ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਗਰਾਉਂ ਵਿਖੇ ਸਿੰਚਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ
*ਜਗਰਾਉਂ ਦਾ ਐਸ.ਟੀ.ਪੀ ਪ੍ਰੋਜੈਕਟ ਬਣੇਗਾ ਦੇਸ਼ ਲਈ ਮਿਸਾਲ: ਬਰਿੰਦਰ ਕੁਮਾਰ ਗੋਇਲ*
*ਜਗਰਾਉਂ ਵਿੱਚ ਇੱਕ ਹੋਰ ਚੱਲ ਰਹੇ 12 ਐਮ.ਐਲ.ਟੀ. ਸੀਵਰੇਜ ਟਰੀਟਮੈਂਟ ਪਲਾਂਟ ਦਾ ਟਰੀਟ ਪਾਣੀ ਵੀ ਪਾਈਪ ਲਾਈਨ ਵਿਛਾ ਕੇ ਖੇਤਾਂ ਨੂੰ ਸਿੰਚਾਈ ਲਈ ਦਿੱਤਾ ਜਾਵੇਗਾ : ਭੂਮੀ ਤੇ ਜਲ ਸੰਭਾਲ ਮੰਤਰੀ ਗੋਇਲ*
*ਪੰਜਾਬ ਵਿੱਚ 50 ਹਜ਼ਾਰ ਏਕੜ ਜ਼ਮੀਨ ਨੂੰ ਮਿਲੇਗਾ ਟਰੀਟ ਕੀਤਾ ਹੋਇਆ ਪਾਣੀ: ਬਰਿੰਦਰ ਕੁਮਾਰ ਗੋਇਲ*
ਦੀਪਕ ਜੈਨ
ਜਗਰਾਉਂ , 9 ਜੁਲਾਈ
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਸਿੰਚਾਈ ਲਈ ਬਦਲਵੇਂ ਜਲ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਦੀ ਇੱਕ ਹੋਰ ਮਹੱਤਵਪੂਰਨ ਪਹਿਲ ਕਦਮੀ ਤਹਿਤ ਪੰਜਾਬ ਦੇ ਭੂਮੀ ਅਤੇ ਜਲ ਸੰਭਾਲ, ਖਣਨ ਤੇ ਭੂ-ਵਿਗਿਆਨ ਅਤੇ ਜਲ ਸਰੋਤ, ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਵੀਰਵਾਰ ਨੂੰ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵੱਲੋਂ ਜਗਰਾਉਂ ਵਿਖੇ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਦੇ ਸੋਧੇ ਹੋਏ ਪਾਣੀ ਨੂੰ ਖੇਤੀਬਾੜੀ ਸਿੰਚਾਈ ਲਈ ਵਰਤੋਂ ਵਿੱਚ ਲਿਆਉਣ ਲਈ ਲਾਗੂ ਕੀਤੇ ਗਏ 5.34 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਮੁੱਖ ਭੂਮੀ ਪਾਲ, ਪੰਜਾਬ ਸ੍ਰੀ ਮਹਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਸ੍ਰੀ ਮਨਜੀਤ ਸਿੰਘ ਚੀਮਾ, ਉਪ ਮੰਡਲ ਮਜਿਸਟਰੇਟ ਜਗਰਾਉਂ ਸ੍ਰੀ ਬਾਦਲਦੀਨ ਅਤੇ ਮੰਡਲ ਭੂਮੀ ਰੱਖਿਆ ਅਫਸਰ, ਲੁਧਿਆਣਾ ਸ੍ਰੀਮਤੀ ਨਿੱਧੀ ਬੱਤਾ ਵੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਤੋਂ ਪ੍ਰਾਪਤ ਸੋਧੇ ਹੋਏ ਪਾਣੀ ਨੂੰ ਖੇਤੀਬਾੜੀ ਸਿੰਚਾਈ ਲਈ ਵਰਤੋਂ ਵਿੱਚ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਅਜਿਹੇ ਉਪਰਾਲਿਆਂ ਨਾਲ ਨਾ ਸਿਰਫ਼ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਘਟੇਗੀ, ਬਲਕਿ ਪਹਿਲਾਂ ਨਜ਼ਦੀਕੀ ਡਰੇਨਾਂ ਵਿੱਚ ਵਿਅਰਥ ਜਾ ਰਹੇ ਸੋਧੇ ਹੋਏ ਪਾਣੀ ਦੀ ਵੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇਗੀ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਸੰਭਾਲ, ਸੋਧੇ ਹੋਏ ਪਾਣੀ ਦੀ ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨ ਭਾਈਚਾਰੇ ਲਈ ਸਥਾਈ ਸਿੰਚਾਈ ਪ੍ਰਬੰਧ ਨੂੰ ਮਜ਼ਬੂਤ ਕਰਨ ਦੇ ਯਤਨਾਂ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ। ਇਸ ਮੁਕੰਮਲ ਹੋਏ ਪ੍ਰੋਜੈਕਟ ਦੇ ਨਾਲ ਪੰਜਾਬ ਵਿੱਚ ਖੇਤੀਬਾੜੀ ਸਿੰਚਾਈ ਲਈ ਵਰਤੇ ਜਾ ਰਹੇ ਸੋਧੇ ਹੋਏ ਪਾਣੀ ਦੀ ਸਮਰੱਥਾ ਕਰੀਬ 500 ਐਮ.ਐਲ.ਡੀ. ਤੱਕ ਪਹੁੰਚ ਜਾਵੇਗੀ, ਜਦਕਿ 210 ਐਮ.ਐਲ.ਡੀ. ਸੋਧੇ ਹੋਏ ਪਾਣੀ ਦੀ ਵਰਤੋਂ ਲਈ 22 ਹੋਰ ਪ੍ਰੋਜੈਕਟ ਉਸਾਰੀ ਅਧੀਨ ਹਨ। ਇਹ ਪ੍ਰੋਜੈਕਟ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਲਈ ਮਾਡਲ ਵਜੋਂ ਉਭਰੇ ਹਨ।
ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਕਿ ਅਸੀਂ ਟੇਲਾਂ 'ਤੇ ਪਾਣੀ ਪਹੁੰਚਾਵਾਂਗੇ ਉਹ ਪਾਣੀ ਸਾਡੀ ਸਰਕਾਰ ਨੇ ਪਹਿਚਾਇਆ ਹੈ।
ਭੂਮੀ ਅਤੇ ਜਲ ਸੰਭਾਲ ਮੰਤਰੀ ਨੇ ਐਲਾਨ ਕੀਤਾ ਕਿ ਜਗਰਾਉਂ ਦੇ ਵਿੱਚ ਪਹਿਲਾਂ ਹੀ ਇੱਕ ਹੋਰ 12 ਐਮ.ਐਲ.ਟੀ ਦਾ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ) ਚੱਲ ਰਿਹਾ ਹੈ। ਜਿਸ ਦਾ ਸੋਧਿਆ ਹੋਇਆ ਪਾਣੀ ਵੀ ਪਾਈਪ ਲਾਈਨ ਵਿਛਾ ਕੇ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ। ਇਸ ਦੀ ਤਜਵੀਜ਼ ਤਿਆਰ ਕੀਤੀ ਜਾਵੇਗੀ ਅਤੇ ਜਲਦੀ ਹੀ ਇਸ ਪ੍ਰੋਜੈਕਟ ਨੂੰ ਵੀ ਨੇਪਰੇ ਚੜਿਆ ਜਾਵੇਗਾ, ਜਿਸ ਦਾ ਲਾਭ ਜਗਰਾਉਂ ਹਲਕੇ ਦੇ ਕਿਸਾਨਾਂ ਨੂੰ ਮਿਲੇਗਾ।
ਸ੍ਰੀ ਗੋਇਲ ਨੇ ਕਿਹਾ ਕਿ ਸਾਡੇ ਵਿਭਾਗ ਭੂਮੀ ਅਤੇ ਜਲ ਸੰਭਾਲ ਵੱਲੋਂ ਪੰਜਾਬ ਵਿੱਚ ਕਰੀਬ 30 ਹਜ਼ਾਰ ਏਕੜ ਜ਼ਮੀਨ ਨੂੰ ਟਰੀਟ ਕੀਤਾ ਹੋਇਆ ਪਾਣੀ ਪਹਿਲਾਂ ਹੀ ਪਾਈਪ ਲਾਈਨ ਵਿਛਾ ਕੇ ਖੇਤਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ 20 ਹਜ਼ਾਰ ਏਕੜ ਹੋਰ ਜ਼ਮੀਨ ਨੂੰ ਪੰਜਾਬ ਦੇ ਵਿੱਚ ਟਰੀਟ ਕੀਤਾ ਪਾਣੀ ਖੇਤਾ ਨੂੰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ 50 ਹਜ਼ਾਰ ਏਕੜ ਜ਼ਮੀਨ ਨੂੰ ਉਹ ਪਾਣੀ ਦੇਣਾ ਹੈ ਜੋ ਕਿਸੇ ਕੰਮ ਨਹੀਂ ਆਉਂਦਾ ਸੀ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਧਰਤੀ ਹੇਠਲਾ ਪਾਣੀ ਬਚਾ ਕੇ ਪੰਜਾਬ ਨੂੰ ਦਿੱਤਾ ਹੈ।
ਹਲਕਾ ਜਗਰਾਉਂ ਦੇ ਵਿਧਾਇਕ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਬੀਤੇ ਵਰ੍ਹਿਆਂ ਦੌਰਾਨ ਜਗਰਾਉਂ ਦੇ ਆਸ-ਪਾਸ ਦੇ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਕਰੀਬ 70 ਤੋਂ 80 ਫੁੱਟ ਤੱਕ ਡਿੱਗ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਦੇ ਰਕਬੇ ਦੀ ਸਿੰਚਾਈ ਟਿਊਬਵੈੱਲਾਂ ਦੀ ਥਾਂ ਸੋਧੇ ਹੋਏ ਪਾਣੀ ਰਾਹੀਂ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਵਿੱਚ ਕਾਫੀ ਕਮੀ ਆਵੇਗੀ ਅਤੇ ਜਲ ਸਰੋਤਾਂ ਦੇ ਸਥਾਈ ਪ੍ਰਬੰਧਨ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਪ੍ਰੋਜੈਕਟ ਰਾਹੀਂ ਕਰੀਬ 426 ਹੈਕਟੇਅਰ ਰਕਬੇ ਨੂੰ ਸਿੰਚਾਈ ਸਹੂਲਤ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਪਿੰਡ ਅਗਵਾੜ ਖਵਾਜਾ ਬਾਜੂ ਅਤੇ ਅਗਵਾੜ ਲੋਪੋ ਕਲਾਂ ਦੇ ਕਰੀਬ 547 ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਭੂਮੀ ਪਾਲ, ਪੰਜਾਬ ਸ੍ਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਐਸ.ਬੀ.ਆਰ. ਤਕਨਾਲੋਜੀ ਆਧਾਰਿਤ ਜਗਰਾਉਂ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਪ੍ਰਤੀ ਦਿਨ 16 ਐਮ.ਐਲ.ਡੀ. ਸੋਧੇ ਹੋਏ ਪਾਣੀ ਦੀ, ਕਰੀਬ 15 ਕਿਲੋਮੀਟਰ ਲੰਮੇਂ ਜ਼ਮੀਨਦੋਜ਼ ਐਚ.ਡੀ.ਪੀ.ਈ. ਪਾਈਪਲਾਈਨ ਨੈੱਟਵਰਕ ਰਾਹੀਂ, ਸਿੰਚਾਈ ਲਈ ਨਿਰਵਿਘਨ ਸਪਲਾਈ ਕੀਤੀ ਜਾਵੇਗੀ। ਨਾਬਾਰਡ ਵੱਲੋਂ ਪ੍ਰਯੋਜਿਤ ਇਹ ਪ੍ਰੋਜੈਕਟ 5.34 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵੱਲੋਂ ਸੂਬੇ ਭਰ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟ ਵੀ ਲਾਗੂ ਕੀਤੇ ਜਾ ਰਹੇ ਹਨ ਤਾਂ ਜੋ ਸਿੰਚਾਈ ਲਈ ਬਦਲਵੇਂ ਜਲ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਧਰਤੀ ਹੇਠਲੇ ਪਾਣੀ 'ਤੇ ਵੱਧ ਰਹੀ ਨਿਰਭਰਤਾ ਨੂੰ ਘਟਾਇਆ ਜਾ ਸਕੇ।
- Download Babushahi App
-
-