ਲੁਧਿਆਣਾ ਪੁਲਿਸ ਦੀ ਕਾਮਯਾਬੀ: ਪਰਸ ਝਪਟਣ ਵਾਲੇ ਦੋ ਕਾਬੂ, 32 ਗ੍ਰਾਮ ਸੋਨਾ ਤੇ ਅਹਿਮ ਦਸਤਾਵੇਜ਼ ਬਰਾਮਦ
ਸੁਖਮਿੰਦਰ ਭੰਗੂ / ਬਾਬੂਸ਼ਾਹੀ ਬਿਊਰੋ
ਲੁਧਿਆਣਾ 14 ਮਈ 2026
ਲੁਧਿਆਣਾ ਪੁਲਿਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਪਰਸ ਝਪਟ ਕੇ ਫਰਾਰ ਹੋਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ ਦੇ ਹੁਕਮਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਦੇਵ ਸਿੰਘ ਪੀ.ਪੀ.ਐਸ ਤੇ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਸਰਬਜੀਤ ਸਿੰਘ ਚੀਮਾ ਪੀ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਥਾਣਾ ਡਵੀਜ਼ਨ ਨੰਬਰ 8 ਵਿੱਚ ਮੁਕੱਦਮਾ ਨੰਬਰ 144 ਮਿਤੀ 12-05-2026 ਅਧੀਨ ਧਾਰਾ 304 ਅਤੇ 3(5) ਬੀ.ਐਨ.ਐਸ ਤਹਿਤ ਰੈਨੂੰ ਬਾਲਾ ਦੇ ਬਿਆਨਾਂ ‘ਤੇ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਮੁਤਾਬਕ ਦੋ ਨੌਜਵਾਨ ਸਪਲੈਂਡਰ ਮੋਟਰਸਾਈਕਲ ‘ਤੇ ਆਏ ਅਤੇ ਝਪਟ ਮਾਰ ਕੇ ਪਰਸ ਖੋਹ ਕੇ ਫਰਾਰ ਹੋ ਗਏ ਸਨ।
ਤਫਤੀਸ਼ ਦੌਰਾਨ ਪੁਲਿਸ ਨੇ ਹਰਮਨਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਅਰਬਨ ਸਟੇਟ ਦੁੱਗਰੀ ਅਤੇ ਸਨੀ ਉਰਫ਼ ਰਿੰਕੂ ਪੁੱਤਰ ਵਿਜੈਦਰ ਸਿੰਘ ਵਾਸੀ ਨਿਰਮਲ ਨਗਰ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਦੋਸ਼ੀਆਂ ਪਾਸੋਂ ਖੋਹ ਕੀਤਾ ਪਰਸ ਅਤੇ ਉਸ ਵਿੱਚ ਮੌਜੂਦ ਸਾਰੇ ਅਹਿਮ ਦਸਤਾਵੇਜ਼ ਬਰਾਮਦ ਕਰ ਲਏ ਗਏ।
ਬਰਾਮਦ ਸਮਾਨ ਵਿੱਚ ਸਟੀਲ ਅਥਾਰਟੀ ਆਫ ਇੰਡੀਆ ਲਿਮਿਟਡ ਵੱਲੋਂ ਜਾਰੀ ਆਈ ਕਾਰਡ, ਪੈਨ ਕਾਰਡ, ਆਧਾਰ ਕਾਰਡ, ਆਰ.ਸੀ ਅਤੇ ਕਰੀਬ 32 ਗ੍ਰਾਮ ਸੋਨੇ ਦੇ ਗਹਿਣੇ ਸ਼ਾਮਲ ਹਨ। ਪੁਲਿਸ ਵੱਲੋਂ ਇੱਕ ਸੋਨਾ ਚੇਨ, ਲੇਡੀਜ਼ ਮੁੰਦਰੀ, ਟੌਪਸ ਅਤੇ ਕੰਨਾਂ ਵਾਲੇ ਕਾਂਟੇ ਵੀ ਬਰਾਮਦ ਕੀਤੇ ਗਏ ਹਨ।
ਇਸ ਪੂਰੀ ਕਾਰਵਾਈ ਨੂੰ ਚੌਕੀ ਘੁਮਾਰ ਮੰਡੀ ਦੇ ਇੰਚਾਰਜ ਸਬ ਇੰਸਪੈਕਟਰ ਸੁਭਾਸ਼ ਚੰਦ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਲੁਧਿਆਣਾ ਪੁਲਿਸ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਲੁੱਟ-ਖੋਹ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਤੱਤਾਂ ਖ਼ਿਲਾਫ਼ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ।
- Download Babushahi App
-
-