ਨਗਰ ਨਿਗਮ ਅੰਮ੍ਰਿਤਸਰ ਵੱਲੋਂ ਹੈਰੀਟੇਜ ਸਟਰੀਟ ’ਤੇ ਵੱਡੀ ਕਾਰਵਾਈ, ਗੈਰ-ਕਾਨੂੰਨੀ ਸਟਾਲ ਅਤੇ ਬੈਂਚ ਹਟਾਏ, ਸਮਾਨ ਜ਼ਬਤ,
ਹਰੀਪੁਰਾ ਵਿਖੇ ਵੀ ਖੋਖਾ ਹਟਾਇਆ
ਅੰਮ੍ਰਿਤਸਰ, 9 ਜੁਲਾਈ ( ) - ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਅੰਮ੍ਰਿਤਸਰ ਦੇ ਐਸਟੇਟ ਵਿਭਾਗ ਵੱਲੋਂ ਹੈਰੀਟੇਜ ਸਟਰੀਟ ਅਤੇ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਦੇ ਆਲੇ-ਦੁਆਲੇ ਖੇਤਰਾਂ ਵਿੱਚ ਵਿਸ਼ੇਸ਼ ਐਂਟੀ-ਇਨਕਰੋਚਮੈਂਟ ਮੁਹਿੰਮ ਚਲਾਈ ਗਈ।
ਇਹ ਕਾਰਵਾਈ ਸਕੱਤਰ-ਕਮ-ਐਸਟੇਟ ਅਫਸਰ ਸੁਸ਼ਾਂਤ ਭਾਟੀਆ ਅਤੇ ਐਸਟੇਟ ਅਫਸਰ ਧਰਮਿੰਦਰ ਜੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਮੁਹਿੰਮ ਦੌਰਾਨ ਫੁੱਟਪਾਥਾਂ ਅਤੇ ਜਨਤਕ ਥਾਵਾਂ ’ਤੇ ਗੈਰ-ਕਾਨੂੰਨੀ ਤੌਰ ’ਤੇ ਲਗਾਏ ਗਏ ਸਟਾਲ, ਬੈਂਚ ਅਤੇ ਹੋਰ ਸਮਾਨ ਨੂੰ ਹਟਾਇਆ ਗਿਆ ਅਤੇ ਉੱਥੇ ਪਿਆ ਸਮਾਨ ਜ਼ਬਤ ਕਰ ਲਿਆ ਗਿਆ। ਇਸ ਤੋਂ ਇਲਾਵਾ ਹਰਿਪੁਰਾ ਖੇਤਰ ਵਿੱਚ ਇੱਕ ਗੈਰ-ਕਾਨੂੰਨੀ ਖੋਖਾ ਵੀ ਹਟਾਇਆ ਗਿਆ।
ਇਹ ਕਾਰਵਾਈ ਐਸਟੇਟ ਵਿਭਾਗ ਦੀ ਟੀਮ ਨੇ ਇੰਸਪੈਕਟਰ ਪ੍ਰੀਤੀ ਚੌਹਾਨ ਅਤੇ ਇੰਸਪੈਕਟਰ ਅਮਨ ਸਮੇਤ ਹੋਰ ਇਨਫੋਰਸਮੈਂਟ ਕਰਮਚਾਰੀਆਂ ਦੀ ਸਹਾਇਤਾ ਨਾਲ ਸਫਲਤਾਪੂਰਵਕ ਅੰਜਾਮ ਦਿੱਤੀ।
ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਹੈਰੀਟੇਜ ਸਟਰੀਟ ਸ਼ਹਿਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਧਾਰਮਿਕ ਅਤੇ ਸੈਲਾਨੀ ਕੇਂਦਰ ਹੈ ਅਤੇ ਇਸ ਨੂੰ ਹਰ ਹਾਲਤ ਵਿੱਚ ਕਬਜ਼ਾ-ਮੁਕਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫੁੱਟਪਾਥ ਸਿਰਫ਼ ਆਮ ਲੋਕਾਂ ਅਤੇ ਪੈਦਲ ਚੱਲਣ ਵਾਲਿਆਂ ਦੀ ਸੁਵਿਧਾ ਲਈ ਹਨ ਅਤੇ ਉਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਦੀ ਵਪਾਰਕ ਗਤੀਵਿਧੀ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਪਹਿਲਾਂ ਹੀ ਦੁਕਾਨਦਾਰਾਂ, ਰੇਹੜੀ-ਫੜੀ ਚਲਾਉਣ ਵਾਲਿਆਂ ਅਤੇ ਹੋਰ ਲੋਕਾਂ ਨੂੰ ਹੈਰੀਟੇਜ ਸਟਰੀਟ ਅਤੇ ਜਨਤਕ ਫੁੱਟਪਾਥਾਂ ’ਤੇ ਕਬਜ਼ਾ ਨਾ ਕਰਨ ਸਬੰਧੀ ਸਲਾਹ ਜਾਰੀ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਲਗਾਤਾਰ ਉਲੰਘਣਾ ਕੀਤੇ ਜਾਣ ਕਾਰਨ ਨਿਗਮ ਨੂੰ ਸਖ਼ਤ ਕਾਰਵਾਈ ਕਰਨੀ ਪਈ।
ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਨੇ ਕਿਹਾ ਕਿ ਪੈਦਲ ਯਾਤਰੀਆਂ ਦੀ ਸੁਵਿਧਾ, ਸਫ਼ਾਈ ਅਤੇ ਹੈਰੀਟੇਜ ਖੇਤਰ ਦੀ ਗਰਿਮਾ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਇਹ ਮੁਹਿੰਮ ਨਿਯਮਿਤ ਤੌਰ ’ਤੇ ਜਾਰੀ ਰਹੇਗੀ।
ਨਗਰ ਨਿਗਮ ਅੰਮ੍ਰਿਤਸਰ ਨੇ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਹੈਰੀਟੇਜ ਰੋਡ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੁਬਾਰਾ ਗੈਰ-ਕਾਨੂੰਨੀ ਕਬਜ਼ਾ ਕਰਦੀ ਪਾਈ ਗਈ, ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਕਬਜ਼ਾ ਹਟਾਉਣਾ, ਸਮਾਨ ਜ਼ਬਤ ਕਰਨਾ ਅਤੇ ਹੋਰ ਕਾਨੂੰਨੀ ਕਾਰਵਾਈ ਸ਼ਾਮਲ ਹੋਵੇਗੀ।
ਨਗਰ ਨਿਗਮ ਨੇ ਸਾਰੇ ਦੁਕਾਨਦਾਰਾਂ, ਰੇਹੜੀ-ਫੜੀ ਚਲਾਉਣ ਵਾਲਿਆਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਹੈਰੀਟੇਜ ਸਟਰੀਟ ਸਮੇਤ ਸਾਰੇ ਜਨਤਕ ਫੁੱਟਪਾਥਾਂ ਨੂੰ ਕਬਜ਼ਾ-ਮੁਕਤ ਰੱਖਣ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ।
- Download Babushahi App
-
-