Breaking- ਪੰਜਾਬ ਕਾਂਗਰਸ 'ਚ ਰੱਦੋਬਦਲ ਦੀਆਂ ਖ਼ਬਰਾਂ ਵਿਚਾਲੇ ਇੰਚਾਰਜ ਭੁਪੇਸ਼ ਬਘੇਲ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
ਪੰਜਾਬ ਕਾਂਗਰਸ 'ਚ ਸਭ ਠੀਕ-ਠਾਕ, ਸਾਡਾ ਟੀਚਾ 2027 'ਚ ਸਰਕਾਰ ਬਣਾਉਣਾ- ਬਘੇਲ ਦਾ ਦਾਅਵਾ
Babushahi Network
ਚੰਡੀਗੜ੍ਹ, 07 ਜੁਲਾਈ 2026- ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਦੀਆਂ ਚਰਚਾਵਾਂ ਦੇ ਵਿਚਕਾਰ, ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਬੀਤੇ ਕੱਲ੍ਹ ਤੋਂ ਹੀ ਪੰਜਾਬ ਦੇ ਦੌਰੇ 'ਤੇ ਆਏ ਇੰਚਾਰਜ ਭੁਪੇਸ਼ ਬਘੇਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਵੱਖ-ਵੱਖ ਵਿੰਗਾਂ ਦੇ ਨਾਲ ਅਹਿਮ ਮੀਟਿੰਗਾਂ ਕਰ ਰਹੇ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਕਾਂਗਰਸ ਪਾਰਟੀ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੈ ਅਤੇ ਹਾਈਕਮਾਂਡ ਵੱਲੋਂ ਲਏ ਗਏ ਫੈਸਲਿਆਂ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਕਾਂਗਰਸ ਆਪਣੇ ਕਿਸੇ ਵੀ ਫੈਸਲੇ ਨੂੰ ਨਹੀਂ ਬਦਲੇਗੀ।" ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਵਿੱਚ ਸਭ ਕੁਝ ਬਿਲਕੁਲ ਠੀਕ-ਠਾਕ ਚੱਲ ਰਿਹਾ ਹੈ।
ਭੁਪੇਸ਼ ਬਘੇਲ ਨੇ ਦੱਸਿਆ ਕਿ ਉਨ੍ਹਾਂ ਦੀ ਪੰਜਾਬ ਦੇ ਸਾਰੇ ਸੀਨੀਅਰ ਲੀਡਰਾਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ/ MP ਚਰਨਜੀਤ ਸਿੰਘ ਚੰਨੀ, MP ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਈ ਤਮਾਮ ਆਗੂਆਂ ਨਾਲ ਰਾਬਤਾ ਕਾਇਮ ਕੀਤਾ ਹੈ। ਅੱਜ ਸਵੇਰੇ ਉਨ੍ਹਾਂ ਨੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨਾਲ ਵੀ ਖ਼ਾਸ ਮੁਲਾਕਾਤ ਕੀਤੀ। ਇਸ ਤੋਂ ਇਲਾਵਾ, ਅੱਜ ਦਿਨ ਭਰ ਪੰਜਾਬ ਯੂਥ ਕਾਂਗਰਸ ਅਤੇ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਨਾਲ ਵੀ ਉਨ੍ਹਾਂ ਦੀਆਂ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ।
ਜਦੋਂ ਪੰਜਾਬ ਇੰਚਾਰਜ ਨੂੰ ਪੁੱਛਿਆ ਗਿਆ ਕਿ ਕੀ ਚਰਨਜੀਤ ਸਿੰਘ ਚੰਨੀ ਦਾ ਧੜਾ ਹਾਈਕਮਾਂਡ ਦੇ ਫੈਸਲਿਆਂ ਤੋਂ ਨਾਰਾਜ਼ ਚੱਲ ਰਿਹਾ ਹੈ, ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਨਾਰਾਜ਼ ਨਹੀਂ ਹੈ। ਚੰਨੀ ਨਾਲ ਉਨ੍ਹਾਂ ਦੀ ਲਗਾਤਾਰ ਗੱਲਬਾਤ ਹੋ ਰਹੀ ਹੈ ਅਤੇ ਉਹ ਬਹੁਤ ਜਲਦ ਚੰਨੀ ਨਾਲ ਨਿੱਜੀ ਤੌਰ 'ਤੇ ਇੱਕ ਵਿਸ਼ੇਸ਼ ਮੀਟਿੰਗ ਵੀ ਕਰਨਗੇ।
ਇਸ ਦੇ ਨਾਲ ਹੀ ਬਘੇਲ ਨੇ ਸਾਫ਼ ਕਰ ਦਿੱਤਾ ਕਿ ਕਾਂਗਰਸ ਹਾਈਕਮਾਂਡ ਨੇ ਪਿਛਲੇ ਦਿਨੀਂ ਜੋ ਫੈਸਲਾ ਲਿਆ ਸੀ, ਉਹ ਅਟੱਲ ਰਹੇਗਾ। ਇਸ ਫੈਸਲੇ ਤਹਿਤ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਪ੍ਰਤਾਪ ਸਿੰਘ ਬਾਜਵਾ ਦੀ ਨਿਯੁਕਤੀ ਨੂੰ ਵੀ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੀ ਕਾਂਗਰਸ ਇੱਕਜੁੱਟ ਹੈ ਅਤੇ ਸਾਡਾ ਇੱਕੋ-ਇੱਕ ਮੁੱਖ ਟੀਚਾ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਹੈ।
- Download Babushahi App
-
-