ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣਾ ਕੋਈ ‘ਗੁੱਡੇ-ਗੁੱਡੀਆਂ ਦਾ ਖੇਡ’ ਨਹੀਂ, ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ: ਭੂਪੇਸ਼ ਬਘੇਲ
‘ਪੰਜਾਬ ਕਾਂਗਰਸ 'ਚ ਸਭ ਆਲ ਇਜ਼ ਵੈੱਲ’: ਭੂਪੇਸ਼ ਬਘੇਲ ਬੋਲੇ- ਹਾਈਕਮਾਂਡ ਦਾ ਫੈਸਲਾ ਅਟੱਲ, ਸਾਰੇ ਜ਼ਿਲ੍ਹਾ ਪ੍ਰਧਾਨ ਵਡਿੰਗ ਦੇ ਨਾਲ
Babushahi Network
ਚੰਡੀਗੜ੍ਹ, 08 ਜੁਲਾਈ 2026-ਪੰਜਾਬ ਕਾਂਗਰਸ ਦੇ ਅੰਦਰੂਨੀ ਫੇਰਬਦਲ ਅਤੇ ਪ੍ਰਧਾਨ ਬਦਲਣ ਦੀਆਂ ਚੱਲ ਰਹੀਆਂ ਅਫ਼ਵਾਹਾਂ 'ਤੇ ਪਾਰਟੀ ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾ ਇੰਚਾਰਜ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਬਦਲਿਆ ਜਾਵੇਗਾ ਅਤੇ ਹਾਈਕਮਾਂਡ ਦੇ ਫੈਸਲੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ, "ਪਾਰਟੀ ਦਾ ਪ੍ਰਧਾਨ ਬਦਲਣਾ ਕੋਈ ਗੁੱਡੇ-ਗੁੱਡੀਆਂ ਦਾ ਖੇਡ ਨਹੀਂ ਹੈ।"
ਭੂਪੇਸ਼ ਬਘੇਲ ਨੇ ਦਾਅਵਾ ਕੀਤਾ ਕਿ ਸੂਬਾ ਕਾਂਗਰਸ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਦੇ ਨਾਮ 'ਤੇ ਪੂਰੀ ਸਹਿਮਤੀ ਦਿੱਤੀ ਹੈ। ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ-ਠਾਕ ਹੈ ਅਤੇ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ।
ਪੰਜਾਬ ਇੰਚਾਰਜ ਨੇ ਦੱਸਿਆ, "ਮੈਂ ਇੰਚਾਰਜ ਹੋਣ ਦੇ ਨਾਤੇ ਪੰਜਾਬ ਦੇ ਸਾਰੇ ਸੀਨੀਅਰ ਲੀਡਰਾਂ ਦੇ ਨਾਲ ਲਗਾਤਾਰ ਮੁਲਾਕਾਤਾਂ ਅਤੇ ਮੀਟਿੰਗਾਂ ਕਰ ਰਿਹਾ ਹਾਂ।" ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ & MP ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ-ਮੁੱਖ ਮੰਤਰੀ & MP ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਜਲਦੀ ਹੀ ਉਨ੍ਹਾਂ ਦੇ ਨਾਲ ਵੀ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਕੇ ਗੱਲਬਾਤ ਕੀਤੀ ਜਾਵੇਗੀ।
ਪਾਰਟੀ ਆਗੂਆਂ ਨੂੰ ਲਾਮਬੰਦ ਕਰਨ ਦੀ ਕਵਾਇਦ ਤਹਿਤ ਬਘੇਲ ਨੇ ਦੱਸਿਆ ਕਿ ਲੰਘੀ ਸ਼ਾਮ ਉਨ੍ਹਾਂ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਗ੍ਰਹਿ ਵਿਖੇ ਡਿਨਰ 'ਤੇ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੋਰ ਵੀ ਕਈ ਸੀਨੀਅਰ ਲੀਡਰਾਂ ਨਾਲ ਮੁਲਾਕਾਤ ਕਰਕੇ ਪਾਰਟੀ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ।
- Download Babushahi App
-
-