Political Specioal-ਕਰਮਜੀਤ ਅਨਮੋਲ ਵੱਲੋਂ ਮਾਨਸਾ ਦੀ ‘ਸਿਆਸੀ ਚਾਦਰ’ ’ਤੇ ਤੋਪੇ ਭਰਨ ਦੀ ਚੁੰਝ ਚਰਚਾ ਛਿੜੀ
ਅਸ਼ੋਕ ਵਰਮਾ
ਬਠਿੰਡਾ, 08 ਅਕਤੂਬਰ 2025 : ਪੰਜਾਬੀ ਫਿਲਮ ਜਗਤ ਤੋਂ ਰਾਜਨੀਤੀ ’ਚ ਆਏ ਕਰਮਜੀਤ ਅਨਮੋਲ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਮਾਰੇ ਜਾ ਰਹੇ ਗੇੜਿਆਂ ਨੇ ਨਵੇਂ ਸਿਆਸੀ ਚੁੰਝ ਚਰਚੇ ਛੇੜ ਦਿੱਤੇ ਹਨ। ਹਾਲਾਂਕਿ ਅਨਮੋਲ ਪਹਿਲਾਂ ਵੀ ਆਉਂਦੇ ਰਹਿੰਦੇ ਸਨ , ਪਰ ਹਾਲੀਆ ਭਲਵਾਨੀ ਗੇੜੀਆਂ ਨੇ ਨਵੀਂ ਖੁੰਢ ਚਰਚਾ ਨੂੰ ਜਨਮ ਦਿੱਤਾ ਹੈ। ਚਰਚਾ ਮੁਤਾਬਕ ਅਨਮੋਲ 2027 ’ਚ ਇਸ ਜਿਲ੍ਹੇ ਚੋਂ ਚੋਣ ਲੜ ਸਕਦੇ ਹਨ। ਕਰਮਜੀਤ ਅਨਮੋਲ ਸਰਦੂਲਗੜ੍ਹ ਹਲਕੇ ਦੇ ਪਿੰਡ ਫੱਤਾ ਮਾਲੋਕਾ ’ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਲੋਕ ਮਿਲਣੀ ਪ੍ਰੋਗਰਾਮ ’ਚ ਦਿਖਾਈ ਦਿੱਤੇ ਸਨ। ਅਨਮੋਲ ਨੂੰ ਭਗਵੰਤ ਮਾਨ ਦੇ ਬੇਹੱਦ ਨਜ਼ਦੀਕੀਆਂ ਚੋਂ ਇੱਕ ਮੰਨਿਆ ਜਾਂਦਾ ਹੈ ਜੋ ਉਨ੍ਹਾਂ ਨੂੰ ਰਾਜਨੀਤੀ ਵਿੱਚ ਲੈ ਕੇ ਆਏ ਹਨ। ਜਦੋਂ ਭਗਵੰਤ ਮਾਨ ਕਲਾਕਾਰ ਸਨ ਤਾਂ ਉਦੋਂ ਉਨ੍ਹਾਂ ਦੀਆਂ ਉਨ੍ਹਾਂ ਆਡੀਓ ਕੈਸਟਾਂ ਨੇ ਕਾਮੇਡੀ ਦੀ ਦੁਨੀਆਂ ’ਚ ਤਹਿਲਕਾ ਮਚਾ ਦਿੱਤਾ ਸੀ ਜੋ ਕਰਮਜੀਤ ਅਨਮੋਲ ਨਾਲ ਸਨ।
ਇਸ ਵੇਲੇ ਪੰਜਾਬੀ ਫਿਲਮਾਂ ਵਿੱਚ ਕਰਮਜੀਤ ਅਨਮੋਲ ਦੀ ਮੌਜੂਦਗੀ ਨੂੰ ਫਿਲਮ ਹਿੱਟ ਹੋਣ ਦੀ ਜਾਮਿਨੀ ਮੰਨਿਆ ਜਾਂਦਾ ਹੈ। ਫਿਲਮਾਂ ਅਤੇ ਸੰਗੀਤ ਕਾਰਨ ਜਦੋਂ ਕਰਮਜੀਤ ਅਨਮੋਲ ਹੁਣ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਤਾਂ ਹਾਕਮ ਧਿਰ ‘ਆਪ’ ਮਾਨਸਾ ਜਿਲ੍ਹੇ ਚੋਂ ਚੋਣ ਲੜਾਕੇ ਉਸ ਦੀ ਮਕਬੂਲੀਅਤ ਦਾ ਲਾਹਾ ਖੱਟਣਾ ਚਾਹੁੰਦੀ ਹੈ। ਸਿਆਸੀ ਮਾਹਿਰਾਂ ਵੱਲੋਂ ਵੀ ਦੋ ਵਿਧਾਨ ਸਭਾ ਹਲਕਿਆਂ ’ਚ ਅਨਮੋਲ ਦੀ ਮੌਜੂਦਗੀ ਨੂੰ ਅਗਾਮੀ ਚੋਣਾਂ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਮਾਨਸਾ ਜਿਲ੍ਹੇ ’ਚ 3 ਵਿਧਾਨ ਸਭਾ ਹਲਕੇ ਪੈਂਦੇ ਹਨ ਜਿੰਨ੍ਹਾਂ ਚੋਂ ਬੁਢਲਾਡਾ ਹਲਕਾ ਰਾਖਵਾਂ ਹੈ ਜਦੋਂਕਿ ਮਾਨਸਾ ਅਤੇ ਸਰਦੂਲਗੜ੍ਹ ਜਰਨਲ ਹਲਕੇ ਹਨ। ਸੂਤਰ ਦੱਸਦੇ ਹਨ ਕਿ ਸਰਦੂਲਗੜ੍ਹ ਹਲਕੇ ਤੋਂ ਸਿਟਿੰਗ ਐਮਐਲਏ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਉਮੀਦਵਾਰ ਬਣਾਇਆ ਜਾਣਾ ਲੱਗਭਗ ਤੈਅ ਹੈ। ਫੱਤਾ ਮਾਲੋਕਾ ਦੀ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧ ’ਚ ਇਸ਼ਾਰਾ ਵੀ ਕਰ ਚੁੱਕੇ ਹਨ।
ਹੁਣ ਪਿੱਛੇ ਬੁਢਲਾਡਾ ਅਤੇ ਮਾਨਸਾ ਹਲਕੇ ਬਚਦੇ ਹਨ ਜਿੰਨ੍ਹਾਂ ’ਚ ਕਰਮਜੀਤ ਅਨਮੋਲ ਦੀਆਂ ਸਰਗਰਮੀਆਂ ਭੇਦ ਬਣੀਆਂ ਹੋਈਆਂ ਹਨ। ਖਾਸ ਤੌਰ ’ਤੇ ਰਿਜ਼ਰਵ ਹੋਣ ਕਾਰਨ ਬੁਢਲਾਡਾ ਹਲਕੇ ਵਿੱਚ ਤਾਂ ਕੁੱਝ ਜਿਆਦਾ ਹੀ ਘੁਸਰ ਮੁਸਰ ਛਿੜੀ ਹੋਈ ਹੈ ਕਿ ਕੀ ਸੱਤਾਧਾਰੀ ਧਿਰ ਇੱਥੋਂ ਅਨਮੋਲ ਨੂੰ ਚੋਣ ਮੈਦਾਨ ’ਚ ਉਤਾਰ ਸਕਦੀ ਹੈ। ਪ੍ਰਿੰਸੀਪਲ ਬੁੱਧ ਰਾਮ ਹਲਕਾ ਬੁਢਲਾਡਾ ਤੋਂ ਵਿਧਾਇਕ ਹਨ ਜਿੰਨ੍ਹਾਂ ਨੇ ਵਿਧਾਨ ਸਭਾ ਚੋਣਾਂ 2017 ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਹਨੇਰੀ ਦੌਰਾਨ ਜਿੱਤ ਪ੍ਰਾਪਤ ਕੀਤੀ ਸੀ। ਆਮ ਆਦਮੀ ਪਾਰਟੀ ਦੀ ਸੁਨਾਮੀ ਕਾਰਨ 2022 ’ਚ ਵੀ ਪ੍ਰਿੰਸੀਪਲ ਬੁੱਧ ਰਾਮ ਚੋਣ ਜਿੱਤੇ ਸਨ ਜੋ ਕਰੀਬ 10 ਸਾਲਾਂ ਤੋਂ ਹਲਕੇ ’ਚ ਪੂਰੀ ਤਰਾਂ ਸਰਗਰਮ ਹਨ। ਇਸ ਪੱਤਰਕਾਰ ਕੋਲ ਹਲਕੇ ਦੇ ਬਹੁਗਿਣਤੀ ਲੋਕਾਂ ਨੇ ਪ੍ਰਿੰਸੀਪਲ ਬੁੱਧ ਰਾਮ ਨੂੰ ਤੀਸਰੀ ਵਾਰ ਉਮੀਦਵਾਰ ਬਣਾਉਣ ਦਾ ਦਾਅਵਾ ਕੀਤਾ ਜਦੋਂਕਿ ਕਈ ਲੋਕ ਇਸ ਗੱਲ ਦੀ ਮੁਖਾਲਫਤ ਵੀ ਕਰਦੇ ਨਜ਼ਰ ਆਏ।
ਇਸੇ ਕਾਰਨ ਬੁਢਲਾਡਾ ਹਲਕੇ ’ਚ ਉਮੀਦਵਾਰ ਸਬੰਧੀ ਭੰਬਲਭੂਸੇ ਵਾਲਾ ਮਹੌਲ ਹੈ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਜਰਨਲ ਹਲਕੇ ਤੋਂ ਰਿਜ਼ਰਵ ਕੈਟਾਗਰੀ ਦਾ ਉਮੀਦਵਾਰ ਚੋਣ ਲੜਨ ਸਬੰਧੀ ਨਿਯਮ ਤਾਂ ਕਰਮਜੀਤ ਅਨਮੋਲ ਨੂੰ ਮਾਨਸਾ ਹਲਕੇ ਤੋਂ ਚੋਣ ਲੜਾਈ ਜਾ ਸਕਦੀ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ ਪਿੱਛੇ ਜਿਹੇ ਮਾਨਸਾ ਜਿਲ੍ਹੇ ਦੇ ਸਮੂਹ ਹਲਕਿਆਂ ਬਾਰੇ ਗੁਪਤ ਸਰਵੇਖਣ ਕਰਵਾਇਆ ਸੀ ਅਤੇ ਖੁਫੀਆ ਵਿਭਾਗ ਤੋਂ ਵੀ ਰਿਪੋਰਟਾਂ ਲਈਆਂ ਹਨ। ਭਾਵੇਂ ਇਸ ਸਬੰਧ ’ਚ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਅਹਿਮ ਸੂਤਰਾਂ ਮੁਤਾਬਕ ਬੁਢਲਾਡਾ ਅਤੇ ਮਾਨਸਾ ਹਲਕਿਆਂ ’ਚ ਹਾਕਮ ਧਿਰ ਦੇ ਵਿਧਾਇਕਾਂ ਬਾਰੇ ਚੰਗੀ ਲੋਕ ਰਾਏ ਸਾਹਮਣੇ ਨਹੀਂ ਆਈ ਹੈ। ਖਾਸ ਤੌਰ ’ਤੇ ਮਾਨਸਾ ਹਲਕੇ ਦੇ ਸਿਟਿੰਗ ਵਿਧਾਇਕ ਵਿਜੇ ਸਿੰਗਲਾ ਨੂੰ ਇੰਨ੍ਹਾਂ ਦੋਵਾਂ ਸਰਵੇਖਣਾਂ ਦੌਰਾਨ ਢੁੱਕਵੇਂ ਨੰਬਰ ਨਹੀਂ ਮਿਲੇ ਜੋ ਉਨ੍ਹਾਂ ’ਤੇ ਮੁੜ ਮੋਹਰ ਲਾਉਣ ਵਾਲੇ ਸਾਬਤ ਹੋਣ।
ਮਾਨਸਾ ਜਿਲ੍ਹਾ ਵਕਾਰੀ ਮੁੱਦੇ
ਚੋਣ ਪਿੜ ਵਿੱਚ ਇਕੱਲਾ ਮਾਨਸਾ ਜਿਲ੍ਹਾ ਵੱਕਾਰੀ ਨਹੀਂ, ਬਲਕਿ ਮੁੱਦੇ ਵੀ ਵੱਕਾਰੀ ਹਨ ਅਤੇ ਸੁਆਲ ਵੀ ਜੋ ਲੋਕ ਸਿਆਸੀ ਧਿਰਾਂ ਤੋਂ ਪੁੱਛਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਹੋਏ ਅਤੇ ਰਾਜਨੀਤੀ ਚੋਂ ਵੀ ਲੋਕ ਮੁੱਦੇ ਗਾਇਬ ਹਨ । ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਦਾ ਇਲਜ਼ਾਮਬਾਜ਼ੀ ਅਤੇ ਤੁਹਮਤਾਂ ’ਤੇ ਜ਼ਿਆਦਾ ਜ਼ੋਰ ਹੈ। ਸਮਾਜਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਆਖਦੇ ਹਨ ਕਿ ਜਦੋਂ ਮਾਨਸਾ ਦੀ ਧਰਤੀ ਤੋਂ ਨਾਹਰੇ ਵੱਜਣੋਂ ਹਟ ਗਏ ਤਾਂ ਉਦੋਂ ਸਮਝ ਪੈ ਜਾਏਗੀ ਕਿ ਹੁਣ ਵਿਕਾਸ ਦੀ ਕੋਈ ਕਮੀ ਨਹੀਂ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਖ਼ਾਤਰ ਪੁਲੀਸ ਦਾ ਧੌਲ ਧੱਫਾ ਝੱਲਣਾ ਪੈ ਰਿਹਾ ਹੈ ਅਤੇ ਮੁਲਾਜ਼ਮਾਂ ਨੂੰ ਬਕਾਏ ਲੈਣ ਲਈ ਵੀ ਰੋਸ ਮਾਰਚ ਕਰਨੇ ਪੈ ਰਹੇ ਹਨ।
ਮਾਨਸਾ ਲੋਕ ਲਹਿਰਾਂ ਵਾਲਾ ਖਿੱਤਾ
ਮਾਨਸਾ ਜਿਲ੍ਹਾ ਪੁਰਾਣੇ ਵੇਲਿਆਂ ਤੋਂ ਲੋਕ ਲਹਿਰਾਂ ਵਾਲਾ ਖਿੱਤਾ ਹੈ ਜਿੱਥੇ ਕਿਸਾਨ ਅਤੇ ਮਜ਼ਦੂਰ ਧਿਰਾਂ ਤੋਂ ਇਲਾਵਾ ਮੁਲਾਜਮ ਤੇ ਅਧਿਆਪਕ ਜੱਥੇਬੰਦੀਆਂ ਦਾ ਜਬਰਦਸਤ ਪ੍ਰਭਾਵ ਹੈ। ਇਨ੍ਹਾਂ ਜੱਥੇਬੰਦੀਆਂ ਦਾ ਵਿਰੋਧ ਜਾਂ ਹਮਾਇਤ ਚੋਣ ਨਤੀਜੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਬਿਨਾਂ ਵਪਾਰੀ ਹਲਕਿਆਂ ਦਾ ਵੀ ਇਲਾਕੇ ’ਚ ਚੋਖਾ ਅਸਰ ਰਸੂਖ ਹੈ ਜਿਸ ਨੂੰ ਕਿਸੇ ਵੀ ਸਿਆਸੀ ਧਿਰ ਵੱਲੋਂ ਨਜ਼ਰਅੰਦਾਜ ਕਰਨਾ ਮੁਸ਼ਕਿਲ ਹੈ। ਚੋਣ ਨਤੀਜੇ ਕੀ ਨਿਕਲਦੇ ਸਮਾਂ ਦੱਸੇਗਾ ਪਰ ਮੁਲਾਜ਼ਮ, ਪੈਨਸ਼ਨਰਾਂ ਅਤੇ ਵਕੀਲਾਂ ਤੋਂ ਇਲਾਵਾ ਮੱਧਵਰਗ ਬਦਲਾਅ ਦੀ ਗੱਲ ਕਰ ਰਿਹਾ ਹੈ।
- Download Babushahi App
-
-