USA: ਵਿਪਸਾ ਵੱਲੋਂ ਨਾਮਵਰ ਲੇਖਿਕਾ ਅਰਤਿੰਦਰ ਸੰਧੂ ਨਾਲ ਸਾਹਿਤਕ ਸੰਵਾਦ
ਪੰਜਾਬੀ ਸਾਹਿਤ ਦੀ ਸਿਰਜਣਾ, ਸੰਪਾਦਨਾ ਅਤੇ ਸਮਾਜਿਕ ਸਰੋਕਾਰਾਂ ਬਾਰੇ ਹੋਈ ਚਰਚਾ
ਹਰਦਮ ਮਾਨ
ਮਾਰਟੀਨਜ਼ (ਕੈਲੀਫ਼ੋਰਨੀਆ) 27 ਅਕਤੂਬਰ 2026- ਪੰਜਾਬੀ ਸਾਹਿਤ ਦੀ ਸਿਰਜਣਾ ਸਿਰਫ਼ ਰਚਨਾਵਾਂ ਲਿਖਣ ਤੱਕ ਸੀਮਤ ਨਹੀਂ, ਸਗੋਂ ਨਵੀਆਂ ਆਵਾਜ਼ਾਂ ਨੂੰ ਪਛਾਣਨ, ਉਨ੍ਹਾਂ ਨੂੰ ਮੰਚ ਦੇਣ ਅਤੇ ਸਾਹਿਤ ਨੂੰ ਸਮਾਜ ਦੇ ਸਰੋਕਾਰਾਂ ਨਾਲ ਜੋੜਨ ਵਿੱਚ ਵੀ ਇਸ ਦੀ ਅਹਿਮ ਭੂਮਿਕਾ ਹੈ। ਇਸੇ ਭਾਵਨਾ ਨੂੰ ਸਾਹਮਣੇ ਰੱਖਦਿਆਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਵੱਲੋਂ ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਦੇ ਗ੍ਰਹਿ ਵਿਖੇ ਪੰਜਾਬ ਤੋਂ ਆਈ ਨਾਮਵਰ ਲੇਖਿਕਾ ਅਤੇ ਸਾਹਿਤਕ ਰਸਾਲੇ ‘ਏਕਮ’ ਦੀ ਸੰਪਾਦਕ ਅਰਤਿੰਦਰ ਸੰਧੂ ਨਾਲ ਸਾਹਿਤਕ ਸੰਵਾਦ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਸਾਹਿਤ ਦੀਆਂ ਸੰਭਾਵਨਾਵਾਂ, ਰਸਾਲੇ ਦੀ ਸੰਪਾਦਕੀ ਦ੍ਰਿਸ਼ਟੀ, ਨਵੇਂ ਲੇਖਕਾਂ ਦੀ ਹੌਸਲਾ-ਅਫ਼ਜ਼ਾਈ ਅਤੇ ਸਾਹਿਤ ਦੇ ਸਮਾਜਿਕ ਸਰੋਕਾਰਾਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ।
ਪ੍ਰੋ. ਹਰਿੰਦਰ ਕੌਰ ਸੋਹੀ ਨੇ ਮੰਚ ਸੰਚਾਲਨ ਕਰਦਿਆਂ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਲਾਜ ਨੀਲਮ ਸੈਣੀ ਨੇ ਅਰਤਿੰਦਰ ਸੰਧੂ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਜਨਮ 29 ਸਤੰਬਰ 1945 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖਿਆਲਾ ਵਿਖੇ ਹੋਇਆ। ਉੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਲੰਮਾ ਸਮਾਂ ਅਧਿਆਪਨ ਦੇ ਖੇਤਰ ਵਿੱਚ ਸੇਵਾ ਨਿਭਾਈ ਅਤੇ ਮੁੱਖ ਅਧਿਆਪਕਾ ਵਜੋਂ ਸੇਵਾਮੁਕਤ ਹੋਏ।
ਉਨ੍ਹਾਂ ਕਿਹਾ ਕਿ ਅਰਤਿੰਦਰ ਸੰਧੂ ਨੇ ਕਵਿਤਾ, ਕਹਾਣੀ, ਵਾਰਤਕ ਅਤੇ ਅਨੁਵਾਦ ਦੇ ਖੇਤਰਾਂ ਵਿੱਚ ਆਪਣੀ ਸਿਰਜਣਾਤਮਕ ਪਛਾਣ ਬਣਾਈ ਹੈ। ਉਨ੍ਹਾਂ ਦੀ ਸਾਹਿਤਕ ਸਰਗਰਮੀ ਦਾ ਇੱਕ ਮਹੱਤਵਪੂਰਨ ਪੱਖ ‘ਏਕਮ’ ਦੀ ਸੰਪਾਦਨਾ ਹੈ। ਪਿਛਲੇ ਪੰਦਰਾਂ ਸਾਲਾਂ ਤੋਂ ਉਹ ਇਸ ਰਸਾਲੇ ਰਾਹੀਂ ਸਾਹਿਤਕ ਰਚਨਾਵਾਂ ਅਤੇ ਪੁਸਤਕਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਨਵੇਂ ਲੇਖਕਾਂ ਲਈ ਵੀ ਰਾਹ ਖੋਲ੍ਹ ਰਹੇ ਹਨ। ਹਰ ਸਾਲ ਕਿਸੇ ਨਵੇਂ ਲੇਖਕ ਦੀ ਪੁਸਤਕ ਨੂੰ ਇਨਾਮ ਦੇ ਕੇ ਉਤਸ਼ਾਹਿਤ ਕਰਨਾ ਇਸੇ ਸਾਹਿਤਕ ਵਚਨਬੱਧਤਾ ਦਾ ਪ੍ਰਗਟਾਵਾ ਹੈ।
ਆਪਣੇ ਸਾਹਿਤਕ ਸਫ਼ਰ ਦੀਆਂ ਪਰਤਾਂ ਖੋਲ੍ਹਦਿਆਂ ਅਰਤਿੰਦਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਨੌਵੀਂ ਜਮਾਤ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਅਤੇ ਪ੍ਰਸਿੱਧ ਕਵੀ ਬਾਵਾ ਬਲਵੰਤ ਦੀ ਸ਼ਾਇਰੀ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਕੀਤਾ। ਕਵਿਤਾ ਦੀਆਂ ਸੋਲਾਂ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਕਹਾਣੀ, ਵਾਰਤਕ ਅਤੇ ਅਨੁਵਾਦ ਦੇ ਖੇਤਰਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਆਪਣੀ ਕਹਾਣੀ ‘ਸੂਬੇਦਾਰਨੀ ਦਾ ਪੋਤਾ’ ਅਤੇ ਹੋਰ ਲਿਖਤਾਂ ਦੇ ਹਵਾਲੇ ਨਾਲ ਆਪਣੀਆਂ ਸਾਹਿਤਕ ਰੁਚੀਆਂ ਅਤੇ ਸਿਰਜਣਾਤਮਕ ਅਨੁਭਵ ਸਾਂਝੇ ਕੀਤੇ। ‘ਏਕਮ’ ਦੀ ਸੰਪਾਦਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਰਸਾਲੇ ਵਿੱਚ ਸਥਾਪਿਤ ਲੇਖਕਾਂ ਦੇ ਨਾਲ ਨਵੀਆਂ ਕਲਮਾਂ ਨੂੰ ਵੀ ਢੁੱਕਵੀਂ ਥਾਂ ਦਿੱਤੀ ਜਾਂਦੀ ਹੈ। ਨਵੀਆਂ ਪੁਸਤਕਾਂ ਬਾਰੇ ਜਾਣਕਾਰੀ ਰਸਾਲੇ ਦੇ ਪਿਛਲੇ ਪੰਨੇ ’ਤੇ ਬਿਨਾਂ ਕਿਸੇ ਖ਼ਰਚੇ ਦੇ ਪ੍ਰਕਾਸ਼ਿਤ ਕਰਨਾ ਉਨ੍ਹਾਂ ਦੀ ਉਸ ਸੋਚ ਦਾ ਹਿੱਸਾ ਹੈ, ਜਿਸ ਅਨੁਸਾਰ ਸਾਹਿਤਕ ਮੰਚਾਂ ਨੂੰ ਲੇਖਕਾਂ ਦੀ ਪਛਾਣ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੇ ਪ੍ਰਸਾਰ ਵਿੱਚ ਸਹਾਇਕ ਬਣਨਾ ਚਾਹੀਦਾ ਹੈ। ਸਿੱਖਿਆ ਅਤੇ ਔਰਤਾਂ ਨਾਲ ਹੁੰਦੇ ਵਿਤਕਰੇ ਵਰਗੇ ਸਮਾਜਿਕ ਮੁੱਦਿਆਂ ਨੂੰ ਰਸਾਲੇ ਵਿੱਚ ਥਾਂ ਦੇਣ ਬਾਰੇ ਵੀ ਉਨ੍ਹਾਂ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਰਾਜ ਖ਼ੁਸ਼ਵੰਤ ਸਿੰਘ ਸੰਧੂ ਨੇ ਆਪਣੀ ਹਮਸਫ਼ਰ ਅਰਤਿੰਦਰ ਸੰਧੂ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਏਕਮ’ ਨੂੰ ਪਾਠਕਾਂ ਤੱਕ ਪਹੁੰਚਾਉਣ ਦੇ ਕਾਰਜ ਵਿੱਚ ਉਹ ਵੀ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਹਰਪ੍ਰੀਤ ਕੌਰ ਧੂਤ ਨੇ ਰਸਾਲੇ ਦੇ ਮਿਆਰ ਅਤੇ ਅਰਤਿੰਦਰ ਸੰਧੂ ਦੀ ਸਾਹਿਤਕ ਦੇਣ ਦੀ ਸ਼ਲਾਘਾ ਕੀਤੀ। ਜਗਜੀਤ ਨੌਸ਼ਿਹਰਵੀ ਨੇ ‘ਏਕਮ’ ਵਿੱਚ ਪ੍ਰਕਾਸ਼ਿਤ ਹੁੰਦੀ ਸਮੱਗਰੀ ਦੀ ਗੁਣਵੱਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਰਤਿੰਦਰ ਸੰਧੂ ਵਿਦੇਸ਼ਾਂ ਵਿੱਚ ਵੱਸਦੇ ਸਾਹਿਤਕਾਰਾਂ ਨੂੰ ਵੀ ਬਣਦਾ ਮਾਣ-ਸਤਿਕਾਰ ਦਿੰਦੇ ਹਨ।
ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਅਰਤਿੰਦਰ ਸੰਧੂ ਦੇ ਵਿਚਾਰਾਂ ਨੂੰ ਅਜੋਕੇ ਪੂੰਜੀਵਾਦੀ ਯੁੱਗ, ਬੌਧਿਕਤਾ ਅਤੇ ਮਨੁੱਖੀ ਆਜ਼ਾਦੀ ਦੇ ਸੰਦਰਭ ਵਿੱਚ ਵਿਚਾਰਿਆ। ਡਾ. ਜਸਵੀਰ ਸਿੰਘ ਗਿੱਲ ਨੇ ਜੰਗਲ ਬਾਰੇ ਉਨ੍ਹਾਂ ਦੇ ਲੇਖ ਦੀ ਪ੍ਰਸ਼ੰਸਾ ਕੀਤੀ, ਜਦਕਿ ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਉਨ੍ਹਾਂ ਨੂੰ ਸਮਰੱਥ ਲੇਖਿਕਾ ਦੱਸਦਿਆਂ ‘ਏਕਮ’ ਨੂੰ ਮਿਆਰੀ ਸਾਹਿਤਕ ਰਸਾਲਾ ਕਿਹਾ। ਉਨ੍ਹਾਂ ਅਜੋਕੇ ਮਨੁੱਖ ਦੇ ਨੈਤਿਕ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਜਾਣ ’ਤੇ ਚਿੰਤਾ ਵੀ ਪ੍ਰਗਟਾਈ। ਵਿਪਸਾ ਦੇ ਪ੍ਰਧਾਨ ਕੁਲਵਿੰਦਰ ਨੇ ਬਾਵਾ ਬਲਵੰਤ ਦੀ ਸ਼ਾਇਰੀ ਦੇ ਪੰਜਾਬੀ ਗ਼ਜ਼ਲ ਵਿੱਚ ਯੋਗਦਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਸ਼ਾਇਰੀ ਵਿੱਚ ਨਵੀਨਤਾ ਲਿਆਉਣ ਵਾਲੇ ਇਸ ਕਵੀ ਦੇ ਪ੍ਰਭਾਵ ਬਾਰੇ ਸੁਣਨਾ ਉਨ੍ਹਾਂ ਲਈ ਦਿਲਚਸਪੀ ਵਾਲੀ ਗੱਲ ਸੀ।
ਸਾਹਿਤਕ ਸੰਵਾਦ ਤੋਂ ਬਾਅਦ ਹੋਏ ਕਵੀ ਦਰਬਾਰ ਨੇ ਸਮਾਗਮ ਨੂੰ ਕਾਵਿਕ ਰੰਗਤ ਦਿੱਤੀ। ਡਾ. ਜਸਵੀਰ ਸਿੰਘ ਗਿੱਲ, ਅਰਤਿੰਦਰ ਸੰਧੂ, ਅਮਰਜੀਤ ਜੌਹਲ, ਅਜ਼ੀਮ, ਕਾਕਾ ਕਲੇਰ, ਸੁਖਜੀਤ ਸਿੰਘ, ਜਗਜੀਤ ਨੌਸ਼ਿਹਰਵੀ, ਹਰਪ੍ਰੀਤ ਕੌਰ ਧੂਤ, ਕੁਲਵਿੰਦਰ ਅਤੇ ਲਾਜ ਨੀਲਮ ਸੈਣੀ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਰਣਜੀਤ ਕੌਰ ਅਤੇ ਪ੍ਰਸਿੱਧ ਗਾਇਕ ਸੁਖਦੇਵ ਸਾਹਿਲ ਨੇ ਗੀਤਾਂ ਅਤੇ ਗ਼ਜ਼ਲਾਂ ਨਾਲ ਮਹਿਫ਼ਲ ਨੂੰ ਸੁਰਮਈ ਬਣਾਇਆ, ਜਦਕਿ ਵਿਜੇ ਸਿੰਘ ਨੇ ਆਪਣੀ ਕਲਾ ਰਾਹੀਂ ਸਮਾਗਮ ਵਿੱਚ ਨਵਾਂ ਰੰਗ ਭਰਿਆ। ਰਸ਼ਮਦੀਪ ਸੰਧੂ ਅਤੇ ਸੁਖਵਿੰਦਰ ਕੌਰ ਉਚੇਚੇ ਤੌਰ 'ਤੇ ਸਮਾਗਮ ਵਿੱਚ ਸ਼ਾਮਲ ਹੋਏ। ਅੰਤ ਵਿੱਚ ਮਨਜੀਤ ਪਲਾਹੀ ਨੇ ਹਾਜਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
- Download Babushahi App
-
-