣ ਵਾਲੇ ਵੋਟਰਾਂ ’ਚ ਵੱਡੀ ਗਿਣਤੀ ਪ੍ਰਵਾਸੀਆਂ ਜਾਂ ਫਿਰ ਝੁੱੱਗੀ ਝੌਂਪੜੀ ’ਚ ਵੱਸਣ ਵਾਲੇ ਲੋਕਾਂ ਦੀ ਹੈ। ਆਪਣੇ ਰਾਜ ਭਾਗ ਮੌਕੇ ਹਰ ਸਿਆਸੀ ਪਾਰਟੀ ਏਦਾਂ ਦੀਆਂ ਵੋਟਾਂ ਬਣਵਾਉਂਦੀ ਆ ਰਹੀ ਹੈ। ਇਨ੍ਹਾਂ ਵੋਟਾਂ ਲਈ ਕਦੇ ਚਾਂਦੀ ਦੀ ਜੁੱਤੀ ਜਾਂ ਫਿਰ ਲਾਲ ਪਰੀ ਦੀ ਵਰਤੋਂ ਕਰਨ ਦੇ ਤੱਥ ਵੀ ਸਾਹਮਣੇ ਆਉਂਦੇ ਰਹਿੰਦੇ ਹਨ।
ਸਿਆਸੀ ਧਿਰਾਂ ਲਈ ਰਾਹਤ ਵਾਲੀ ਗੱਲ ਇਹੋ ਹੈ ਕਿ ਅਜਿਹੇ ਵੋਟਰ ਸਬੰਧਤ ਲੀਡਰ ਦਾ ਪਾਰ ਉਤਾਰਾ ਕਰ ਦਿੰਦੇ ਹਨ ਜੋ ਖਿੱਚ੍ਹ ਦੀ ਵਜ੍ਹਾ ਬਣਦੀ ਹੈ। ਇਹੋ ਕਾਰਨ ਹੈ ਕਿ ਅੰਦਰੋ ਅੰਦਰੀ ਹਰ ਸਿਆਸੀ ਪਾਰਟੀ ਇੰਨ੍ਹਾਂ ਵੋਟਾਂ ਨੂੰ ਨਵੀਂ ਵੋਟਰ ਸੂਚੀ ’ਚ ਸ਼ਾਮਲ ਕਰਵਾਉਣ ਲਈ ਪਾਪੜ ਵੇਲਣ ਲੱਗੀ ਹੋਈ ਹੈ ਪਰ ਹਾਲੇ ਤੱਕ ਬਹੁਤੀ ਸਫਲਤਾ ਨਹੀਂ ਮਿਲੀ ਜਿਸ ਦੀ ਪੁਸ਼ਟੀ ਇਹ ਤੱਥ ਕਰਦੇ ਹਨ। ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੇ ਪੰਜਾਬ ਸਮੇਤ ਇੰਨ੍ਹਾਂ ਦੋਵਾਂ ਜਿਲਿ੍ਹਆਂ ’ਚ ਵੋਟਰ ਸੂਚੀ ਦੀ ਐਸਆਈਆਰ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਚੋਣ ਪ੍ਰਸ਼ਾਸ਼ਨ ਅਨੁਸਾਰ ਇੰਨ੍ਹਾਂ ਜਿਲਿ੍ਹਆਂ ਵਿਚਲੇ 1. 54 ਲੱਖ ਵੋਟਰਾਂ ਨੇ ਆਪਣੇ ਫਾਰਮ ਹਾਲੇ ਤੱਕ ਜਮ੍ਹਾਂ ਨਹੀਂ ਕਰਵਾਏ ਹਨ। ਇੰਨ੍ਹਾਂ ’ਚ ਬਠਿੰਡਾ ਜਿਲ੍ਹੇ ਦੇ 1. 21 ਲੱਖ ਵੋਟਰ ਹਨ ਜਿੰਨ੍ਹਾਂ ਦੇ ਫਾਰਮ ਜਮਾਂ ਹੋਣੋ ਰਹਿੰਦੇ ਹਨ ਜਦੋਂਕਿ ਮਾਨਸਾ ’ਚ ਅਜਿਹੇ ਵੋਟਰਾਂ ਦੀ ਗਿਣਤੀ 33 ਹਜ਼ਾਰ ਹੈ।
ਉਂਜ ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਪੂਰੇ ਪੰਜਾਬ ’ਚ ਫਾਰਮ ਜਮ੍ਹਾਂ ਕਰਵਾਉਣ ਦੇ ਮਾਮਲੇ ’ਚ ਜਿਲ੍ਹਾ ਮਾਨਸਾ ਪਹਿਲੇ ਨੰਬਰ ’ਤੇ ਚੱਲ ਰਿਹਾ ਹੈ ਜਦੋਂਕਿ ਬਠਿੰਡਾ ਜਿਲ੍ਹੇ ਦਾ ਇਸ ਮਾਮਲੇ ’ਚ 11 ਵਾਂ ਨੰਬਰ ਹੈ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ 3 ਅਗਸਤ ਤੱਕ ਭਰਨ ਤੋਂ ਬਾਅਦ ਫਾਰਮ ਜਮ੍ਹਾਂ ਨਹੀਂ ਕਰਵਾਏ ਜਾਂਦੇ ਤਾਂ ਵੋਟਾਂ ਕੱਟੀਆਂ ਜਾ ਸਕਦੀਆਂ ਹਨ। ਚੋਣ ਪ੍ਰਸ਼ਾਸ਼ਨ ਅਨੁਸਾਰ ਬਠਿੰਡਾ ਜਿਲ੍ਹੇ ’ਚ 10 ਲੱਖ 53 ਹਜ਼ਾਰ 91 ਵੋਟਰ ਹਨ ਜਦੋਂਕਿ ਮਾਨਸਾ ਜਿਲ੍ਹੇ ’ਚ ਵੋਟਰਾਂ ਦੀ ਗਿਣਤੀ 5 ਲੱਖ 94 ਹਜ਼ਾਰ 369 ਦੱਸੀ ਗਈ ਹੈ। ਬੀਐਲਓਜ਼ ਨੇ ਇੰਨ੍ਹਾਂ ਵੋਟਰਾਂ ਦੇ ਫਾਰਮ ਘਰ ਘਰ ਪਹੁੰਚਾ ਦਿੱਤੇ ਹਨ। ਜਾਣਕਾਰੀ ਅਨੁਸਾਰ ਇੰਨ੍ਹਾਂ ਵਿੱਚੋਂ ਮੰਗਲਵਾਰ ਤੱਕ ਮਾਨਸਾ ਦੇ 5 ਲੱਖ 60 ਹਜ਼ਾਰ 911 ਵੋਟਰਾਂ ਨੇ ਆਪਣੇ ਫਾਰਮ ਜਮ੍ਹਾਂ ਕਰਵਾ ਦਿੱਤੇ ਹਨ ਜਦੋਂਕਿ ਬਠਿੰਡਾ ਜਿਲ੍ਹੇ ਨਾਲ ਸਬੰਧਤ ਇਹੋ ਗਿਣਤੀ 9 ਲੱਖ 31 ਹਜਾਰ 944 ਹੈ।
ਇੱਕ ਚੋਣ ਅਧਿਕਾਰੀ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਜਾਂ ਉਸ ਦੇ ਮਾਪਿਆਂ ਦੀ ਪਿਛਲੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ 2002-2003 ਨਾਲ ਮੈਪਿੰਗ ਨਹੀਂ ਹੋ ਰਹੀ ਹੈ ਤਾਂ ਫਾਰਮ ਵਿੱਚ ਮੰਗੀ ਗਈ ਮੁਢਲੀ ਜਾਣਕਾਰੀ ਭਰਨ ਤੋਂ ਬਾਅਦ ਦਸਤਖਤ ਕਰਕੇ ਸਬੰਧਤ ਬੀਐਲਓ ਨੂੰ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਮੈਪਿੰਗ ਅਧੂਰੀ ਹੋਵੇ ਪਰ ਫਾਰਮ ਬੀਐਲਓ ਨੂੰ ਜਮ੍ਹਾਂ ਕਰਵਾਇਆ ਜਾ ਚੁੱਕਿਆ ਹੈ ਤਾਂ 13 ਅਗਸਤ ਨੂੰ ਜਾਰੀ ਹੋਣ ਵਾਲੀ ਡਰਾਫਟ ਵੋਟਰ ਸੂਚੀ ’ਚ ਨਾਮ ਆ ਜਾਏਗਾ। ਇਸ ਪਿੱਛੋਂ ਚੋਣ ਵਿਭਾਗ ਅਨਮੈਪਿਡ ਵੋਟਰਾਂ ਨੂੰ ਨੋਟਿਸ ਭੇਜੇਗਾ ਜਿਸ ਦੇ ਅਧਾਰ ’ਤੇ ਹਰ ਵੋਟਰ ਨੂੰ ਆਪਣੀ ਉਮਰ ਅਤੇ ਪਛਾਣ ਸਾਬਤ ਕਰਨ ਲਈ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਗਏ 12 ਦਸਤਾਵੇਜ਼ਾਂ ਚੋਂ ਕੋਈ ਵੀ ਇੱਕ ਦਸਤਾਵੇਜ਼ ਦਿਖਾਉਣ ਦਾ ਪੂਰਾ ਮੌਕਾ ਦਿੱਤਾ ਜਾਏਗਾ। ਜੇਕਰ ਕੋਈ ਵੀ ਵੋਟਰ ਇਸ ਕੰਮ ’ਚ ਅਸਫਲ ਰਹਿੰਦਾ ਹੈ ਤਾਂ ਉਸ ਦੀ ਵੋਟ ਸਦਾ ਲਈ ਕੱਟੀ ਜਾ ਸਕਦੀ ਹੈ।
ਫਿਲਹਾਲ ਨਵਾਂ ਪ੍ਰੋਗਰਾਮ
ਚੋਣ ਕਮਿਸ਼ਨ ਦੇ ਨਵੇਂ ਪ੍ਰੋਗ੍ਰਾਮ ਅਨੁਸਾਰ 3 ਅਗਸਤ ਤੱਕ ਬੀਐਲਓ ਘਰੋ ਘਰੀਂ ਜਾਕੇ ਫਾਰਮ ਪ੍ਰਾਪਤ ਕਰਨਗੇ ਅਤੇ ਰੈਸ਼ਨਲਾਈਜੇਸ਼ਨ ਦੀ ਵੀ ਇਹੋ ਤਾਰੀਕ ਹੈ। ਇਸੇ ਤਰਾਂ ਹੀ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਏਗੀ ਅਤੇ ਇਸ ਤੋਂ ਬਾਅਦ 12 ਸਤੰਬਰ ਤੱਕ ਵੋਟਰਾਂ ਦੇ ਦਾਅਵਿਆਂ ਤੇ ਸ਼ਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ। ਅੰਤਿਮ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ।
ਫਾਰਮ ਨਹੀਂ ਤਾਂ ਵੋਟਾਂ ਨਹੀਂ
ਮੁੱਖ ਚੋਣ ਅਫਸਰ ਪੰਜਾਬ ਅਨੁਸਾਰ ਜੇਕਰ ਕਿਸੇ ਵੋਟਰ ਦਾ ਫਾਰਮ ਜਮ੍ਹਾਂ ਨਹੀਂ ਹੁੰਦਾ ਜਾਂ ਫਿਰ ਪਿਛਲੀ ਐਸਆਈਆਰ 2002- 2003 ਨਾਲ ਮੈਪਿੰਗ ਨਹੀਂ ਹੋਈ ਤਾਂ ਸਬੰਧਤ ਵਿਅਕਤੀ ਨੂੰ ਸੁਣਵਾਈ ਦਾ ਪੂਰਾ ਪੂਰਾ ਮੌਕਾ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਹੀ ਵੋਟਾਂ ਕੱਟਣ ’ਤੇ ਵਿਚਾਰ ਹੋਵੇਗਾ।
ਮਾਨਸਾ ’ਚ ਬੀਐਲਓ ਸਨਮਾਨਿਤ
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਮਾਨਸਾ ਜਿਲ੍ਹੇ ’ਚ ਫਾਰਮਾਂ ਦੀ ਡਿਜੀਟਲਾਈਜੇਸ਼ਨ ਨੂੰ ਢੁੱਕੇਂਢੰਗ ਨਾਲ ਨਿਪਟਾਉਣ ਵਾਲੇ 4 ਬੀਐਲਓਜ਼ ਸਨਮਾਨਿਤ ਕੀਦੇ ਹਨ। ਇੰਨ੍ਹਾਂ ਚੋਂ ਇੱਕ ਬੀਐੱਲਓ ਸਿਮਰਜੀਤ ਸਿੰਘ ਵਿਧਾਨ ਸਭਾ ਹਲਕਾ ਮਾਨਸਾ ਨਾਲ ਸਬੰਧਤ ਹੈ ਜਦਕਿ ਅਮਨਦੀਪ ਸਿੰਘ ਤੇ ਗੁਰਮੇਲ ਸਿੰਘ ਹਲਕਾ ਸਰਦੂਲਗੜ੍ਹ ਅਤੇ ਗੁਰਦੀਪ ਸਿੰਘ ਬੁਢਲਾਡਾ ਹਲਕੇ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਸਰਦੂਲਗੜ੍ਹ ਦੇ ਬੀਐਲਓ ਨਾਨਕ ਸਿੰਘ ਤੇ ਬੁਢਲਾਡਾ ਦੇ ਬੀਐਲਓ ਰਾਜਿੰਦਰ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ ਸੀ।
- Download Babushahi App
-
-