ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਵਲੋਂ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਪੱਕਾ ਰੋਸ ਧਰਨਾ 37 ਵੇ ਦਿਨ ਵੀ ਜਾਰੀ
ਇੱਕ ਪਾਸੇ ਸਰਕਾਰ ਔਰਤਾਂ ਨੂੰ ਮਾਣ ਭੱਤਾ ਦੇਣ ਜਾ ਰਹੀ ਹੈ ਦੂਜੇ ਪਾਸੇ ਵਿਆਹੁਤਾ ਲੜਕੀਆਂ ਨੂੰ ਨੌਕਰੀਆਂ ਦੇ ਦਰਵਾਜੇ ਬੰਦ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 9 ਜੁਲਾਈ 2026:- ਪੀ.ਐਸ.ਪੀ.ਸੀ.ਐਲ ਦੇ ਮੁੱਖ ਦਫਤਰ ਪਟਿਆਲਾ ਅੱਗੇ ਵਿਭਾਗ ਨਾਲ ਸਬੰਧਿਤ ਮਿਰਤਕ ਕਰਮਚਾਰੀਆਂ ਦੇ ਵਾਰਿਸਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ 3 ਜੂਨ ਤੋਂ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਸੀ ਜੋ 37 ਵੇ ਦਿਨ ਵੀ ਲਗਾਤਾਰ ਜਾਰੀ ਹੈ। ਬੇਰੁਜ਼ਗਾਰ ਮਿਰਤਕ ਆਸਰਿਤ ਸੰਘਰਸ ਕਮੇਟੀ ਪੰਜਾਬ ਦੇ ਆਗੂ ਮਾ: ਚਰਨਜੀਤ ਸਿੰਘ ਦਿਉਣ ਨੇ ਦੱਸਿਆ ਕਿ ਸਾਡੀ ਜੱਥੇਬੰਦੀ 2004 ਤੋਂ ਸੰਘਰਸ ਕਰ ਰਹੀ ਹੈ। ਪਰ ਅਜੇ ਤੱਕ ਸਾਨੂੰ ਆਪਣੇ ਮਾਪਿਆਂ ਦਾ ਹੱਕ ਤਰਸ ਅਧਾਰ ਨੌਕਰੀ ਵਜੋਂ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ 21 ਅਕਤੂਬਰ 2022 ਦੀ ਮੰਤਰੀ ਮੰਡਲ ਪੰਜਾਬ ਦੀ ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਤਰਸ ਅਧਾਰ ਨੌਕਰੀ ਲੈਣ ਤੋਂ ਵਾਂਝੇ ਪਰਿਵਾਰਾਂ ਦੇ ਧੀਆਂ-ਪੁੱਤਰਾਂ ਨੂੰ ਮੁੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਪਰ ਉਸ ਬਣੀ ਪਾਲਿਸੀ ਵਿਚ ਨੌਕਰੀ ਲੈਣ ਲਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਨੇ ਸਾਨੂੰ 20 ਸਾਲ ਪਹਿਲਾਂ ਦਿੱਤੇ ਸਾਰੇ ਭੱਤੇ (ਸੋਲੇਸ਼ੀਅਮ ਅਤੇ ਮਾਂ ਨੂੰ ਮਿਲੀ ਪੈਨਸ਼ਨ ) 12 ਫੀਸਦੀ ਵਿਆਜ਼ ਨਾਲ ਮੋੜਨ ਲਈ ਕਿਹਾ ਅਤੇ ਦੂਜਾ ਕਈ ਬੇਲੋੜੀਆਂ ਸਰਤਾਂ ਦੀਆਂ ਅੜਚਣਾ ਲਾਕੇ ਸਾਡੀ ਨੌਕਰੀ ਦਾ ਹੱਕ ਮਾਰ ਦਿੱਤਾ ਗਿਆ। ਇਸ ਲਈ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਪਣੇ ਬਣਦੇ ਹੱਕ ਲੈਣ ਲਈ ਪਟਿਆਲੇ ਬਿਜਲੀ ਨਿਗਮ ਦੇ ਮੁੱਖ ਦਫਤਰ ਸਾਹਮਣੇ 3 ਜੂਨ 2026 ਤੋਂ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾ ਪੂਰੀਆਂ ਹੋਣ ਤੱਕ ਪੱਕਾ ਮੋਰਚਾ ਲਾਕੇ ਸਰਕਾਰ ਅਤੇ ਬੋਰਡ ਦਾ ਪਿਟ ਸਿਆਪਾ ਕਰਦੇ ਰਹਾਂਗੇ। ਬੇਰੁਜਗਾਰ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਕਰਮਚਾਰੀ ਦੀ ਮੌਤ ਹੋਈ ਹੈ ਜੇਕਰ ਉਸ ਤਰੀਕ ਤੋਂ ਕੇਸ ਵਿਚਾਰੇ ਜਾਣ ਤਾਂ ਅਨੇਕਾਂ ਮੁਸ਼ਕਿਲਾਂ ਦਾ ਹੱਲ ਆਪਣੇ-ਆਪ ਹੋ ਸਕਦਾ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪਾਲਿਸੀ ਅਧੀਨ ਆਉਂਦੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸੌਖੇ ਢੰਗ ਨਾਲ ਨੌਕਰੀ ਦਿੱਤੀ ਜਾਵੇ ਨਹੀਂ ਇਸ ਸੰਘਰਸ ਨੂੰ ਭਵਿੱਖ ਵਿੱਚ ਹੋਰ ਵਧੇਰੇ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀ ਮੌੜ, ਗੱਬਰ ਸਿੰਘ, ਗੁਰਤੇਜ ਸਿੰਘ ਫ਼ਤਿਹਗੜ ਸਾਹਿਬ, ਸ਼ਿਵਨਾਥ ਸਿੰਘ ਬਰਾੜ ਸੈਂਬਰ ਸਿੰਘ, ਦਵਿੰਦਰ ਸਿੰਘ ਧੂਰੀ, ਰਾਜਵੀਰ ਸਿੰਘ, ਵਿਨੋਦ ਕੁਮਾਰ,ਬਲਵਿੰਦਰ ਕੌਰ ਬਨਭੌਰਾ, ਰੇਖਾ ਰਾਣੀ ਬਠਿੰਡਾ, ਮਹਿੰਦਰ ਸਿੰਘ ਢਿੱਲਵਾਂ, ਰਾਜਵੀਰ ਸਿੰਘ ਰਾਜਪੁਰਾ, ਪਰਮੇਸ, ਸਰਬਜੀਤ ਸਿੰਘ ਭੂਦਨ, ਹਰਪ੍ਰੀਤ ਸਿੰਘ ਅਨੰਦਪੁਰ ਸਾਹਿਬ, ਆਦਿ ਹਾਜ਼ਰ ਸਨ।
- Download Babushahi App
-
-