Political Special ਨਗਰ ਨਿਗਮ ਚੋਣਾਂ : ਕਾਗਜ਼ ਰੱਦ ਹੋਣ ਪਿੱਛੋਂ ਅੰਬਰਾਂ ਨੂੰ ਛੂਹਣ ਲੱਗਿਆ ਸਿਆਸੀ ਪਾਰਾ
ਅਸ਼ੋਕ ਵਰਮਾ
ਬਠਿੰਡਾ, 19 ਮਈ 2026 : ਨਗਰ ਨਿਗਮ ਬਠਿੰਡਾ ਦੀ ਚੋਣ ਦੌਰਾਨ ਵੱਡੀ ਪੱਧਰ ’ਤੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਸ਼ਹਿਰੀ ਹਲਕੇ ’ਚ ਸਿਆਸੀ ਪਾਰਾ ਅੰਬਰੀਂ ਚੜ੍ਹ ਗਿਆ ਹੈ। ਕਾਗਜ਼ ਰੱਦ ਹੋਣ ਵਾਲਿਆਂ ’ਚ ਕਾਂਗਰਸ ਪਾਰਟੀ ਦੇ ਅੱਧੀ ਦਰਜਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਉਮੀਦਵਾਰ ਹਨ ਜਦੋਂਕਿ ਦੋ ਪਿਤਾ ਪੁੱਤਰ ਅਜਾਦ ਉਮੀਦਵਾਰਾਂ ਦੀਆਂ ਨਾਮਜਦਗੀਆਂ ਰੱਦ ਕੀਤੀਆਂ ਗਈਆਂ ਹਨ। ਸਭ ਤੋਂ ਹੈਰਾਨਕੁੰਨ ਮਾਮਲਾ ਵਾਰਡ ਨੰਬਰ 14 ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਮੈਦਾਨ ’ਚ ਨਿੱਤਰੇ ਬਲਜੀਤ ਸਿੰਘ ਰਾਜੂ ਸਰਾਂ ਅਤੇ ਉਨ੍ਹਾਂ ਦੇ ਕਵਰਿੰਗ ਕੈਂਡੀਡੇਟ ਲੜਕੇ ਦੇ ਕਾਗਜ਼ ਰੱਦ ਹੋਣ ਨਾਲ ਜੁੜਿਆ ਹੈ। ਬਲਜੀਤ ਸਿੰਘ ਰਾਜੂ ਸਰਾਂ ਨੂੰ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 18 ਤੋਂ ਪਾਰਟੀ ਦੀ ਟਿਕਟ ਦਿੱਤੀ ਸੀ ਅਤੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਭਾਣਜੇ ਸੁਖਦੀਪ ਸਿੰਘ ਢਿੱਲੋਂ ਨੂੰ ਵਾਰਡ ਨੰਬਰ 14 ਤੋਂ ਉਮੀਦਵਾਰ ਬਣਾਇਆ ਸੀ।
ਜਦੋਂ ਸੁਖਦੀਪ ਸਿੰਘ ਨੇ ਵਾਰਡ ਨੰਬਰ 14 ਦੀ ਚੋਣ ਲੜਨ ਤੋਂ ਜਵਾਬ ਦੇ ਦਿੱਤਾ ਤਾਂ ਬਦਲੇ ਸਿਆਸੀ ਸਮੀਕਰਨਾਂ ਤਹਿਤ ‘ਆਪ’ ਨੇ ਪਲਵਿੰਦਰ ਸਿੰਘ ਨੰਬਰਦਾਰ ਨੂੰ ਉਮੀਦਵਾਰ ਬਣਾ ਲਿਆ। ਸੂਤਰ ਦੱਸਦੇ ਹਨ ਕਿ ਰਾਜੂ ਸਰਾਂ ਇਸ ਵਾਰਡ ਤੋਂ ਆਪ ਉਮੀਦਵਾਰ ਵਜੋਂ ਚੋਣ ਲੜਨ ਦੀ ਇੱਛਾ ਰੱਖਦਾ ਸੀ ਪਰ ਜਦੋਂ ਗੱਲ ਨਾਂ ਬਣੀ ਤਾਂ ਉਸ ਨੇ ਅਜਾਦ ਉਮੀਦਵਾਰ ਵੱਜੋਂ ਇਸ ਜੰਗ ’ਚ ਕੁੱਦਣ ਦਾ ਐਲਾਨ ਕਰਦਿਆਂ ਆਪਣੀਆਂ ਦੋਵੇਂ ਨਾਮਜਦਗੀਆਂ ਵੀ ਦਾਖਲ ਕਰ ਦਿੱਤੀਆਂ। ਸੋਮਵਾਰ ਦੇਰ ਸ਼ਾਮ ਨੂੰ ਪਤਾ ਲੱਗਿਆ ਕਿ ਬਲਜੀਤ ਸਿੰਘ ਰਾਜੂ ਸਰਾਂ ਅਤੇ ਉਸ ਦੇ ਲੜਕੇ ਦੇ ਕਾਗਜ਼ ਰੱਦ ਹੋ ਗਏ ਹਨ। ਇਸ ਮੌਕੇ ਇੰਟਰਨੈਟ ਮੀਡੀਆ ’ਤੇ ਗੱਲਬਾਤ ਕਰਦਿਆਂ ਰਾਜੂ ਸਰਾਂ ਨੇ ਜਾਣਕਾਰੀ ਦਿੱਤੀ ਕਿ ਖਿਲਾਫ ਬਠਿੰਡਾ ਦੇ ਥਾਣਾ ਨੇਹੀਆਂ ਵਾਲਾ ’ਚ ਮੁਕੱਦਮਾ ਵੀ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਨਾਲ ਕੀਤੀ ਗਈ ਇਸ ਧੱਕੇਸ਼ਾਹੀ ਖਿਲਾਫ ਲੜਾਈ ਲੜਨਗੇ।
ਕੀ ਇੰਨ੍ਹਾਂ ਦੋਵਾਂ ਮਾਮਲਿਆਂ ’ਚ ਕੋਈ ਆਪਸੀ ਸਮਾਨਤਾ ਹੈ ਜਾਂ ਫਿਰ ਸੰਜੋਗ ਇਸ ਸਬੰਧੀ ਤਾਂ ਚੋਣ ਅਧਿਕਾਰੀ ਹੀ ਦੱਸ ਸਕਦੇ ਹਨ ਜੋ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ । ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ਦਾ ਸਿਆਸੀ ਮਹੌਲ ਗਰਮਾ ਗਿਆ ਹੈ ਅਤੇ ਇਹ ਮਾਮਲਾ ਵੱਡੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਤਾ ਪਿਛੋਕੜ ’ਚ ਚੱਲਦੇ ਹਾਂ ਜਦੋਂ ਰਾਜੂ ਸਰਾਂ 2015 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਭਾਰੀ ਬਹੁਮੱਤ ਨਾਲ ਜਿੱਤਿਆ ਸੀ। ਸਾਲ 2021 ’ਚ ਨਿਗਮ ਚੋਣਾਂ ਦੌਰਾਨ ਰਾਜੂ ਸਰਾਂ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸੱਦੇ ਤਹਿਤ ਕਾਂਗਰਸ ’ਚ ਸ਼ਾਮਲ ਹੋ ਗਿਆ ਅਤੇ 10 ਨੰਬਰ ਵਾਰਡ ਤੋਂ ਜਿੱਤ ਪ੍ਰਾਪਤ ਕੀਤੀ ਸੀ। ਸਾਲ 2022 ’ਚ ਸੱਤਾ ਤਬਦੀਲੀ ਤੋਂ ਬਾਅਦ ਬਣੇ ਨਵੇਂ ਸਮੀਕਰਨਾਂ ਕਾਰਨ ਕਾਂਗਰਸ ਪਾਰਟੀ ਪਾਟੋਧਾੜ ਹੋ ਗਈ।
ਵਾਰਡ ਨੰਬਰ 48 ਦੀ ਜਿਮਨੀ ਚੋਣ ਦੌਰਾਨ ਜਿੱਤੇ ‘ਆਪ’ ਉਮੀਦਵਾਰ ਪਦਮਜੀਤ ਮਹਿਤਾ ਨੂੰ ਮੇਅਰ ਬਨਾਉਣ ਵੇਲੇ ਰਾਜੂ ਸਰਾਂ ਹੋਰਨਾਂ ਕਾਂਗਰਸੀ ਕੌਂਸਲਰਾਂ ਵਾਂਗ ਪਦਮਜੀਤ ਦੇ ਹੱਕ ’ਚ ਭੁਗਤ ਗਿਆ। ਉਦੋਂ ਤੋਂ ਹੁਣ ਤੱਕ ਰਾਜੂ ਸਰਾਂ ਦੀ ਨਿਗਮ ਪ੍ਰਸ਼ਾਸ਼ਨ ’ਚ ਤੂਤੀ ਬੋਲਦੀ ਆ ਰਹੀ ਸੀ। ਕਿਉਂਕਿ ਨਗਰ ਨਿਗਮ ਚੋਣਾਂ ਦੀ ਕਮਾਂਡ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਹੱਥ ਵਿੱਚ ਸੀ। ਮਹਿਤਾ ਦੀ ਸਿਫਾਰਸ਼ ’ਤੇ ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ‘ਆਪ’ ਦੇ ਇਕਲੌਤੇ ਕੌਂਸਲਰ ਪਦਮਜੀਤ ਮਹਿਤਾ ਨੂੰ ਦਾ ਮੇਅਰ ਬਨਾਉਣ ਮੌਕੇ ਸਹਾਇਤਾ ਕਰਨ ਵਾਲੇ ਕਾਂਗਰਸੀ ਕੌਂਸਲਰਾਂ ਨੂੰ ਨਿਵਾਜਣ ਦੀ ਨੀਤੀ ਤਹਿਤ ਕਾਂਗਰਸੀ ਕੌਂਸਲਰ ਰਾਜੂ ਸਰਾਂ ਨੂੰ ਵਾਰਡ ਨੰਬਰ 18 ਤੋਂ ‘ਆਪ’ ਦਾ ਅਧਿਕਾਰਕ ਉਮੀਦਵਾਰ ਬਣਾ ਲਿਆ । ਹਾਲਾਂਕਿ ਸ਼ੁਰੂਆਤੀ ਦੌਰ ’ਚ ਕੋਈ ਵਿਰੋਧ ਸਾਹਮਣੇ ਨਹੀਂ ਆਇਆ ਸੀ ਪਰ ਵਿਧਾਇਕ ਦੇ ਭਾਣਜੇ ਦੀ ਨਾਂਹ ਨੇ ਸਿਆਸੀ ਸੇਵੀਆਂ ’ਚ ਲੂਣ ਭੂੱਕ ਦਿੱਤਾ।
ਅੱਧੀ ਦਰਜਨ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਭੜਕੇ ਕਾਂਗਰਸੀਆਂ ਨੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਰੋਸ ਧਰਨੇ ਪਿੱਛੋਂ ਮੰਗ ਪੱਤਰ ਦਿੱਤਾ ਹੈ। ਮਾਮਲਾ ਹਾਈ ਕੋਰਟ ਪੁੱਜਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿੰਨ੍ਹਾਂ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ ਉਨ੍ਹਾਂ ’ਚ ਜਰਨਲ ਵਰਗ ਲਈ ਰਾਖਵੇਂ ਵਾਰਡ ਨੰਬਰ 44 ਤੋਂ ਹਰਵਿੰਦਰ ਸਿੰਘ ਲੱਡੂ ਸ਼ਾਮਲ ਹੈ ਜੋਕਿ ਐਸਸੀ ਸ਼੍ਰੇਣੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਹਰਵਿੰਦਰ ਲੱਡੂ ਪਿਛਲੀ ਵਾਰ ਵੀ ਕੌਂਸਲਰ ਸੀ ਜਦੋਂਕਿ 2015 ’ਚ ਉਸ ਦੀ ਪਤਨੀ ਕੌਂਸਲਰ ਬਣੀ ਸੀ। ਹਰਵਿੰਦਰ ਲੱਡੂ ਨੂੰ ਕਾਫੀ ਮਜਬੂਤ ਉਮੀਦਵਾਰ ਮੰਨਿਆ ਜਾਂਦਾ ਹੈ। ਵਾਰਡ ਨੰਬਰ 46 ਤੋਂ ਇੰਜਨੀਅਰ ਰਾਜਨਦੀਪ ਸਿੰਘ , ਵਾਰਡ ਨੰਬਰ 39 ਤੋਂ ਪਰਮਜੀਤ ਕੌਰ, ਵਾਰਡ ਨੰਬਰ 38 ਤੋਂ ਜਗਦੀਸ਼ ਸ਼ਰਮਾ, ਵਾਰਡ ਨੰਬਰ 17 ਤੋਂ ਨੇਹਾ ਵਰਮਾ ਤੇ ਵਾਰਡ ਨੰਬਰ 41 ਤੋਂ ਨੀਲਮ ਧੀਰ ਤੇ ਕਾਗਜ ਰੱਦ ਹੋਏ ਹਨ ।
ਅਕਾਲੀ ਦਲ ਵੱਲੋਂ ਵੀ ਰੋਸ ਵਿਖਾਵਾ
ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 15 ਤੋਂ ਅਜੇ ਕੁਮਾਰ, ਵਾਰਡ ਨੰਬਰ 28 ਤੋਂ ਬਿੱਟੂ ਸਿੰਘ ਮਹਿਣਾ ਬਸਤੀ ਅਤੇ ਵਾਰਡ ਨੰਬਰ 36 ਤੋਂ ਹਰਸ਼ ਸੈਣੀ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਹਲਕਾ ਇੰਚਾਰਜ ਬਬਲੀ ਢਿੱਲੋਂ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਸਿਆਸੀ ਦਬਾਅ ਹੇਠ ਕੀਤੀ ਗਈ ਹੈ ਤਾਂ ਜੋ ਮਜ਼ਬੂਤ ਉਮੀਦਵਾਰਾਂ ਨੂੰ ਚੋਣ ਮੈਦਾਨ ਤੋਂ ਬਾਹਰ ਕੀਤਾ ਜਾ ਸਕੇ। ਉਨ੍ਹਾਂ ਮਾਮਲਾ ਹਾਈ ਕੋਰਟ ਲਿਜਾਣ ਦਾ ਐਲਾਨ ਵੀ ਕੀਤਾ ਅਤੇ ਸੜਕਾਂ ’ਤੇ ਲੜਾਈ ਲੜਨ ਦੀ ਗੱਲ ਵੀ ਕਹੀ ਹੈ।।
- Download Babushahi App
-
-