ਬੇਅਦਬੀ ਵਿਰੋਧੀ ਐਕਟ 'ਤੇ ਬੋਲੇ CM ਮਾਨ; ਕਿਹਾ- ਜੁਲਾਈ 2024 'ਚ ਅਕਾਲ ਤਖਤ ਸਾਹਿਬ ਤੋਂ ਪਾਸ ਮਤੇ 'ਚ ਬੇਅਦਬੀ ਹੋਣ 'ਤੇ ਗੁਰਦੁਆਰੇ ਦੇ ਗ੍ਰੰਥੀ ਦੀ ਜਿੰਮੇਵਾਰੀ ਹੈ ਤੈਅ
ਮੰਨੇ-ਪ੍ਰਮੰਨੇ ਸਿੱਖ ਵਕੀਲਾਂ, ਜੱਜਾਂ ਅਤੇ ਸੰਤ ਸਮਾਜ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ 'ਬੇਅਦਬੀ ਵਿਰੋਧੀ ਐਕਟ 2026'
"ਅਖੰਡ ਪਾਠ ਸਾਹਿਬ ਲਈ ਥਾਣੇ ਤੋਂ ਪਰਮਿਸ਼ਨ ਲੈਣ ਦੀ ਗੱਲ ਨਿਰੀ ਅਫ਼ਵਾਹ, ਵਿਰੋਧੀਆਂ ਦੀ ਬੁਖ਼ਲਾਹਟ ਆਈ ਸਾਹਮਣੇ"- ਮੁੱਖ ਮੰਤਰੀ
ਸਤੌਜ (ਸੰਗਰੂਰ), 19 ਮਈ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਸਰਕਾਰ ਵੱਲੋਂ ਲਿਆਂਦੇ ਗਏ 'ਬੇਅਦਬੀ ਵਿਰੋਧੀ ਐਕਟ 2026' ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਨ੍ਹਾਂ ਰਵਾਇਤੀ ਪਾਰਟੀਆਂ ਅਤੇ ਗਿਣਵੇਂ ਲੋਕਾਂ ਨੇ ਧਰਮ ਨੂੰ ਆਪਣੀ ਮੁੱਠੀ ਵਿੱਚ ਰੱਖਿਆ ਹੋਇਆ ਸੀ, ਉਹ ਹੁਣ ਇਸ ਇਤਿਹਾਸਕ ਕਾਨੂੰਨ ਵਿਰੁੱਧ ਕੂੜ ਪ੍ਰਚਾਰ ਕਰਕੇ ਸੰਗਤ ਵਿੱਚ ਭਰਮ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜਦੋਂ ਇਸ ਐਕਟ ਦਾ ਡਰਾਫਟ ਤਿਆਰ ਕੀਤਾ ਜਾ ਰਿਹਾ ਸੀ, ਤਾਂ ਵਿਰੋਧੀਆਂ ਨੂੰ ਲੱਗਦਾ ਸੀ ਕਿ ਇਹ ਬਿੱਲ ਆ ਹੀ ਨਹੀਂ ਸਕਦਾ। ਉਨ੍ਹਾਂ ਕਿਹਾ, "ਅਸੀਂ ਦੇਸ਼ ਦੇ ਮੰਨੇ-ਪ੍ਰਮੰਨੇ ਸਿੱਖ ਵਕੀਲਾਂ, ਰਿਟਾਇਰਡ ਸਿੱਖ ਜੱਜਾਂ ਅਤੇ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਇਸ ਦੀ ਕਾਨੂੰਨੀ ਭਾਸ਼ਾ ਲਿਖਵਾਈ ਹੈ, ਤਾਂ ਜੋ ਇਸ ਵਿੱਚ ਕੋਈ ਵੀ ਕਾਨੂੰਨੀ ਚੋਰ-ਮੋਰੀ (Loophole) ਨਾ ਰਹੇ ਅਤੇ ਕੋਈ ਵੀ ਦੋਸ਼ੀ ਬਚ ਨਾ ਸਕੇ। ਹੁਣ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਬਾਰੇ ਸੋਚੇਗਾ ਵੀ ਨਹੀਂ।"
ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀਆਂ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਇਸ ਨੂੰ ਰਾਸ਼ਟਰਪਤੀ ਕੋਲ ਭੇਜੇਗੀ, ਜਿੱਥੇ ਇਹ ਲਟਕ ਜਾਵੇਗਾ। ਪਰ ਸਰਕਾਰ ਨੇ ਇਸ ਨੂੰ ਅਜਿਹੇ ਐਕਟ ਦੇ ਅਧੀਨ ਲਿਆਂਦਾ ਜਿੱਥੇ ਸਿਰਫ਼ ਰਾਜਪਾਲ (ਗਵਰਨਰ) ਦੀ ਮਨਜ਼ੂਰੀ ਦੀ ਲੋੜ ਸੀ। CM ਮਾਨ ਮੁਤਾਬਕ, "ਮੈਂ ਖੁਦ ਰਾਜਪਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਕੋਈ ਸਿਆਸੀ ਕਾਨੂੰਨ ਨਹੀਂ, ਬਲਕਿ ਪੁੰਨ ਦਾ ਕੰਮ ਹੈ, ਇਸ 'ਤੇ ਸਾਈਨ ਕਰ ਦਿਓ। ਉਨ੍ਹਾਂ ਨੇ ਇਸ 'ਤੇ ਦਸਤਖਤ ਕਰ ਦਿੱਤੇ, ਜਿਸ ਨਾਲ ਵਿਰੋਧੀਆਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।"
ਕਾਨੂੰਨ ਵਿੱਚ ਨੁਕਸ ਕੱਢਣ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਲੋਕਾਂ ਨੂੰ ਇਹ ਕਹਿ ਕੇ ਭਰਮਾ ਰਹੇ ਹਨ ਕਿ ਹੁਣ ਘਰਾਂ ਵਿੱਚ ਅਖੰਡ ਪਾਠ ਸਾਹਿਬ ਕਰਵਾਉਣ ਲਈ ਵੀ ਥਾਣੇ ਤੋਂ ਪਰਮਿਸ਼ਨ ਲੈਣੀ ਪਵੇਗੀ। ਉਨ੍ਹਾਂ ਸਵਾਲ ਕੀਤਾ ਕਿ ਅਜਿਹੀ ਗੱਲ ਕਾਨੂੰਨ ਵਿੱਚ ਕਿੱਥੇ ਲਿਖੀ ਹੈ? ਉਨ੍ਹਾਂ ਸਪੱਸ਼ਟ ਕੀਤਾ ਕਿ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੁਲਾਈ 2024 ਵਿੱਚ ਇੱਕ ਮਤਾ ਪਾਸ ਕਰਕੇ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਅਤੇ ਸਰਕਾਰ ਨੇ ਤਾਂ ਗ੍ਰੰਥੀ ਸਿੰਘਾਂ ਨੂੰ ਇਸ ਵਿੱਚ ਜਿੰਮੇਵਾਰ ਵੀ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਲੰਬੇ ਸਮੇਂ ਤੱਕ ਸੰਘਰਸ਼ ਕਰਨ ਵਾਲੇ ਮਹਾਂਪੁਰਸ਼ਾਂ ਅਤੇ ਸੰਤ ਸਮਾਜ ਦੀਆਂ ਸਲਾਹਾਂ ਨਾਲ ਹੀ ਹੋਂਦ ਵਿੱਚ ਆਇਆ ਹੈ।
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਇੱਕ ਡੂੰਘੀ ਗੱਲ ਆਖੀ ਕਿ ਜਦੋਂ ਵੀ ਕੋਈ ਸਿਸਟਮ ਬਦਲਣ ਦੀ ਗੱਲ ਹੁੰਦੀ ਹੈ, ਤਾਂ ਉਸ ਪੁਰਾਣੇ ਸਿਸਟਮ ਤੋਂ ਫਾਇਦਾ ਉਠਾਉਣ ਵਾਲੇ (Beneficiaries) ਹਮੇਸ਼ਾ ਬਦਲਾਅ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ, "ਬੇਅਦਬੀਆਂ ਦੇ ਮਾਮਲਿਆਂ ਵਿੱਚ ਇਨ੍ਹਾਂ ਦੇ ਆਪਣੇ ਨਾਂ ਬੋਲਦੇ ਨੇ, ਇਸੇ ਕਰਕੇ ਇਹ ਕੁਝ ਗਿਣਵੇਂ ਬੰਦੇ ਵਿਰੋਧ ਕਰਵਾ ਰਹੇ ਹਨ। ਇਹ ਗਿਣਵੇਂ ਬੰਦੇ ਪੂਰਾ ਪੰਥ ਨਹੀਂ ਹਨ। ਜਿਵੇਂ ਭ੍ਰਿਸ਼ਟਾਚਾਰ ਖ਼ਤਮ ਕਰਨ ਵੇਲੇ ਭ੍ਰਿਸ਼ਟ ਲੋਕ ਬੁਖ਼ਲਾ ਜਾਂਦੇ ਹਨ, ਉਸੇ ਤਰ੍ਹਾਂ ਧਰਮ ਦੇ ਨਾਂ 'ਤੇ ਸਿਆਸਤ ਕਰਨ ਵਾਲਿਆਂ ਦੀ ਹੁਣ ਬੁਖ਼ਲਾਹਟ ਨਜ਼ਰ ਆ ਰਹੀ ਹੈ।"
ਵਿਰੋਧੀ ਆਗੂਆਂ 'ਤੇ ਤਨਜ਼ ਕਸਦਿਆਂ CM ਮਾਨ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਧਰਮ ਨੂੰ ਆਪਣੀ ਮੁੱਠੀ ਵਿੱਚ ਪਾਈ ਫਿਰਦੇ ਸਨ, ਕਦੇ ਕਿਸੇ ਦੀ ਮਾਫ਼ੀ ਕੈਂਸਲ ਕਰ ਦੇਣੀ, ਕਦੇ ਮਾਫ਼ ਕਰ ਦੇਣਾ ਅਤੇ ਕਦੇ ਇਸ਼ਤਿਹਾਰਬਾਜ਼ੀ ਕਰਨੀ। ਹੁਣ ਜਦੋਂ ਲੋਕ ਇਨ੍ਹਾਂ ਨੂੰ ਛੱਡ ਕੇ ਦੂਜੇ ਪਾਸੇ ਪਲਟ ਗਏ ਹਨ, ਤਾਂ ਇਹ ਹੱਥ-ਪੈਰ ਮਾਰ ਰਹੇ ਹਨ ਕਿ ਸਾਡੇ ਹੱਥੋਂ ਸਭ ਕੁਝ ਨਿਕਲ ਗਿਆ। ਅਖੀਰ ਵਿੱਚ, ਮੁੱਖ ਮੰਤਰੀ ਨੇ ਸੌਖੇ ਸ਼ਬਦਾਂ ਵਿੱਚ ਕਾਨੂੰਨ ਦੀ ਅਹਿਮੀਅਤ ਸਮਝਾਉਂਦੇ ਹੋਏ ਸਤੌਜ ਦੀ ਸੰਗਤ ਨੂੰ ਇਸ ਕਾਨੂੰਨ ਦੇ ਹੱਕ ਵਿੱਚ ਖੜ੍ਹਨ ਦੀ ਅਪੀਲ ਕੀਤੀ, ਜਿਸ ਦਾ ਹੁੰਗਾਰਾ ਸੰਗਤ ਨੇ ਜੈਕਾਰਾ ਛੱਡ ਕੇ ਦਿੱਤਾ।
- Download Babushahi App
-
-