ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਬਿਊਰੋ 'ਚ CBI ਦੀ ਰੇਡ ਹੋਈ ਖ਼ਤਮ!
20 ਲੱਖ ਦੀ ਰਿਸ਼ਵਤ ਮਾਮਲੇ 'ਚ 3 ਮੁਲਜ਼ਮਾਂ ਦਾ ਮਿਲਿਆ ਰਿਮਾਂਡ
ਲਗਭਗ 24 ਘੰਟੇ ਚੱਲੀ ਜਾਂਚ ਤੋਂ ਬਾਅਦ ਸੀਬੀਆਈ ਦੀ ਟੀਮ ਵਿਜੀਲੈਂਸ ਦਫ਼ਤਰ ਤੋਂ ਰਵਾਨਾ
ਰਿਸ਼ਵਤਖੋਰੀ ਮਾਮਲੇ ਵਿੱਚ ਅਧਿਕਾਰੀਆਂ ਨੇ ਕਈ ਘੰਟੇ ਖੰਗਾਲਿਆ ਰਿਕਾਰਡ
ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਨੂੰ ਅਦਾਲਤ ਨੇ 3 ਦਿਨਾਂ ਦੇ CBI ਰਿਮਾਂਡ 'ਤੇ ਭੇਜਿਆ
ਰਵੀ ਜੱਖੂ
ਮੋਹਾਲੀ, 12 ਮਈ 2026- ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ (ਵਿਜੀਲੈਂਸ ਭਵਨ) ਵਿੱਚ ਬੀਤੇ ਕੱਲ੍ਹ ਤੋਂ ਚੱਲ ਰਹੀ ਸੀਬੀਆਈ (CBI) ਦੀ ਛਾਪੇਮਾਰੀ ਅੱਜ ਦੇਰ ਸ਼ਾਮ ਖ਼ਤਮ ਹੋ ਗਈ ਹੈ। ਸੀਬੀਆਈ ਦੀ ਟੀਮ ਨੇ ਬੀਤੀ ਅੱਧੀ ਰਾਤ ਅਤੇ ਅੱਜ ਪੂਰੇ ਦਿਨ ਦੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਵਿਜੀਲੈਂਸ ਭਵਨ ਤੋਂ ਆਪਣੀ ਕਾਰਵਾਈ ਮੁਕੰਮਲ ਕਰ ਲਈ ਹੈ।
ਇਹ ਸਾਰੀ ਕਾਰਵਾਈ 20 ਲੱਖ ਰੁਪਏ ਦੀ ਕਥਿਤ ਰਿਸ਼ਵਤਖੋਰੀ ਦੇ ਇੱਕ ਗੰਭੀਰ ਮਾਮਲੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਜਾਂਚ ਦੌਰਾਨ ਸੀਬੀਆਈ ਦੇ ਉੱਚ ਅਧਿਕਾਰੀਆਂ ਨੇ ਵਿਜੀਲੈਂਸ ਦਫ਼ਤਰ ਦੇ ਅਹਿਮ ਰਿਕਾਰਡ ਖੰਗਾਲੇ ਅਤੇ ਕਈ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ। ਸੂਤਰਾਂ ਅਨੁਸਾਰ, ਇਸ ਮਾਮਲੇ ਦੀਆਂ ਤਾਰਾਂ ਵਿਜੀਲੈਂਸ ਦੇ ਕੁਝ ਅਧਿਕਾਰੀਆਂ ਜਾਂ ਉਨ੍ਹਾਂ ਦੇ ਕਰੀਬੀਆਂ ਨਾਲ ਜੁੜੀਆਂ ਹੋਣ ਦਾ ਖ਼ਦਸ਼ਾ ਹੈ।
ਸੀਬੀਆਈ ਵੱਲੋਂ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ 3 ਦਿਨਾਂ ਦੇ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਸੀਬੀਆਈ ਰਿਮਾਂਡ ਦੌਰਾਨ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਸ ਰਿਸ਼ਵਤਖੋਰੀ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰੇਗੀ।
ਵਿਜੀਲੈਂਸ, ਜੋ ਖੁਦ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦੀ ਹੈ, ਉਸ ਦੇ ਆਪਣੇ ਮੁੱਖ ਦਫ਼ਤਰ 'ਤੇ ਸੀਬੀਆਈ ਦੀ ਇਸ ਕਾਰਵਾਈ ਨੇ ਪੂਰੇ ਪ੍ਰਸ਼ਾਸਨਿਕ ਢਾਂਚੇ ਵਿੱਚ ਹਲਚਲ ਮਚਾ ਦਿੱਤੀ ਹੈ। ਫਿਲਹਾਲ ਸੀਬੀਆਈ ਵੱਲੋਂ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
- Download Babushahi App
-
-