ਤਰਨ ਤਾਰਨ 'ਚ ਖ਼ੂਨੀ ਮੁਕਾਬਲਾ: ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਤਾਬੜਤੋੜ ਫਾਇਰਿੰਗ, 4 ਗੈਂਗਸਟਰਾਂ ਨੂੰ ਲੱਗੀਆਂ ਗੋਲੀਆਂ!
ਬਲਜੀਤ ਸਿੰਘ/ ਬਾਬੂਸ਼ਾਹੀ ਬਿਊਰੋ
ਪੱਟੀ/ਵਲਟੋਹਾ, 13 ਮਈ, 2026: ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਵਲਟੋਹਾ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ Encounter ਹੋਇਆ। ਇਸ ਖ਼ੂਨੀ ਮੁਕਾਬਲੇ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਚਾਰ ਬਦਮਾਸ਼ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਘਟਨਾ ਉਸ ਵੇਲੇ ਵਾਪਰੀ ਜਦੋਂ ਥਾਣਾ ਵਲਟੋਹਾ ਦੇ ਐਸ.ਐਚ.ਓ. (SHO) ਆਪਣੀ ਟੀਮ ਸਮੇਤ ਇਲਾਕੇ ਵਿੱਚ Patrolling ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਨੂੰ ਮੋਟਰਸਾਈਕਲ ਸਵਾਰ ਦੋ ਸ਼ੱਕੀ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਸਿੱਧੀ ਗੋਲੀ ਚਲਾ ਦਿੱਤੀ।
ਪੁਲਿਸ ਨੇ ਵੀ ਬਿਨਾਂ ਦੇਰੀ ਕੀਤੇ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਪਹਿਲੇ ਮੋਟਰਸਾਈਕਲ ਸਵਾਰ ਆਕਾਸ਼ਦੀਪ ਸਿੰਘ ਅਤੇ ਸੰਨੀ ਜ਼ਖ਼ਮੀ ਹੋ ਗਏ। ਅਜੇ ਪੁਲਿਸ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਹੀ ਰਹੀ ਸੀ ਕਿ ਅਚਾਨਕ ਦੋ ਹੋਰ ਬਦਮਾਸ਼ ਇੱਕ ਵੱਖਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਉੱਥੇ ਪਹੁੰਚ ਗਏ ਅਤੇ ਪੁਲਿਸ 'ਤੇ ਦੁਬਾਰਾ ਹਮਲਾ ਕਰ ਦਿੱਤਾ। ਇਸ ਦੂਜੀ Cross Firing ਵਿੱਚ ਸੁਖਵਿੰਦਰ ਸਿੰਘ ਅਤੇ ਇੱਕ ਹੋਰ ਸੰਨੀ ਨਾਮੀ ਬਦਮਾਸ਼ ਵੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਚਾਰਾਂ ਹਮਲਾਵਰਾਂ ਨੂੰ ਦਬੋਚ ਲਿਆ ਹੈ।
ਇਸ ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਜ਼ਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ. (SSP) ਸੁਰਿੰਦਰ ਲਾਂਬਾ ਖ਼ੁਦ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਹੁਣ ਇਸ ਮਾਮਲੇ ਦੀ ਬਾਰੀਕੀ ਨਾਲ Investigation ਕਰ ਰਹੀ ਹੈ ਕਿ ਇਹ ਬਦਮਾਸ਼ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਜਾਂ ਇਨ੍ਹਾਂ ਦਾ ਸਬੰਧ ਕਿਸੇ ਅੰਤਰਰਾਸ਼ਟਰੀ ਗੈਂਗ ਨਾਲ ਹੈ। ਐਸ.ਐਸ.ਪੀ. ਵੱਲੋਂ ਜਲਦੀ ਹੀ ਇੱਕ Press Conference ਕਰਕੇ ਇਸ ਪੂਰੇ ਆਪ੍ਰੇਸ਼ਨ ਦੇ ਵੱਡੇ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ।
- Download Babushahi App
-
-