ਸੋਨੇ ਦੇ ਕਾਰੋਬਾਰ ‘ਤੇ ਮੋਦੀ ਦੀ ਅਪੀਲ ਨਾਲ ਸੁਨਿਆਰਾ ਭਾਈਚਾਰੇ 'ਚ ਚਿੰਤਾ, ਰੋਜ਼ੀ-ਰੋਟੀ ‘ਤੇ ਖੜ੍ਹੇ ਹੋਏ ਸਵਾਲ: ਜਗਦੀਪ ਸਿੰਘ ਰਿੰਕੂ ਨਰੂਲਾ
Babushahi Network
ਅੰਮ੍ਰਿਤਸਰ, 17 ਮਈ 2026- ਹਲਕਾ ਦੱਖਣੀ ਤੋਂ ਕਾਂਗਰਸ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਪਾਰਸ਼ਦ ਜਗਦੀਪ ਸਿੰਘ ਰਿੰਕੂ ਨਰੂਲਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸੋਨਾ ਨਾ ਖਰੀਦਣ ਦੀ ਅਪੀਲ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਬਿਆਨ ਨੇ ਦੇਸ਼ ਦੇ ਸੁਨਿਆਰਾ ਭਾਈਚਾਰੇ ਅਤੇ ਇਸ ਕਾਰੋਬਾਰ ਨਾਲ ਜੁੜੇ ਲੱਖਾਂ ਕਾਰੀਗਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਾਂ ਇਕ ਬਿਆਨ ਦੇ ਦਿੱਤਾ ਗਿਆ, ਪਰ ਉਹਨਾਂ ਪਰਿਵਾਰਾਂ ਬਾਰੇ ਕਿਸੇ ਨੇ ਨਹੀਂ ਸੋਚਿਆ ਜਿਨ੍ਹਾਂ ਦੀ ਰੋਜ਼ੀ-ਰੋਟੀ ਸਾਲਾਂ ਤੋਂ ਇਸ ਕਾਰੋਬਾਰ ਨਾਲ ਚੱਲ ਰਹੀ ਹੈ। ਅੱਜ ਸੁਨਿਆਰੇ, ਸੋਨੇ ਦੇ ਕਾਰੀਗਰ, ਪੋਲਿਸ਼ ਕਰਨ ਵਾਲੇ ਮਜ਼ਦੂਰ, ਡਿਜ਼ਾਈਨਰ ਅਤੇ ਛੋਟੀਆਂ ਦੁਕਾਨਾਂ ਚਲਾਉਣ ਵਾਲੇ ਲੋਕ ਪਹਿਲਾਂ ਹੀ ਮਹਿੰਗਾਈ, GST ਅਤੇ ਘਟਦੇ ਕਾਰੋਬਾਰ ਨਾਲ ਸੰਘਰਸ਼ ਕਰ ਰਹੇ ਹਨ। ਅਜਿਹੇ ਵੇਲੇ ‘ਚ ਇਸ ਤਰ੍ਹਾਂ ਦੇ ਬਿਆਨ ਬਾਜ਼ਾਰ ਵਿੱਚ ਡਰ ਅਤੇ ਅਣਸ਼ਚਿਤਤਾ ਦਾ ਮਾਹੌਲ ਬਣਾਉਂਦੇ ਹਨ।
ਜਗਦੀਪ ਸਿੰਘ ਰਿੰਕੂ ਨਰੂਲਾ ਨੇ ਸਵਾਲ ਉਠਾਇਆ ਕਿ ਜੇ ਲੋਕ ਸੋਨਾ ਖਰੀਦਣਾ ਘਟਾ ਦੇਣ ਤਾਂ ਉਹਨਾਂ ਪਰਿਵਾਰਾਂ ਦੇ ਘਰ ਦਾ ਚੁੱਲ੍ਹਾ ਕਿਵੇਂ ਜਲੇਗਾ? ਉਹਨਾਂ ਦੇ ਬੱਚਿਆਂ ਦੀ ਪੜ੍ਹਾਈ, ਘਰ ਦਾ ਖਰਚਾ ਅਤੇ ਰੋਜ਼ਾਨਾ ਦੀਆਂ ਲੋੜਾਂ ਦੀ ਜ਼ਿੰਮੇਵਾਰੀ ਕੀ ਸਰਕਾਰ ਲਵੇਗੀ?
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਨੇ ਪਹਿਲਾਂ ਹੀ ਛੋਟੇ ਵਪਾਰੀਆਂ ਦੀ ਕਮਰ ਤੋੜ ਦਿੱਤੀ ਹੈ ਅਤੇ ਹੁਣ ਅਜਿਹੇ ਬਿਆਨਾਂ ਨਾਲ ਛੋਟੇ ਦੁਕਾਨਦਾਰਾਂ ਅਤੇ ਕਾਰੀਗਰਾਂ ਦਾ ਮਨੋਬਲ ਵੀ ਡਿੱਗ ਰਿਹਾ ਹੈ। ਸੁਨਿਆਰੇ ਸਿਰਫ਼ ਵਪਾਰੀ ਨਹੀਂ, ਸਗੋਂ ਭਾਰਤੀ ਪਰੰਪਰਾ, ਵਿਰਾਸਤ ਅਤੇ ਹੁਨਰ ਦੇ ਪ੍ਰਤੀਕ ਹਨ। ਵਿਆਹਾਂ ਅਤੇ ਧਾਰਮਿਕ ਰਸਮਾਂ ਨਾਲ ਜੁੜਿਆ ਇਹ ਕਾਰੋਬਾਰ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਸਹਾਰਾ ਹੈ।
ਰਿੰਕੂ ਨਰੂਲਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜੇ ਮਾਮਲਿਆਂ ‘ਤੇ ਸੋਚ-ਸਮਝ ਕੇ ਬਿਆਨ ਦਿੱਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਸੁਨਿਆਰਾ ਭਾਈਚਾਰੇ ਨਾਲ ਗੱਲਬਾਤ ਕਰੇ ਅਤੇ ਇਹ ਭਰੋਸਾ ਦੇਵੇ ਕਿ ਉਹਨਾਂ ਦੇ ਕਾਰੋਬਾਰ ਅਤੇ ਰੋਜ਼ਗਾਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਛੋਟੇ ਵਪਾਰੀਆਂ, ਮਜ਼ਦੂਰਾਂ ਅਤੇ ਮਿਹਨਤੀ ਕਾਰੀਗਰਾਂ ਨਾਲ ਮਜ਼ਬੂਤ ਹੁੰਦੀ ਹੈ, ਨਾ ਕਿ ਸਿਰਫ਼ ਵੱਡੇ ਉਦਯੋਗਪਤੀਆਂ ਨਾਲ।
- Download Babushahi App
-
-