Crime Special ਵੱਢੀਖੋਰ ਥਾਣੇਦਾਰ ਦੀ ਨਲਾਇਕੀ ਨੇ ਚੰਗੀ ਭਲੀ ਰਿੱਝੀ ਖੀਰ ’ਤੇ ਭੁੱਕਿਆ ਵਿਜੀਲੈਂਸ ਦਾ ਲੂਣ
ਅਸ਼ੋਕ ਵਰਮਾ
ਬਠਿੰਡਾ, 8 ਜੁਲਾਈ 2026 : ਬਠਿੰਡਾ ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈਂਦਿਆਂ ਕਾਬੂ ਕੀਤਾ ਥਾਣਾ ਤਲਵੰਡੀ ਸਾਬੋ ’ਚ ਤਾਇਨਾਤ ਏਐਸਆਈ ਬਲਜੀਤ ਸਿੰਘ 31 ਅਗਸਤ ਨੂੰ ਸੇਵਾਮੁਕਤ ਹੋਣ ਵਾਲਾ ਸੀ । ਇਸ ਨੂੰ ਬਲਜੀਤ ਸਿੰਘ ਦੀ ਨਲਾਇਕੀ ਹੀ ਕਿਹਾ ਜਾ ਸਕਦਾ ਹੈ ਕਿ ਉਸ ਨੇ ਕਰੀਬ ਪੌਣੇ ਦੋ ਮਹੀਨੇ ਪਹਿਲਾਂ ਇਹ ਕਾਰਾ ਕਰ ਦਿੱਤਾ ਜਿਸ ਨੇ ਉਸ ਦੀ ਸੇਵਾਮੁਕਤੀ ਨਾਲ ਸਬੰਧਤ ਪ੍ਰਕਿਰਿਆ ’ਤੇ ਪ੍ਰਸ਼ਨ ਚਿੰਨ੍ਹ ਅਤੇ ਹੁਣ ਤੱਕ ਦੀ ਕੀਤੀ ਕਰਾਈ ਖੂਹ ਵਿੱਚ ਪਾ ਦਿੱਤੀ ਹੈ। ਮੁਲਜਮ ਏਐਸਆਈ ’ਤੇ ਜਮੀਨੀ ਵਿਵਾਦ ਨਾਲ ਜੁੜੇ ਇੱਕ ਕੁੱਟਮਾਰ ਮਾਮਲੇ ’ਚ ਐਫਆਈਆਰ ਦਰਜ ਕਰਨ ਅਤੇ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਬਦਲੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਵਜੋਂ ਮੋਟੇ ਪੈਸੇ ਮੰਗਣ ਦੇ ਦੋਸ਼ ਲੱਗੇ ਹਨ। ਵਿਜੀਲੈਂਸ ਦੀ ਇੰਸਪੈਕਟਰ ਰਾਜਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਇਸ ਗ੍ਰਿਫਤਾਰੀ ਕਾਰਨ ਪੁਲਿਸ ਹਲਕਿਆਂ ’ਚ ਤਰਥੱਲੀ ਮੱਚੀ ਹੋਈ ਹੈ।
ਕਾਨੂੰਨੀ ਮਾਹਿਰ ਦੱਸਦੇ ਹਨ ਹੈ ਕਿ ਭ੍ਰਿਸ਼ਟਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਹੋਣ ਕਾਰਨ ਉਸ ਦੀ ਸੇਵਾਮੁਕਤੀ ਮੌਕੇ ਵੀ ਕਈ ਪ੍ਰਕਾਰ ਦੀਆਂ ਅੜਚਣਾਂ ਖੜ੍ਹੀਆਂ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ’ਚ ਪੁਲਿਸ ਮਹਿਕਮੇ ਵੱਲੋਂ ਪਹਿਲਾਂ ਬਲਜੀਤ ਸਿੰਘ ਨੂੰ ਮੁਅੱਤਲ ਕੀਤਾ ਜਾਏਗਾ ਅਤੇ ਮਗਰੋਂ ਉਸ ਖਿਲਾਫ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਜਾਏਗੀ। ਮਾਹਿਰਾਂ ਅਨੁਸਾਰ ਜੇਕਰ ਸੇਵਾਮੁਕਤੀ ਮੌਕੇ ਪੁਲਿਸ ਮੁਲਾਜਮ ਖਿਲਾਫ ਕਿਸੇ ਕਿਸਮ ਦੀ ਵਿਭਾਗੀ ਜਾਂਚ ਜਾਂ ਅਪਰਾਧਿਕ ਮਾਮਲਾ ਬਾਕੀ ਰਹਿੰਦਾ ਹੈ ਤਾਂ ਕਰਮਚਾਰੀ ਨੂੰ ਰੈਗੂਲਰ ਦੀ ਥਾਂ ਅੰਤ੍ਰਿਮ ਪੈਨਸ਼ਨ ਹੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗਰੈਚੂਟੀ ਅਤੇ ਲੀਵ ਇਨਕੈਸ਼ਮੈਂਟ ਵਰਗੀਆਂ ਸੇਵਾਮੁਕਤੀ ਨਾਲ ਜੁੜੀਆਂ ਆਰਥਿਕ ਸਹੂਲਤਾਂ ਵੀ ਆਖਰੀ ਫੈਸਲੇ ਤੱਕ ਰੋਕ ਲਈਆਂ ਜਾਂਦੀਆਂ ਹਨ। ਜੇਕਰ ਸਬੰਧਤ ਮੁਲਾਜਮ ਅਦਾਲਤ ਵਿੱਚ ਦੋਸ਼ੀ ਸਾਬਤ ਹੋ ਜਾਂਦਾ ਹੈ ਤਾਂ ਸਰਕਾਰ ਕੋਲ ਉਸ ਦੀ ਪੈਨਸ਼ਨ ’ਚ ਕਟੌਤੀ ਜਾਂ ਪੂਰੀ ਤਰਾਂ ਰੋਕਣ ਦਾ ਅਧਿਕਾਰ ਹੈ।
ਅਜਿਹੇ ਹਾਲਾਤਾਂ ਦਰਮਿਆਨ ਮੁਲਾਜਮ ਦੀ ਗਰੈਚੂਟੀ ਵਾਲੀ ਰਾਸ਼ੀ ਵੀ ਜਬਤ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਮੁਲਜਮ ਏਐਸਆਈ ਅੱਗੇ ਭਵਿੱਖ ਦੀਆਂ ਆਰਥਿਕ ਸਮੱਸਿਆਵਾਂ ਅਤੇ ਕਾਨੂੰਨੀ ਉਲਝਣਾਂ ਸ਼ੁਰੂ ਹੋ ਗਈਆਂ ਹਨ। ਸਰਕਾਰੀ ਨਿਯਮਾਂ ਮੁਤਾਬਕ ਦੇਖੀਏ ਤਾਂ ਮੁਲਜਮ ਏਐਸਆਈ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਵੀ ਨਹੀਂ ਹੋਣਾ ਕਿ ਰਿਸ਼ਵਤ ਮੰਗਣ ਦੇ ਨਤੀਜਿਆਂ ਸਬੰਧੀ ਸਭ ਕੁੱਝ ਜਾਨਣ ਦੇ ਬਾਵਜੂਦ ਉਸ ਵੱਲੋਂ ਕੀਤੀ ਗਈ ਗਲ੍ਹਤੀ ਉਸ ’ਤੇ ਐਨੀ ਭਾਰੂ ਪਵੇਗੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜੀਰੋ ਟਾਲਰੈਂਸ ਨੀਤੀ ਕਾਰਨ ਮੁਲਜਮ ਨੂੰ ਕਿਸੇ ਵੀ ਕਿਸਮ ਦੀ ਕਥਿਤ ਰਿਆਇਤ ਮਿਲਣ ਦੇ ਰਾਹ ਵੀ ਬੰਦ ਜਾਪਦੇ ਹਨ। ਇਸ ਮਾਮਲੇ ਨਾਲ ਜੁੜਿਆ ਜੋ ਗੰਭੀਰ ਪਹਿਲੂ ਸਾਹਮਣੇ ਆਇਆ ਹੈ ਕਿ ਏਐਸਆਈ ਨੇ ਖੁਦ ਤਾਂ ਕੀ ਕਾਰਵਾਈ ਕਰਨੀ ਸੀ ਬਲਕਿ ਆਪਣੇ ਅਧਿਕਾਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਿਆ ਹੈ।
ਇਸ ਮਾਮਲੇ ’ਚ ਮੁਦਈ ਸ਼ਿਵਰਾਜ ਸਿੰਘ ਖਾਲਸਾ ਨੇ ਦੱਸਿਆ ਕਿ ਥਾਣਾ ਤਲਵੰਡੀ ਸਾਬੋ ਅਧੀਨ ਆਉਂਦੇ ਪਿੰਡ ਬਹਿਮਣ ਜੱਸਾ ਸਿੰਘ ’ਚ 26 ਮਈ ਨੂੰ ਜਮੀਨੀ ਵਿਵਾਦ ਸਬੰਧੀ ਦੋ ਧੜਿਆਂ ’ਚ ਝਗੜਾ ਹੋਇਆ ਸੀ। ਇਸ ਮੌਕੇ ਹੋਈ ਆਪਸੀ ਕੁੱਟਮਾਰ ਦੌਰਾਨ ਤਿੰਨ ਵਿਅਕਤੀ ਜਖਮੀ ਹੋ ਗਏ ਸਨ ਜਿੰਨ੍ਹਾਂ ਦੀ ਮੈਡੀਕਲ ਜਾਂਚ ਤੋਂ ਬਾਅਦ ਹਸਪਤਾਲ ਨੇ ਐਮਐਲਆਰ ਪੁਲਿਸ ਨੂੰ ਭੇਜ ਦਿੱਤੀ ਸੀ। ਇਸ ਦੇ ਬਾਵਜੂਦ ਜਾਂਚ ਅਧਿਕਾਰੀ ਏਐਸਆਈ ਬਲਜੀਤ ਸਿੰਘ ਨੇ ਹਸਪਤਾਲ ਪੁੱਜ ਕੇ ਨਾਂ ਤਾਂ ਪੀੜਤ ਪੱਖ ਦੇ ਬਿਆਨ ਦਰਜ ਕੀਤੇ ਅਤੇ ਨਾਂ ਹੀ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਝਗੜੇ ਨੂੰ ਲੈਕੇ ਉਹ ਕਾਰਵਾਈ ਲਈ ਏਐਸਆਈ ਬਲਜੀਤ ਸਿੰਘ ਕੋਲ ਗਏ ਤਾਂ ਉਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਅਤੇ ਅਗਲੀ ਕਾਰਵਾਈ ਕਰਨ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਜੋ ਕਾਫੀ ਮਿੰਨਤਾਂ ਤਰਲਿਆਂ ਪਿਛੋਂ 30 ਹਜ਼ਾਰ ਰੁਪਏ ਤੈਅ ਹੋਏ ਸਨ।
ਉਨ੍ਹਾਂ ਦੱਸਿਆ ਕਿ ਇਨਸਾਫ ਦੀ ਉਮੀਦ ’ਚ ਉਨ੍ਹਾਂ ਨੇ ਸੀਨੀਅਰ ਪੁਲਿਸ ਅਫਸਰਾਂ , ਹਲਕਾ ਵਿਧਾਇਕ ਦੇ ਪਿਤਾ ਅਤੇ ਡੀਐਸਪੀ ਨੂੰ ਆਪਣੀਆਂ ਤਕਲੀਫਾਂ ਦੱਸ ਕੇ ਸਿਫਾਰਸ਼ਾਂ ਵੀ ਕਰਵਾਈਆਂ ਪਰ ਏਐਸਆਈ ਬਲਜੀਤ ਸਿੰਘ ਨੇ ਇੱਕ ਨਹੀਂ ਸੁਣੀ। ਇੱਥੋਂ ਤੱਕ ਕਿ ਥਾਣਾ ਤਲਵੰਡੀ ਸਾਬੋ ਦੇ ਐਸਐਚਓ ਨੇ ਵੀ ਦੂਰੋਂ ਆਉਣ ਦਾ ਵਾਸਤਾ ਦੇ ਕੇ ਏਐਸਆਈ ਬਲਜੀਤ ਸਿੰਘ ਨੂੰ ਕਾਰਵਾਈ ਕਰਨ ਲਈ ਜੋਰ ਪਾਇਆ ਪਰ ਉਹ ਰਿਸ਼ਵਤ ਲੈਣ ’ਤੇ ਅੜਿਆ ਰਿਹਾ। ਉਨ੍ਹਾਂ ਦੱਸਿਆ ਕਿ ਏਐਸਆਈ ਬਲਜੀਤ ਸਿੰਘ ਦੇ ਵਤੀਰੇ ਤੋਂ ਪ੍ਰੇਸ਼ਾਨ ਹੋਕੇ ਉਨ੍ਹਾਂ ਵਿਜੀਲੈਂਸ ਨਾਲ ਸੰਪਰਕ ਕੀਤਾ ਅਤੇ ਮਾਮਲੇ ਦੀ ਲਿਖਤੀ ਸ਼ਕਾਇਤ ਦੇ ਦਿੱਤੀ। ਦੋਸ਼ਾਂ ਦੀ ਪੁਸ਼ਟੀ ਹੋਣ ਉਪਰੰਤ ਇੰਸਪੈਕਟਰ ਰਾਜਨਪ੍ਰੀਤ ਕੌਰ ਦੀ ਅਗਵਾਈ ਹੇਠ ਜਾਲ ਵਿਛਾਇਆ ਅਤੇ ਜਦੋਂਂ ਸ਼ਕਾਇਤਕਰਤਾ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ 20 ਹਜ਼ਾਰ ਰਪਏ ਬਲਜੀਤ ਸਿੰਘ ਨੂੰ ਫੜਾਏ ਤਾਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਦਬੋਚ ਲਿਆ ।
ਵਿਜੀਲੈਂਸ ਦੀ ਮਿਹਰਬਾਨੀ ?
ਵਿਜੀਲੈਂਸ ਅਧਿਕਾਰੀਆਂ ਨੇ ਅੱਜ ਮੁਲਜਮ ਏਐਸਆਈ ਬਲਜੀਤ ਸਿੰਘ ਨੂੰ ਅਗਲੀ ਕਾਰਵਾਈ ਵਜੋਂ ਅਦਾਲਤ ’ਚ ਪੇਸ਼ ਕੀਤਾ ਤਾਂ ਇਹੋ ਉਮੀਦ ਸੀ ਕਿ ਅਗਲੀ ਪੁੱਛ ਪੜਤਾਲ ਲਈ ਮੁਲਜਮ ਥਾਣੇਦਾਰ ਦੇ ਰਿਮਾਂਡ ਮੰਗਿਆ ਜਾਏਗਾਪਰ ਅਜਿਹਾ ਨਾਂ ਹੋਇਆ। ਮਾਮਲੇ ਦੀ ਜਾਂਚ ਅਧਿਕਾਰੀ ਇੰਸਪੈਕਟਰ ਰਾਜਨਪ੍ਰੀਤ ਕੌਰ ਨੇ ਦੱਸਿਆ ਕਿ ਅਦਾਲਤ ਨੇ ਬਲਜੀਤ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ ਤਹਿਤ ਜੇਲ੍ਹ ਭੇਜ ਦਿੱਤਾ ਹੈ।
- Download Babushahi App
-
-