ਜਦ ਉੱਨੀ ਸਾਲ ਪਹਿਲਾਂ ਸੱਰੀ(ਕੈਨੇਡਾ) ਵਿੱਚ ਪ੍ਰੋ. ਮੇਹਨ ਸਿੰਘ ਦਾ ਜਨਮ ਦਿਨ ਮਨਾਇਆ
ਮਈ 1978 ਵਿੱਚ ਯੁੱਗ ਕਵੀ ਪ੍ਰੋ. ਮੋਹਨ ਸਿੰਘ ਚਲੇ ਗਏ ਸਨ। 20 ਅਕਤੂਬਰ ਨੂੰ ਸ. ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਦੀ ਮੁੱਖ ਸਰਪ੍ਰਸਤੀ ਹੇਠ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਸ਼ੁਰੂ ਹੋਇਆ। ਪਹਿਲੇ ਦੋ ਮੇਲੇ ਮੀਟਿੰਗ ਵਰਗੇ ਹੀ ਸਨ ਪਰ ਮੀਟਿੰਗ ਵੀ ਸੈਂਕੜਿਆਂ ਸਿਰਾਂ ਦੀ। ਵਿੱਚੇ ਸੋਹਣ ਸਿੰਘ ਸੀਤਲ, ਲਾਲ ਚੰਦ ਯਮਲਾ ਜੱਟ, ਪ੍ਰਿੰਸੀਪਲ ਤਖ਼ਤ ਸਿੰਘ, ਗੁਰਨਾਮ ਸਿੰਘ ਤੀਰ, ਅਜਾਇਬ ਚਿੱਤਰਕਾਰ,ਸ ਸ ਨਰੂਲਾ, ਮੁਹੰਮਦ ਸਦੀਕ, ਸੁਰਜੀਤ ਪਾਤਰ ਤੇ ਕਈ ਹੋਰ ਵੱਡੇ ਚਿਹਰੇ।
ਵਰਕਰਾਂ ਵਿੱਚ ਸੋਹਣ ਲਾਲ ਅਰੋੜਾ, ਪਰਗਟ ਸਿੰਘ ਗਰੇਵਾਲ, ਕਰਨੈਲ ਸਿੰਘ ਜਵੱਦੀ, ਰ ਨ ਗੁਪਤਾ, ਕੁਲਵੰਤ ਜਗਰਾਓਂ, ਮਹਿੰਦਰਦੀਪ ਗਰੇਵਾਲ, ਆਜ਼ਾਦ ਗਤਕਾ ਕਲੱਬ ਤੇ ਕੁਝ ਮੇਰੇ ਵਰਗੇ।
ਮੈਂ ਕੋਈ ਮੇਲਾ ਮਿੱਸ ਨਹੀਂ ਸੀ ਕੀਤਾ ਕਦੇ। ਇਸ ਵਾਰ ਜਸਮੇਰ ਸਿੰਘ ਢੱਟ ਦੀ ਇੱਛਾ ਪੂਰਨ ਹਿਤ ਇੱਕੋ ਸਾਲ ਵਿੱਚ ਹੀ ਦੋ ਵਾਰ ਕੈਨੇਡਾ ਜਾਣਾ ਪਿਆ। ਸੱਭਿਆਚਾਰਕ ਸੱਥ ਵੱਲੋਂ ਮਿਸ ਵਰਲਡ ਪੰਜਾਬਣ ਮੁਕਾਬਲਿਆਂ ਕਾਰਨ।
ਜਰਨੈਲ ਸਿੰਘ ਆਰਟਿਸਟ, ਸੁਰਜੀਤ ਮਾਧੋਪੁਰੀ, ਕੁਲਦੀਪ ਗਿੱਲ ਤੇ ਮੋਹਨ ਗਿੱਲ ਸਮੇਤ ਕੁਝ ਹੋਰ ਦੋਸਤ ਬੈਠਿਆਂ ਯੋਜਨਾ ਬਣੀ ਕਿ 20ਅਕਤੂਬਰ ਨੂੰ ਸੁਰਜੀਤ ਮਾਧੋਪੁਰੀ ਦੇ ਦਫ਼ਤਰ ਇਕੱਠੇ ਹੋ ਕੇ ਮੋਹਨ ਸਿੰਘ ਬਾਰੇ ਗੱਲਾਂ ਕਰੀਏ।
ਇਹ ਤਸਵੀਰ ਉਸ ਦਿਨ ਦੀ ਹੈ। ਮੋਹਨ ਗਿੱਲ ਨੇ “ਜੰਦਰੇ” ਕਾਵਿ ਸੰਗ੍ਰਹਿ ਦੇ ਆਧਾਰ ਤੇ ਮੋਹਨ ਸਿੰਘ ਬਾਰੇ ਗੱਲਾਂ ਕੀਤੀਆਂ। ਸੰਤ ਬਲਬੀਰ ਸਿੰਘ ਸੀਚੇਵਾਲ, ਹਰਕੇਸ਼ ਸਿੰਘ ਸਿੱਧੂ ਤੇ ਮੈਂਬਰ ਪਾਰਲੀਮੈਂਟ ਗੁਰਮੰਤ ਗਰੇਵਾਲ ਵੀ ਹਾਜ਼ਰ ਸਨ।
ਤਸਵੀਰ ਵਿੱਚੋਂ ਜਰਨੈਲ ਸਿੰਘ ਆਰਟਿਸਟ, ਹਰਭਜਨ ਸਿੰਘ ਮਾਂਗਟ ਤੇ ਗਿੱਲ ਮੋਰਾਂਵਾਲੀ ਸਾਨੂੰ ਸਦੀਵੀ ਅਲਵਿਦਾ ਕਹਿ ਗਏ ਨੇ ਹੁਣ। ਬਾਕੀ ਮਿੱਤਰ ਜਿਉਣ ਜਾਗਣ।
ਪ੍ਰੋ. ਮੋਹਨ ਸਿੰਘ ਨੂੰ ਚੇਤੇ ਕਰਦਿਆਂ ਉਨ੍ਹਾਂ ਦੀ ਲਿਖਤ ਨਾਲ ਹੀ ਗੱਲ ਮੁਕਾਵਾਂਗਾ।

ਛੱਤੋ ਦੀ ਬੇਰੀ
ਉਹ ਕਿੱਧਰ ਗਏ ਦਿਹਾੜੇ ?
ਜਦ ਛੱਤੋ ਦੇ ਪਿਛਵਾੜੇ,
ਸਾਂ ਬੇਰ ਛੱਤੋ ਦੇ ਢਾਂਹਦੇ,
ਹੱਸ-ਹੱਸ ਕੇ ਗਾਲ੍ਹਾਂ ਖਾਂਦੇ ।
ਕਰ ਲਾਗੇ-ਲਾਗੇ ਸਿਰੀਆਂ,
ਉਹ ਬੇਰੀ ਥੱਲੇ ਬਹਿਣਾ ।
ਥੋੜ੍ਹੀ ਜਿਹੀ ਘੁਰ-ਘੁਰ ਮਗਰੋਂ,
ਫਿਰ ਜਾ ਛੱਤੋ ਨੂੰ ਕਹਿਣਾ :
'ਛੇਤੀ ਕਰ ਬੇਬੇ ਛੱਤੋ !
ਤੈਨੂੰ ਸੱਦਦੀ ਭੂਆ ਸੱਤੋ ।'
ਉਸ ਜਾਣਾ ਹੌਲੀ ਹੌਲੀ,
ਅਸਾਂ ਕਰ ਕੇ ਫੁਰਤੀ ਛੁਹਲੀ,
ਗਾਲ੍ਹੜ ਵਾਂਗੂੰ ਚੜ੍ਹ ਜਾਣਾ,
ਬੇਰਾਂ ਦਾ ਮੀਂਹ ਵਰ੍ਹਾਣਾ ।
ਆਪੀਂ ਤਾਂ ਚੁਣ-ਚੁਣ ਖਾਣੇ,
ਛੁਹਰਾਂ ਨੂੰ ਦੱਬਕੇ ਲਾਣੇ :
ਬੱਚੂ ਹਰਨਾਮਿਆਂ ਖਾ ਲੈ !
ਸੰਤੂ ਡੱਬਾਂ ਵਿਚ ਪਾ ਲੈ !
ਖਾ ਖੂ ਕੇ ਥੱਲੇ ਲਹਿਣਾ,
ਫਿਰ ਬਣ ਵਰਤਾਵੇ ਬਹਿਣਾ,
ਕੁਝ ਵੰਡ ਕਰਾਈ ਲੈਣੀ,
ਕੁਝ ਕੰਡੇ-ਚੁਭਾਈ ਲੈਣੀ ।
ਫਿਰ ਚੀਕ ਚਿਹਾੜਾ ਪਾਣਾ,
ਉੱਤੋਂ ਛੱਤੋ ਆ ਜਾਣਾ ।
ਉਸ ਝੂਠੀ ਮੂਠੀ ਕੁਟਣਾ,
ਅਸੀਂ ਝੂਠੀ ਮੂਠੀ ਰੋਣਾ ।
ਉਸ ਧੌਣ ਅਸਾਡੀ ਛੱਡਣੀ,
ਅਸਾਂ ਟੱਪ ਕੇ ਪਰ੍ਹੇ ਖਲੋਣਾ ।
ਉਸ ਗਾਲ੍ਹਾਂ ਦੇਣੀਆਂ ਖੱਲ੍ਹ ਕੇ,
ਅਸਾਂ ਗਾਉਣਾ ਅੱਗੋਂ ਰਲ ਕੇ :
ਛੱਤੋ ਮਾਈ ਦੀਆਂ ਗਾਲ੍ਹਾਂ,
ਹਨ ਦੁੱਧ ਤੇ ਘਿਓ ਦੀਆਂ ਨਾਲਾਂ ।
ਅੱਜ ਓਏ ਜੇ ਕੋਈ ਆਖੇ,
ਅਸੀਂ ਹੋਈਏ ਲੋਹੇ ਲਾਖੇ ।
ਅੱਜ ਸਾਨੂੰ ਕੋਈ ਜੇ ਘੂਰੇ,
ਅਸੀਂ ਚੁਕ ਚੁਕ ਪਈਏ ਹੂਰੇ ।
ਗਾਲ੍ਹਾਂ ਰਹੀਆਂ ਇਕ ਪਾਸੇ,
ਅਸੀਂ ਝਲ ਨਾ ਸਕੀਏ ਹਾਸੇ ।
ਗੱਲ ਗੱਲ 'ਤੇ ਭੱਜੀਏ ਥਾਣੇ,
ਅਸੀਂ ਭੁੱਲ ਬੈਠੇ 'ਉਹ ਜਾਣੇ ।'
ਉਹ ਕਿੱਧਰ ਗਏ ਦਿਹਾੜੇ ?
ਜਦ ਛੱਤੋ ਦੇ ਪਿਛਵਾੜੇ,
ਸਾਂ ਬੇਰ ਛੱਤੋ ਦੇ ਢਾਂਹਦੇ,
ਹੱਸ-ਹੱਸ ਕੇ ਗਾਲ੍ਹਾਂ ਖਾਂਦੇ ।

ਹੁਣ ਅਸਹਿਣਸ਼ੀਲਤਾ ਦੇ ਮੌਸਮ ਵਿੱਚ ਇਹ ਕਵਿਤਾ ਬਹੁਤ ਚੇਤੇ ਆਉਂਦੀ ਹੈ। ਤੁਸੀਂ ਵੀ ਪੜ੍ਹਿਓ ਤੇ ਵਿਚਾਰਿਓ ਕਿ ਕਿੱਥੋਂ ਕਿੱਥੇ ਪਹੁੰਚ ਗਏ ਹਾਂ।
ਜੱਸੋਵਾਲ ਵਰਗੀ ਵੱਡੀ ਬੁੱਕਲ ਵਿੱਚੋਂ ਕਿੰਨਾ ਕੁਝ ਕਿਰ ਗਿਆ ਹੈ।

ਗੁਰਭਜਨ ਗਿੱਲ

-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ,
gurbhajangill@gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.