ਖੇਤਾਂ 'ਚ ਬਿਜਲੀ ਦੀਆਂ ਤਾਰਾਂ ਹੋਣਗੀਆਂ ਅੰਡਰਗਰਾਊਂਡ; CM ਭਗਵੰਤ ਮਾਨ ਨੇ ਜੱਦੀ ਪਿੰਡ ਸਤੌਜ ਤੋਂ ਕੀਤੀ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ
ਤੂਫ਼ਾਨ ਅਤੇ ਹਨੇਰੀ ਕਾਰਨ ਹੁਣ ਨਹੀਂ ਪ੍ਰਭਾਵਿਤ ਹੋਵੇਗੀ ਬਿਜਲੀ ਦੀ ਸਪਲਾਈ
ਖੇਤਾਂ ਵਿੱਚ ਖੰਭੇ ਅਤੇ ਤਾਰਾਂ ਦੇ ਜੰਜਾਲ ਤੋਂ ਮਿਲੇਗੀ ਮੁਕਤੀ; ਹਾਦਸਿਆਂ ਅਤੇ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਲੱਗੇਗੀ ਲਗਾਮ
ਪਿੰਡ ਸਤੌਜ ਵਿੱਚੋਂ ਹਟਾਏ ਜਾਣਗੇ 384 ਬਿਜਲੀ ਦੇ ਖੰਭੇ, 8 ਕਰੋੜ ਦੀ ਲਾਗਤ ਨਾਲ ਬਣੇਗਾ ਪੰਜਾਬ ਦਾ ਪਹਿਲਾ 'ਖੰਭਾ ਮੁਕਤ' ਮਾਡਲ ਪਿੰਡ
Bsbushahi Network
ਚੰਡੀਗੜ੍ਹ/ਸੰਗਰੂਰ, 19 ਮਈ 2026: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਿਜਲੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਕਿਸਾਨਾਂ-ਪਿੰਡ ਵਾਸੀਆਂ ਨੂੰ ਵੱਡੀ ਰਾਹਤ ਦੇਣ ਲਈ ਇੱਕ ਇਤਿਹਾਸਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ (ਸੰਗਰੂਰ) ਤੋਂ ਬਿਜਲੀ ਦੀਆਂ ਓਵਰਹੈੱਡ ਤਾਰਾਂ ਅਤੇ ਖੰਭਿਆਂ ਨੂੰ ਹਟਾ ਕੇ ਸਪਲਾਈ ਨੂੰ ਅੰਡਰਗਰਾਊਂਡ ਕਰਨ ਦੇ ਹਾਈ-ਟੈਕ ਪਾਇਲਟ ਪ੍ਰੋਜੈਕਟ ਦਾ ਆਗਾਜ਼ ਕਰ ਦਿੱਤਾ ਹੈ। 'ਰੋਸ਼ਨ ਪੰਜਾਬ' ਮੁਹਿੰਮ ਤਹਿਤ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਖੇਤਾਂ ਅਤੇ ਪਿੰਡਾਂ ਨੂੰ ਤਾਰਾਂ ਦੇ ਜੰਜਾਲ ਤੋਂ ਮੁਕਤ ਕਰਨਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ, ਅਕਸਰ ਦੇਖਿਆ ਜਾਂਦਾ ਹੈ ਕਿ ਝੱਖੜ, ਹਨੇਰੀ ਜਾਂ ਭਾਰੀ ਤੂਫ਼ਾਨ ਆਉਣ ਕਾਰਨ ਬਿਜਲੀ ਦੇ ਖੰਭੇ ਡਿੱਗ ਜਾਂਦੇ ਹਨ ਅਤੇ ਤਾਰਾਂ ਟੁੱਟਣ ਕਾਰਨ ਕਈ-ਕਈ ਦਿਨ ਬਿਜਲੀ ਸਪਲਾਈ ਠੱਪ ਰਹਿੰਦੀ ਹੈ। ਹੁਣ ਤਾਰਾਂ ਅੰਡਰਗਰਾਊਂਡ ਹੋਣ ਨਾਲ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਜਾਰੀ ਰਹੇਗੀ।
CM ਮਾਨ ਨੇ ਕਿਹਾ ਕਿ, ਖੇਤਾਂ ਵਿੱਚੋਂ ਲੰਘਦੀਆਂ ਹਾਈ-ਵੋਲਟੇਜ ਤਾਰਾਂ ਕਈ ਵਾਰ ਢਿੱਲੀਆਂ ਹੋ ਕੇ ਆਪਸ ਵਿੱਚ ਟਕਰਾ ਜਾਂਦੀਆਂ ਹਨ, ਜਿਸ ਕਾਰਨ ਨਿਕਲਣ ਵਾਲੀਆਂ ਚੰਗਿਆੜੀਆਂ (ਸਪਾਰਕਿੰਗ) ਕਰਕੇ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਨੂੰ ਅੱਗ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਕੰਬਾਈਨਾਂ ਚੱਲਣ ਵੇਲੇ ਜਾਂ ਖੇਤਾਂ ਵਿੱਚ ਕੰਮ ਕਰਦੇ ਸਮੇਂ ਕਈ ਦਰਦਨਾਕ ਹਾਦਸੇ ਵਾਪਰਦੇ ਹਨ। ਅੰਡਰਗਰਾਊਂਡ ਕੇਬਲ ਸਿਸਟਮ ਲਾਗੂ ਹੋਣ ਨਾਲ ਇਹ ਸਾਰੇ ਹਾਦਸੇ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ ਅਤੇ ਟ੍ਰਾਂਸਮਿਸ਼ਨ ਘਾਟੇ (ਬਿਜਲੀ ਚੋਰੀ ਅਤੇ ਲੀਕੇਜ) ਵੀ ਘਟਣਗੇ।
ਵੇਰਵਿਆਂ ਅਨੁਸਾਰ, ਪਿੰਡ ਸਤੌਜ ਨੂੰ ਮਾਡਲ ਬਣਾਉਣ ਦੇ ਇਸ ਪ੍ਰੋਜੈਕਟ 'ਤੇ ਕਰੀਬ 8 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤਹਿਤ ਪਿੰਡ ਵਿੱਚੋਂ 384 ਬਿਜਲੀ ਦੇ ਖੰਭੇ ਹਟਾਏ ਜਾਣਗੇ। ਖਾਸ ਗੱਲ ਇਹ ਹੈ ਕਿ ਸੜਕਾਂ ਜਾਂ ਗਲੀਆਂ ਨੂੰ ਪੁੱਟਣ ਦੀ ਬਜਾਏ ਆਧੁਨਿਕ ਡ੍ਰਿਲਿੰਗ ਮਸ਼ੀਨਾਂ ਰਾਹੀਂ ਜ਼ਮੀਨ ਦੇ ਅੰਦਰ 3 ਫੁੱਟ ਡੂੰਘੀਆਂ ਪਾਈਪਾਂ ਪਾਈਆਂ ਜਾਣਗੀਆਂ। ਇਸ ਪ੍ਰੋਜੈਕਟ ਤਹਿਤ 7 ਕਿਲੋਮੀਟਰ ਐੱਚ.ਟੀ. (High Tension) ਲਾਈਨ ਅਤੇ 95 ਕਿਲੋਮੀਟਰ ਐੱਲ.ਟੀ. (Low Tension) ਲਾਈਨ ਨੂੰ ਅੰਡਰਗਰਾਊਂਡ ਕੀਤਾ ਜਾਵੇਗਾ। ਇੱਥੋਂ ਤੱਕ ਕਿ ਘਰਾਂ ਨੂੰ ਜਾਣ ਵਾਲੀਆਂ ਤਾਰਾਂ ਅਤੇ ਮੀਟਰ ਬਕਸੇ ਵੀ ਅੰਡਰਗਰਾਊਂਡ ਸਿਸਟਮ ਨਾਲ ਜੋੜੇ ਜਾਣਗੇ।
ਸਤੌਜ ਤੋਂ ਬਾਅਦ ਪੂਰੇ ਪੰਜਾਬ ਵਿੱਚ ਲਾਗੂ ਹੋਵੇਗਾ ਮਾਡਲ
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਹਰ ਖੇਤਰ ਵਿੱਚ ਸੁਧਾਰ ਕਰ ਰਹੀ ਹੈ। ਆਪਣੇ ਜੱਦੀ ਪਿੰਡ ਸਤੌਜ ਵਿੱਚ ਇਸ ਪਾਇਲਟ ਪ੍ਰੋਜੈਕਟ ਦੀ ਸਫ਼ਲਤਾ ਨੂੰ ਦੇਖਣ ਤੋਂ ਬਾਅਦ, ਇਸ ਬਿਹਤਰੀਨ ਮਾਡਲ ਨੂੰ ਪੜਾਅਵਾਰ ਤਰੀਕੇ ਨਾਲ ਪੂਰੇ ਪੰਜਾਬ ਦੇ ਪਿੰਡਾਂ ਅਤੇ ਖੇਤਾਂ ਵਿੱਚ ਲਾਗੂ ਕੀਤਾ ਜਾਵੇਗਾ, ਤਾਂ ਜੋ ਸੂਬੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਹਮੇਸ਼ਾ ਲਈ ਬਿਜਲੀ ਦੇ ਖੰਭਿਆਂ ਅਤੇ ਲਟਕਦੀਆਂ ਤਾਰਾਂ ਦੇ ਖ਼ਤਰੇ ਤੋਂ ਮੁਕਤੀ ਮਿਲ ਸਕੇ।
- Download Babushahi App
-
-