ਹਾਈਕਮਾਨ ਤੋਂ ਉੱਪਰ ਕੋਈ ਨਹੀਂ, ਪਰ ਮੈਂ ਬੋਲਣਾ ਵੀ ਕੁੱਝ ਨਹੀਂ- ਰਾਣਾ ਗੁਰਜੀਤ ਦਾ ਵੱਡਾ ਬਿਆਨ!
ਕਾਂਗਰਸ 'ਚ ਕੋਈ ਡੈੱਡਲੌਕ ਨਹੀਂ, ਸਭ ਕੁਝ ਠੀਕ ਹੈ, ਇਹ ਸਾਡਾ ਅੰਦਰੂਨੀ ਮਾਮਲਾ: ਰਾਣਾ ਗੁਰਜੀਤ ਸਿੰਘ
ਚੰਡੀਗੜ੍ਹ, 9 ਜੁਲਾਈ 2026- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ MLA ਰਾਣਾ ਗੁਰਜੀਤ ਸਿੰਘ ਨੇ ਪਾਰਟੀ ਦੇ ਅੰਦਰੂਨੀ ਹਾਲਾਤ ਅਤੇ ਹਾਈਕਮਾਨ ਦੇ ਫੈਸਲਿਆਂ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ 'ਤੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ ਅੰਦਰ ਕੋਈ ਡੈੱਡਲੌਕ ਨਹੀਂ ਹੈ ਅਤੇ ਸਭ ਕੁਝ ਬਿਲਕੁਲ ਠੀਕ ਚੱਲ ਰਿਹਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਵਿੱਚ ਹਾਈਕਮਾਨ ਤੋਂ ਬਾਹਰ ਜਾਂ ਉੱਪਰ ਕੋਈ ਵੀ ਨਹੀਂ ਹੈ।
ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਾਬਕਾ ਮੁੱਖ ਮੰਤਰੀ ਅਤੇ MP ਚਰਨਜੀਤ ਸਿੰਘ ਚੰਨੀ, MP ਸੁਖਜਿੰਦਰ ਸਿੰਘ ਰੰਧਾਵਾ, MLA ਪ੍ਰਗਟ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਸਿੰਘ ਕੋਟਲੀ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਮੇਤ ਕਈ ਆਗੂ ਇਕੱਠੇ ਹੋ ਕੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਕਿਹਾ, "ਇਹ ਸਾਰੇ ਆਗੂ ਮੇਰਾ ਮਨੋਬਲ ਉੱਚਾ ਕਰਨ ਲਈ ਆਏ ਸਨ, ਜਿਸ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ।"
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ। ਜੇਕਰ ਕਿਸੇ ਨਾਲ ਵੀ ਧੱਕਾ ਹੋਵੇਗਾ ਤਾਂ ਉਸ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਸਬੰਧੀ ਪਾਰਟੀ ਦੀ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਉਸ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਅਸੀਂ ਇਸ ਗੱਲ 'ਤੇ ਵੀ ਚਰਚਾ ਕਰ ਰਹੇ ਹਾਂ ਕਿ ਕੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ ਜਾਂ ਫਿਰ ਕੋਈ ਵੱਡਾ ਪ੍ਰੋਗਰਾਮ ਉਲੀਕਿਆ ਜਾਵੇ।
ਜਦੋਂ ਰਾਣਾ ਗੁਰਜੀਤ ਸਿੰਘ ਨੂੰ ਭੂਵੇਸ਼ ਬਘੇਲ ਨਾਲ ਮੁਲਾਕਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ਼ ਇਨਕਾਰ ਕਰਦਿਆਂ ਕਿਹਾ, "ਮੇਰੀ ਬਘੇਲ ਸਾਹਿਬ ਨਾਲ ਨਾ ਤਾਂ ਕੋਈ ਮੁਲਾਕਾਤ ਹੋਈ ਹੈ ਅਤੇ ਨਾ ਹੀ ਫ਼ੋਨ 'ਤੇ ਕੋਈ ਗੱਲਬਾਤ ਹੋਈ ਹੈ। ਹਾਂ, ਸਾਡੇ ਸੈਕਟਰੀ ਨਾਲ ਮੇਰੀ ਗੱਲ ਹੋਈ ਹੈ ਅਤੇ ਮੈਂ ਉਨ੍ਹਾਂ ਨੂੰ ਜ਼ਰੂਰ ਮਿਲਾਂਗਾ।"
ਹਾਈਕਮਾਨ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਅਤੇ ਚੰਨੀ-ਰੰਧਾਵਾ ਦੀਆਂ ਵੱਖੋ-ਵੱਖਰੀਆਂ ਮੀਟਿੰਗਾਂ ਦੇ ਸਵਾਲ 'ਤੇ ਰਾਣਾ ਗੁਰਜੀਤ ਥੋੜ੍ਹੇ ਤਲਖ਼ ਨਜ਼ਰ ਆਏ। ਉਨ੍ਹਾਂ ਮੀਡੀਆ ਨੂੰ ਤਾਕੀਦ ਕਰਦਿਆਂ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਨਿੱਜੀ ਅਤੇ ਅੰਦਰੂਨੀ ਮਾਮਲਾ ਹੈ। ਤੁਸੀਂ ਸਾਡੇ 'ਤੇ ਕੋਈ ਵੀ ਸਵਾਲ ਥੋਪ ਨਹੀਂ ਸਕਦੇ। ਉਨ੍ਹਾਂ ਮੁੜ ਦੁਹਰਾਇਆ ਕਿ ਸਮਾਂ ਆਉਣ 'ਤੇ ਸਭ ਕੁਝ ਠੀਕ ਹੋ ਜਾਵੇਗਾ ਅਤੇ ਪਾਰਟੀ ਇੱਕਜੁੱਟ ਹੈ।
- Download Babushahi App
-
-