Political Special ਨਿਗਮ ਚੋਣਾਂ : ਕਾਂਗਰਸ ਲਈ ਬਠਿੰਡਾ ’ਚ ਸਿਆਸੀ ਮੁੱਛ ਖੜ੍ਹੀ ਰੱਖਣੀ ਬਣੀ ਚੁਣੌਤੀਆਂ ਦੀ ਪੰਡ
ਅਸ਼ੋਕ ਵਰਮਾ
ਬਠਿੰਡਾ, 13 ਮਈ 2026 : ਕੀ 2021 ’ਚ 50 ਵਾਰਡਾਂ ਚੋਂ 43 ’ਚ ਜਿੱਤ ਹਾਸਲ ਕਰਕੇ ਨਗਰ ਨਿਗਮ ’ਤੇ ਕਾਬਜ ਗਠਜੋੜ ਨੂੰ ਸੱਤਾ ਤੋਂ ਬਾਹਰ ਕਰਨ ਵਾਲੀ ਕਾਂਗਰਸ ਮੌਜੂਦਾ ਚੋਣਾਂ ਦੌਰਾਨ ਜਿੱਤ ਦੁਰਹਾਉਣ ’ਚ ਸਫਲ ਹੋਵੇਗੀ। ਚੋਣ ਬਿਗਲ ਵੱਜਣ ਤੋਂ ਬਾਅਦ ਸ਼ਹਿਰ ਦੀ ਹੱਟੀ ਭੱਠੀ ’ਤੇ ਇਹੋ ਸਵਾਲ ਪੁੱਛਿਆ ਜਾ ਰਿਹਾ ਹੈ। ਹਾਲਾਂਕਿ ਸ਼ਹਿਰੀ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਆਪਣੇ ਵੱਲੋਂ ਪੂਰਾ ਤਾਣ ਲਾਇਆ ਹੋਇਆ ਹੈ ਪਰ ਪਿਛੋਕੜ ਦੀਆਂ ਘਟਨਾਵਾਂ ਪੁਰਾਣੀ ਸਫਲਤਾ ਦੁਰਹਾਉਣ ਪ੍ਰਤੀ ਪ੍ਰਸ਼ਨ ਚਿੰਨ੍ਹ ਲਾ ਰਹੀਆਂ ਹਨ। ਬਠਿੰਡਾ ਨੂੰ ਇੱਕ ਤਰਾਂ ਨਾਲ ਬਾਦਲਾਂ ਦੀ ਸਿਆਸੀ ਰਾਜਧਾਨੀ ਮੰਨਿਆ ਜਾਂਦਾ ਹੈ ਜਿੱਥੋਂ ਦੀ ਹਰ ਚੋਣ ਆਪਣਾ ਸਿਆਸੀ ਪ੍ਰਭਾਵ ਛੱਡਦੀ ਆਈ ਹੈ। ਸਾਲ 2024 ’ਚ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਅਸਰ ਪੰਚਾਇਤੀ ਚੋਣਾਂ ਦੌਰਾਨ ਬਠਿੰਡਾ ਪੱਟੀ ’ਚ ਨਜ਼ਰ ਆਇਆ ਸੀ ਉਦਾਂ ਹੀ ਤਾਜਾ ਚੋਣਾਂ ਦਾ 2027 ’ਚ ਪੈਣਾ ਤੈਅ ਹੈ।
ਹੁਣ ਜਦੋਂ ਕਾਂਗਰਸ ਅਗਲੀਆਂ ਵਿਧਾਨ ਸਭਾ ਚੋਣਾਂ ਮੌਕੇ ਖੁਦ ਨੂੰ ਸੱਤਾ ਦੀ ਦਾਅਵੇਦਾਰ ਮੰਨਦੀ ਹੈ ਤਾਂ ਤਲਵਾਰ ਦੀ ਧਾਰ ’ਤੇ ਤੁਰਨ ਵਾਂਗ ਬਣੇ ਇਸ ਚੋਣ ਅਮਲ ਦਾ ਲੇਖਾ ਜੋਖਾ ਬਣਦਾ ਹੈ। ਚੋਣ ਨਤੀਜਿਆਂ ਦੀ ਪੁਣਛਾਣ ਕਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਕਈ ਵਾਰਡਾਂ ’ਚ ਕਾਂਗਰਸੀ ਉਮੀਦਵਾਰ ਵਿਰੋਧੀਆਂ ਨੂੰ ਪਈਆਂ ਵੋਟਾਂ ਤੋਂ ਵੀ ਵੱਧ ਦੇ ਫਰਕ ਨਾਲ ਜਿੱਤੇ ਸਨ। ਨਤੀਜਾ ਆਉਣ ਤੋਂ ਬਾਅਦ ਸਿਆਸੀ ਬੈਂਗਣੀ ਕਿਸ ਤਰਾਂ ਦਾ ਉਘੜਦਾ ਹੈ ਇਹ ਤਾਂ 29 ਮਈ ਹੀ ਦੱਸੇਗੀ ਪਰ ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ 2021 ਵਰਗਾ ਇੱਕ ਤਰਫਾ ਬਹੁਮੱਤ ਕਾਂਗਰਸ ਲਈ ਚੁਣੌਤੀ ਹੈ। ਸਭ ਤੋਂ ਵੱਡਾ ਮਾਰਕਾ ਵਾਰਡ ਨੰਬਰ 24 ਤੋਂ ਤੱਤਕਾਲੀ ਕਾਂਗਰਸੀ ਉਮੀਦਵਾਰ ਸ਼ਾਮ ਲਾਲ ਜੈਨ ਨੇ 2250 ਵੋਟਾਂ ਨਾਲ ਮਾਰਿਆ ਸੀ ਜਦੋਂਕਿ ਵਿਰੋਧੀ ਆਪ ਉਮੀਦਵਾਰ ਅਸ਼ੋਕ ਕੁਮਾਰ ਮਸਾਂ 703 ਵੋਟਾਂ ਹੀ ਲਿਜਾ ਸਕਿਆ ਅਤੇ ਆਪਸੀ ਫਰਕ 1847 ਵੋਟਾਂ ਦਾ ਸੀ।
ਸਮਾਂ ਬਦਲਿਆ ਤਾਂ ਇਹੋ ਸ਼ਾਮ ਲਾਲ ਆਮ ਆਦਮੀ ਪਾਰਟੀ ’ਚ ਸਾਬਕਾ ਸੀਨੀਅਰ ਡਿਪਟੀ ਮੇਅਰ ਹਨ । ਵਾਰਡ 23 ’ਚ ਕਾਂਗਰਸ ਦੀ ਉਮੀਦਵਾਰ ਕਿਰਨਾ ਰਾਣੀ ਨੇ ਅਕਾਲੀ ਦਲ ਨੂੰ 1194 ਵੋਟਾਂ ਨਾਲ ਹਰਾਇਆ ਸੀ ਜਿਸ ਨੂੰ 714 ਵੋਟਾਂ ਪਈਆਂ ਸਨ। ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਬਲਰਾਜ ਪੱਕਾ ਨੇ ਆਪ ਉਮੀਦਵਾਰ ਬਿਕਰਮ ਸਿੰਘ ਨੂੰ ਪਈਆਂ 853 ਵੋਟਾਂ ਦੇ ਮੁਕਾਬਲੇ 1149 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ। ਮੇਅਰ ਨੂੰ ਹਟਾਉਣ ਤੇ ‘ਆਪ’ ਦੇ ਸਿਰ ਮੇਅਰ ਦਾ ਸਿਹਰਾ ਸਜਾਉਣ ਕਾਰਨ ਬਲਰਾਜ ਪੱਕਾ ਕਾਂਗਰਸ ਤੋਂ ਦੂਰੀ ਹਨ ਅਤੇ ਵਾਰਡ ਰਾਖਵਾਂ ਹੋਣ ਕਾਰਨ ਚੋਣ ਲੜਨ ਤੋਂ ਪਾਸਾ ਵੱਟ ਲਿਆ ਹੈ। ਪਹਿਲੀ ਵਾਰ ਚੋਣ ਜਿੱਤਕੇ ਮੇਅਰ ਬਣੀ ਸ਼੍ਰੀਮਤੀ ਰਮਨ ਗੋਇਲ ਨੇ ਵਾਰਡ 35 ਤੋਂ 1453 ਵੋਟਾਂ ਹਾਸਲ ਕਰਕੇ 319 ਵੋਟਾਂ ਲਿਜਾਣ ਵਾਲੀ ਭਾਜਪਾ ਉਮੀਦਵਾਰ ਸੀਮਾ ਅਰੋੜਾ ਨੂੰ 1134 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਵਾਰਡ ਨੰਬਰ 11 ਤੋਂ ਕਾਂਗਰਸ ਦੀ ਉਮੀਦਵਾਰ ਗੁਰਵਿੰਦਰ ਕੌਰ ਨੇ ਅਕਾਲੀ ਦਲ ਨੂੰ 1121 ਦੇ ਫਰਕ ਨਾਲ ਹਰਾਕੇ ਚੋਣ ਜਿੱਤੀ ਸੀ। ਵਾਰਡ ਨੰਬਰ 34 ਤੋਂ ਕਾਂਗਰਸ ਦੇ ਜਸਵੀਰ ਜੱਸਾ ਅਕਾਲੀ ਦਲ ਦੇ ਪੰਕਜ ਮਹੇਸ਼ਵਰੀ ਤੋਂ 1302 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਸਨ ਜੋ 385 ਵੋਟਾਂ ਹੀ ਲਿਜਾ ਸਕੇ ਸਨ। ਵਾਰਡ ਨੰਬਰ 38 ਤੋਂ ਕਾਂਗਰਸ ਦੀ ਮਮਤਾ ਸੈਣੀ ਨੇ ਆਪ ਉਮੀਦਵਾਰ ਰੈਣਾ ਸ਼ਰਮਾ ਤੋਂ 1115 ਵੋਟਾਂ ਜਿਆਦਾ ਹਾਸਲ ਕੀਤੀਆਂ ਜੋ ਸਿਰਫ 375 ਵੋਟਾਂ ਹੀ ਲਿਜਾ ਸਕੀ ਸੀ। ਵਾਰਡ ਨੰਬਰ 30 ਤੋਂ ਕਾਂਗਰਸ ਦੇ ਬਲਜਿੰਦਰ ਠੇਕੇਦਾਰ ਨੇ ਅਕਾਲੀ ਦਲ ਦੇ ਅਸ਼ੋਕ ਕੁਮਾਰ ਨੂੰ 1471 ਵੋਟਾਂ ਦੇ ਫਰਕ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ ਸੀ। ਕਾਂਗਰਸ ਦੇ ਅਸ਼ੋਕ ਪ੍ਰਧਾਨ ਵਾਰਡ ਨੰਬਰ 37 ਤੋਂ ਸਿਰਫ 284 ਵੋਟਾਂ ਲਿਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਤੋਂ 1430 ਦੇ ਫਰਕ ਨਾਲ ਚੋਣ ਜਿੱਤੇ ਸਨ।
ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਸੁਖਦੀਪ ਸਿੰਘ ਨੇ ਆਪ ਉਮੀਦਵਾਰ ਤੋਂ 1337 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ । ਵਾਰਡ ਨੰਬਰ 42 ਤੋਂ ਕਾਂਗਰਸ ਦੇ ਸੁਖਰਾਜ ਔਲਖ ਨੇ ਅਜ਼ਾਦ ਉਮੀਦਵਾਰ ਗੁਰਵਿੰਦਰ ਸਿੰਘ ਨੂੰ 1067 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਏਦਾਂ ਹੀ ਹਜ਼ਾਰ ਤੋਂ ਘੱਟ ਪਰ ਵਿਰੋਧੀਆਂ ਤੋਂ ਵੱਧ ’ਤੇ ਜਿੱਤਣ ਵਾਲਿਆਂ ’ਚ ਵਾਰਡ 49 ਤੋਂ ਕਮਲੇਸ਼ ਮਹਿਰਾ 942 , ਵਾਰਡ 36 ਤੋਂ ਹਰਵਿੰਦਰ ਲੱਡੂ 865 , ਵਾਰਡ 40 ਤੋਂ ਆਤਮਾ ਸਿੰਘ 898, ਵਾਰਡ 28 ਤੋਂ ਮਾਸਟਰ ਹਰਮੰਦਰ ਸਿੰਘ 991, ਵਾਰਡ 26 ਤੋਂ ਸੰਦੀਪ ਬਾਬੀ 781, ਵਾਰਡ 25 ਤੋਂ ਕਮਲਜੀਤ ਕੌਰ 820 ਅਤੇ ਵਾਰਡ 14 ਤੋਂ 967 ਵੋਟਾਂ ’ਤੇ ਜਿੱਤਣ ਵਾਲੇ ਵਿਵੇਕ ਨੰਬਰਦਾਰ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਐਨੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਕਾਂਗਰਸ ਪਾਰਟੀ ਲਈ ਐਤਕੀਂ ਦਾ ਚੋਣ ਮੈਦਾਨ ਚੁਣੌਤੀਆਂ ਭਰਪੂਰ ਰਹਿਣ ਵਾਲਾ ਹੈ।
ਸਿੰਗ ਫਸਣ ਦਾ ਵੀ ਰਿਕਾਰਡ
ਸਭ ਤੋਂ ਘੱਟ ਸਿਰਫ 13 ਵੋਟਾਂ ਤੇ ਜਿੱਤਣ ਦਾ ਰਿਕਾਰਡ ਅਕਾਲੀ ਉਮੀਦਵਾਰਾਂ ਮੱਖਣ ਸਿੰਘ ਅਤੇ 25 ਵੋਟਾਂ ਲਿਜਾਣ ਵਾਲੀ ਅਮਨਦੀਪ ਕੌਰ ਦਾ ਹੈ। ਕਾਂਗਰਸੀ ਉਮੀਦਵਾਰਾਂ ਚੋਂ ਇਹ ਸਿਹਰਾ ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਸੁਖਦੇਵ ਸਿੰਘ ਸੁੱਖਾ ਦਾ ਹੈ ਜੋ ਗੋਡਣੀਆਂ ਵਾਲਾ ਜੋਰ ਲਾਉਣ ਦੇ ਬਾਵਜੂਦ ਮਸਾਂ 43 ਵੋਟਾਂ ’ਤੇ ਜਿੱਤਿਆ ਸੀ। ਤੱਤਕਾਲੀ ਕਾਂਗਰਸੀ ਉਮੀਦਵਾਰ ਸੰਤੋਸ਼ ਮਹੰਤ ਜੋ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ’ਚ ਹਨ ਮਸਾਂ 71 ਵੋਟਾਂ ਦੇ ਫਰਕ ਨਾਲ ਜਿੱਤੇ ਸਨ।
ਲੜਾਂਗੇ ਵੀ ਤੇ ਜਿੱਤਾਂਗੇ ਵੀ
ਸ਼ਹਿਰੀ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਕਾਂਗਰਸ ਸਮੂਹ ਵਾਰਡਾਂ ’ਚ ਧੜੱਲੇ ਨਾਲ ਚੋਣ ਲੜੇਗੀ ਅਤੇ ਨਗਰ ਨਿਗਮ ’ਚ ਵੱਡੀ ਜਿੱਤ ਦਰਜ ਕਰਕੇ ਆਪਣੇ ਮੇਅਰ ਵੀ ਬਣਾਏਗੀ।
- Download Babushahi App
-
-