ਸੰਘਰਸ਼ ਵਿੱਚ ਅੜਿੱਕੇ ਪਾਉਣ ਵਾਲੇ ਰਾਜਨੀਤਿਕ ਆਗੂਆਂ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ, ਸਖ਼ਤ ਕਾਰਵਾਈ ਹੋਵੇਗੀ – ਪ੍ਰਧਾਨ ਅਰੁਣ ਗਿੱਲ
ਸਫਾਈ ਸੇਵਕਾਂ ਦੇ ਸੰਘਰਸ਼ ਵਿੱਚ ਨਵਾਂ ਜੋਸ਼ ਭਰਨ ਲਈ ਲੋਕਲ ਪੱਧਰ 'ਤੇ 11 ਮੈਂਬਰੀ ਐਕਸ਼ਨ ਕਮੇਟੀ ਦਾ ਹੋਵੇਗਾ ਗਠਨ
ਜਗਰਾਉਂ, 09 ਜੁਲਾਈ 2026 (ਦੀਪਕ ਜੈਨ)
ਪੰਜਾਬ ਭਰ ਦੇ ਸਫਾਈ ਸੇਵਕਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ, ਠੇਕੇਦਾਰੀ ਸਿਸਟਮ ਖ਼ਤਮ ਕਰਨ ਅਤੇ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦਾ ਸੰਘਰਸ਼ ਦੂਜੇ ਦਿਨ ਵੀ ਪੂਰੇ ਜੋਸ਼ ਅਤੇ ਏਕਤਾ ਨਾਲ ਜਾਰੀ ਰਿਹਾ। ਨਗਰ ਕੌਂਸਲ ਜਗਰਾਉਂ ਵਿਖੇ ਹੋਏ ਵਿਸ਼ਾਲ ਇਕੱਠ ਦੌਰਾਨ ਸੰਘਰਸ਼ ਨੂੰ ਹੋਰ ਮਜ਼ਬੂਤ, ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਲੋਕਲ ਪੱਧਰ 'ਤੇ 11 ਮੈਂਬਰੀ ਐਕਸ਼ਨ ਕਮੇਟੀ ਬਣਾਉਣ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ।
ਇਕੱਠ ਦੌਰਾਨ ਮਤਾ ਪਾਸ ਕਰਦਿਆਂ ਐਲਾਨ ਕੀਤਾ ਗਿਆ ਕਿ ਸਫਾਈ ਸੇਵਕਾਂ ਦੀ ਏਕਤਾ ਨੂੰ ਤੋੜਨ, ਸੰਘਰਸ਼ ਨੂੰ ਕਮਜ਼ੋਰ ਕਰਨ ਜਾਂ ਮਜ਼ਦੂਰਾਂ ਨੂੰ ਗੁੰਮਰਾਹ ਕਰਕੇ ਆਪਣੇ ਨਿੱਜੀ ਅਤੇ ਰਾਜਨੀਤਿਕ ਸਵਾਰਥ ਸਿੱਧ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਰਾਜਨੀਤਿਕ ਆਗੂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਲੋਕਾਂ ਖ਼ਿਲਾਫ਼ ਸੰਗਠਨ ਵੱਲੋਂ ਸਖ਼ਤ ਅਤੇ ਫ਼ੈਸਲਾਕੁੰਨ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਫਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਨ੍ਹਾਂ ਨੂੰ ਸੰਘਰਸ਼ ਦੇ ਰਾਹ 'ਤੇ ਧੱਕ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਰਾਜਨੀਤਿਕ ਆਗੂ ਸਫਾਈ ਸੇਵਕਾਂ ਨੂੰ ਬਹਿਕਾ ਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਸਫਾਈ ਸੇਵਕ ਭੈਣਾਂ ਅਤੇ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਏਕਤਾ ਬਣਾਈ ਰੱਖਣ, ਸੰਘਰਸ਼ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਭਰਮ ਜਾਂ ਦਬਾਅ ਵਿੱਚ ਨਾ ਆਉਣ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਜਲਦ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਕਾਰਜਸਾਧਕ ਅਫ਼ਸਰ ਅਤੇ ਨਗਰ ਕੌਂਸਲ ਦੇ ਚੁਣੇ ਹੋਏ ਰਾਜਨੀਤਿਕ ਆਗੂਆਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਅੱਜ ਦੇ ਧਰਨੇ ਵਿੱਚ ਕਮਲਜੀਤ ਸਿੰਘ ਖੰਨਾ (ਪ੍ਰਧਾਨ, ਇਨਕਲਾਬੀ ਕੇਂਦਰ ਪੰਜਾਬ), ਜਥੇਦਾਰ ਤਰਲੋਚਨ ਸਿੰਘ (ਮੀਤ ਪ੍ਰਧਾਨ, ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ), ਸੀਨ ਪ੍ਰੋਡਕਸ਼ਨ ਪੰਜਾਬ ਦੀ ਟੀਮ, ਅਸ਼ਵਨੀ ਕੁਮਾਰ, ਸਰਪ੍ਰਸਤ ਪ੍ਰਦੀਪ ਕੁਮਾਰ, ਸੈਕਟਰੀ ਰਜਿੰਦਰ ਕੁਮਾਰ, ਮੀਤ ਪ੍ਰਧਾਨ ਸਨੀ ਸੁੰਦਰ, ਸੰਦੀਪ ਧਾਲੀਵਾਲ, ਲਖਬੀਰ ਸਿੰਘ ਨਿੱਕਾ (ਪ੍ਰਧਾਨ, ਰਾਸ਼ਟਰੀ ਸਫਾਈ ਸੇਵਕ ਮਹਾਂ ਸੰਘ), ਰਾਜ ਕੁਮਾਰ (ਪ੍ਰਧਾਨ, ਸੀਵਰ ਮੈਨ ਯੂਨੀਅਨ), ਬਲਵਿੰਦਰ ਕਲਿਆਣ, ਸੁਰਜੀਤ ਸਿੰਘ ਭਾਗਾ, ਰਾਮ ਸਮੇਤ ਸਮੂਹ ਮਿਊਂਸਪਲ ਵਰਕਰਾਂ ਅਤੇ ਸਫਾਈ ਸੇਵਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਅਤੇ ਏਕਤਾ ਬਣਾਈ ਰੱਖਣ ਦਾ ਅਹਿਦ ਕੀਤਾ।
- Download Babushahi App
-
-