ਨਸ਼ੇ ਕਾਰਨ ਪੰਜ ਪੁੱਤਰ ਗੁਆ ਚੁੱਕੀ ਮਾਂ...! ਰੱਬ ਬਣ ਬਹੌੜਿਆ ਇੰਦਰਜੀਤ ਜੋਸਨ, ਕੀਤੀ ਆਰਥਿਕ ਮਦਦ
ਪੰਜ ਪੁੱਤਰ ਗੁਆ ਚੁੱਕੀ ਮਾਂ ਦੀ ਬਾਂਹ ਫੜੇ ਖੜ੍ਹੇ ਨੇ ਇੰਦਰਜੀਤ ਸਿੰਘ ਜੋਸਨ, ਹਰ ਮਹੀਨੇ 5000 ਰੁਪਏ ਮਦਦ ਜਾਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਮਈ 2026 - ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਦੇ ਮਹੱਲਾ ਪੰਡੋਰੀ ਵਿਖੇ ਨਸ਼ੇ ਦੇ ਕਾਰਨ ਇੱਕ ਹੀ ਪਰਿਵਾਰ ਦੇ ਪੰਜ ਪੁੱਤਰਾਂ ਦੀ ਹੋਈ ਦਰਦਨਾਕ ਮੌਤ ਨੇ ਪੂਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਸੀ। ਇਸ ਦਿਲ ਦਹਲਾ ਦੇਣ ਵਾਲੀ ਘਟਨਾ ਤੋਂ ਬਾਅਦ ਜਿੱਥੇ ਹਰ ਪਾਸੇ ਦੁੱਖ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਸੀ, ਉੱਥੇ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਰਹਿਣ ਵਾਲੇ ਉੱਘੇ ਖੇਡ ਪ੍ਰਮੋਟਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਜੋਸਨ ਵੱਲੋਂ ਇਸ ਦੁਖੀ ਪਰਿਵਾਰ ਦੀ ਬਾਂਹ ਫੜਦੇ ਹੋਏ ਮਨੁੱਖਤਾ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਗਈ ਸੀ।
ਇੰਦਰਜੀਤ ਸਿੰਘ ਜੋਸਨ ਵੱਲੋਂ ਉਸ ਸਮੇਂ ਐਲਾਨ ਕੀਤਾ ਗਿਆ ਸੀ ਕਿ ਉਹ ਇਸ ਪਰਿਵਾਰ ਨੂੰ ਇਕੱਲਾ ਨਹੀਂ ਛੱਡਣਗੇ ਅਤੇ ਹਰ ਮਹੀਨੇ ਘਰ ਦੇ ਜ਼ਰੂਰੀ ਖਰਚੇ, ਰਾਸ਼ਨ ਅਤੇ ਹੋਰ ਲੋੜਾਂ ਲਈ 5000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਆਪਣੇ ਕੀਤੇ ਵਾਅਦੇ ਨੂੰ ਨਿਭਾਉਂਦੇ ਹੋਏ ਅੱਜ ਉਹਨਾਂ ਵੱਲੋਂ ਮਈ ਮਹੀਨੇ ਦੀ 5000 ਰੁਪਏ ਦੀ ਸਹਾਇਤਾ ਰਕਮ ਉਸ ਦੁਖੀ ਮਾਤਾ ਨੂੰ ਸੌਂਪੀ ਗਈ।
ਇਸ ਮੌਕੇ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਅਨੇਕਾਂ ਘਰ ਉਜਾੜ ਦਿੱਤੇ ਹਨ ਅਤੇ ਇਹ ਪਰਿਵਾਰ ਉਸ ਦਰਦ ਦੀ ਸਭ ਤੋਂ ਵੱਡੀ ਮਿਸਾਲ ਹੈ। ਉਹਨਾਂ ਕਿਹਾ ਕਿ ਇੱਕ ਮਾਂ ਵੱਲੋਂ ਆਪਣੇ ਪੰਜ ਪੁੱਤਰਾਂ ਨੂੰ ਗੁਆ ਦੇਣਾ ਸਿਰਫ ਇੱਕ ਪਰਿਵਾਰ ਦਾ ਨਹੀਂ, ਸਗੋਂ ਪੂਰੇ ਸਮਾਜ ਦਾ ਦੁੱਖ ਹੈ। ਉਹਨਾਂ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਮਦਦ ਕਰਨਾ ਹਰ ਸਮਾਜ ਸੇਵੀ ਅਤੇ ਹਰ ਜ਼ਿੰਮੇਵਾਰ ਵਿਅਕਤੀ ਦਾ ਫਰਜ਼ ਬਣਦਾ ਹੈ।
ਉਹਨਾਂ ਅੱਗੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਪਰਿਵਾਰ ਦੇ ਨਾਲ ਡੱਟ ਕੇ ਖੜ੍ਹੇ ਰਹਿਣਗੇ ਅਤੇ ਹਰ ਸੰਭਵ ਸਹਾਇਤਾ ਜਾਰੀ ਰੱਖਣਗੇ ਤਾਂ ਜੋ ਇਸ ਦੁਖੀ ਮਾਤਾ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਪੰਜਾਬ ਸਰਕਾਰ ਅਤੇ ਸਮਾਜ ਨੂੰ ਵੀ ਅਪੀਲ ਕੀਤੀ ਕਿ ਨਸ਼ੇ ਖ਼ਿਲਾਫ਼ ਇਕੱਠੇ ਹੋ ਕੇ ਵੱਡੀ ਲੜਾਈ ਲੜਨ ਦੀ ਲੋੜ ਹੈ ਤਾਂ ਜੋ ਹੋਰ ਕੋਈ ਮਾਂ ਆਪਣੇ ਪੁੱਤਰਾਂ ਨੂੰ ਇਸ ਤਰ੍ਹਾਂ ਨਾ ਗੁਆਵੇ।
ਇਸ ਮੌਕੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਸਮਾਜ ਸੇਵੀ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ। ਹਾਜ਼ਰ ਲੋਕਾਂ ਨੇ ਇੰਦਰਜੀਤ ਸਿੰਘ ਜੋਸਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸੇ ਦੁਖੀ ਪਰਿਵਾਰ ਦੇ ਨਾਲ ਖੜ੍ਹਨਾ ਸਭ ਤੋਂ ਵੱਡੀ ਮਨੁੱਖਤਾ ਹੈ।
ਇਸ ਮਦਦ ਨਾਲ ਜਿੱਥੇ ਇੱਕ ਪਾਸੇ ਉਸ ਮਾਤਾ ਨੂੰ ਆਰਥਿਕ ਸਹਾਰਾ ਮਿਲਿਆ ਹੈ, ਉੱਥੇ ਹੀ ਸਮਾਜ ਵਿੱਚ ਇਹ ਸੰਦੇਸ਼ ਵੀ ਗਿਆ ਹੈ ਕਿ ਅਜੇ ਵੀ ਮਨੁੱਖਤਾ ਜਿੰਦਾ ਹੈ ਅਤੇ ਲੋਕ ਦੁਖ ਦੀ ਘੜੀ ਵਿੱਚ ਇੱਕ ਦੂਜੇ ਦੇ ਨਾਲ ਖੜ੍ਹਨਾ ਜਾਣਦੇ ਹਨ।
- Download Babushahi App
-
-