ਨਿਰੰਕਾਰੀ ਮਿਸ਼ਨ ਦੇ ਮਰਹੂਮ ਮੁਖੀ ਹਰਦੇਵ ਸਿੰਘ ਦੀ ਯਾਦ ਵਿੱਚ ਸਤਸੰਗ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 14 ਮਈ 2026 : ਸੰਤ ਨਿਰੰਕਾਰੀ ਮਿਸ਼ਨ ਵੱਲੋਂ ਮੌਜੂਦਾ ਮਿਸ਼ਨ ਪ੍ਰਮੁੱਖ ਸੁਦੀਕਸ਼ਾ ਅਤੇ ਨਿਰੰਕਾਰੀ ਆਗੂ ਰਮਿਤ ਦੀ ਅਗਵਾਈ ਹੇਠ ਮਰਹੂਮ ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਦੀ ਯਾਦ ਵਿੱਚ ਸਤਸੰਗ ਪ੍ਰੋਗਰਾਮ ਕਰਵਾਉਣ ਦੀ ਲੜੀ ਤਹਿਤ ਬਠਿੰਡਾ ਵਿਖੇ ਵੀ ਆਦਰਸ਼ ਮੋਹਣ ਦੀ ਮੌਜੂਦਗੀ ਵਿੱਚ ਸਤਸੰਗ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸਰਬਜੀਤ ਗਰੋਵਰ ਨੇ ਸਮੂਹ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਫਰਮਾਇਆ ਕਿ ਬਾਬਾ ਹਰਦੇਵ ਸਿੰਘ ਦੀ ਯਾਦ ਵਿੱਚ ਮਾਨਵ ਜੀਵਨ ਦਾ ਹਰ ਪਲ ਇਨਸਾਨੀਅਤ ਅਤੇ ਭਗਤੀ ਵਿੱਚ ਸਮਰਪਿਤ ਹੋਵੇ, ਮਾਨਵ ਜੀਵਨ ਲਈ ਸਾਰਥਕ ਬਣੇ ਅਤੇ ਹਰ ਪਲ ਇਨਸਾਨੀਅਤ, ਕਰੁਣਾ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਦਿ੍ਸ਼ ਪੇਸ਼ ਕਰੇ।ਬਾਬਾ ਜੀ ਨੇ ਹਮੇਸ਼ਾ ਇਹੀ ਸਿੱਖਿਆ ਦਿੱਤੀ ਕਿ ਹਰ ਵਿਅਕਤੀ ਆਪਣੇ ਅੰਦਰ ਮਾਨਵੀ ਗੁਣ ਵਿਕਸਿਤ ਕਰਕੇ ਨਿਰੰਕਾਰ ਦਾ ਆਸਰਾ ਲੈਂਦੇ ਹੋਏ ਸਾਰਥਕ ਅਤੇ ਉਦੇਸ਼ਪੂਰਨ ਜੀਵਨ ਜੀਵੇ।
ਸਤਿਗੁਰੂ ਮਾਤਾ ਨੇ ਫ਼ਰਮਾਇਆ ਕਿ ਜੇਕਰ ਕਿਸੇ ਦੇ ਜੀਵਨ ਵਿੱਚ ਦੁੱਖ, ਪੀੜਾ ਜਾਂ ਸੰਘਰਸ਼ ਹੈ, ਤਾਂ ਸਾਡਾ ਫ਼ਰਜ਼ ਉਸਨੂੰ ਵਧਾਉਣਾ ਨਹੀਂ, ਸਗੋਂ ਪ੍ਰੇਮ, ਸੰਵੇਦਨਸ਼ੀਲਤਾ ਅਤੇ ਸਹਿਯੋਗ ਨਾਲ ਉਸਨੂੰ ਸ਼ਾਂਤ ਕਰਨਾ ਹੈ। ਜੀਵਨ ਅਜਿਹਾ ਹੋਵੇ ਜੋ ਰਿਸ਼ਤਿਆਂ ਵਿੱਚ ਪਿਆਰ ਅਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰੇ।
ਅਮਰ ਸੰਤ ਅਵਨੀਤ ਦੇ ਸਮਰਪਿਤ ਜੀਵਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਫ਼ਰਮਾਇਆ ਕਿ ਸੱਚਾ ਸਮਰਪਣ ਉਹੀ ਹੈ ਜਿਸ ਵਿੱਚ ਸੇਵਾ ਦਾ ਭਾਵ ਸਿਰਫ਼ ਵਿਚਾਰਾਂ ਵਿੱਚ ਨਹੀਂ, ਸਗੋਂ ਵਿਹਾਰ ਅਤੇ ਤਰਜੀਹਾਂ ਵਿੱਚ ਸਪੱਸ਼ਟ ਦਿਖਾਈ ਦੇਵੇ। ਉਨ੍ਹਾਂ ਨੇ ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸੰਗਤ, ਸੇਵਾ ਅਤੇ ਭਗਤੀ ਨੂੰ ਸਰਵਉੱਚ ਰੱਖ ਕੇ ਇਹ ਪ੍ਰੇਰਨਾ ਦਿੱਤੀ ਕਿ ਪਰਿਵਾਰਕ ਅਤੇ ਸਮਾਜਿਕ ਜੀਵਨ ਵਿੱਚ ਰਹਿੰਦੇ ਹੋਏ ਵੀ ਪੂਰੀ ਨਿਸ਼ਠਾ ਨਾਲ ਸਮਰਪਿਤ ਜੀਵਨ ਜੀਵਿਆ ਜਾ ਸਕਦਾ ਹੈ।
- Download Babushahi App
-
-