ਸੱਤ ਮਹੀਨਿਆਂ ਦੀ ਬਕਾਇਆ ਕਮਿਸ਼ਨ ਨਾ ਮਿਲਣ ’ਤੇ ਡੀਪੂ ਹੋਲਡਰਾਂ ਵੱਲੋਂ ਘਿਰਾਓ
ਕਮਿਸ਼ਨ ਜਾਰੀ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ; ਪੱਕਾ ਧਰਨਾ ਲਗਾਉਣ ਦਾ ਕੀਤਾ ਐਲਾਨ।
ਰੋਹਿਤ ਗੁਪਤਾ
ਗੁਰਦਾਸਪੁਰ , 22 ਅਕਤੂਬਰ 2026 :
ਡੀਪੂ ਹੋਲਡਰਾਂ ਦੀ ਪਿਛਲੇ ਸੱਤ ਮਹੀਨਿਆਂ ਤੋਂ ਬਕਾਇਆ ਪਈ ਕਮਿਸ਼ਨ ਜਾਰੀ ਨਾ ਹੋਣ ਦੇ ਰੋਸ ਵਜੋਂ ਗੁਰਦਾਸਪੁਰ ਡੀਪੂ ਹੋਲਡਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਭਾਗੋਕਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (DFSC) ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਡੀਪੂ ਹੋਲਡਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਅਤੇ ਬਕਾਇਆ ਕਮਿਸ਼ਨ ਜਾਰੀ ਕਰਨ ਦੀ ਮੰਗ ਕੀਤੀ।ਧਰਨੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਨੇ ਦੱਸਿਆ ਕਿ ਡੀਪੂ ਹੋਲਡਰਾਂ ਦੀ ਪਿਛਲੇ ਸੱਤ ਮਹੀਨਿਆਂ ਦੀ ਕਮਿਸ਼ਨ ਅਜੇ ਤੱਕ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਪਹਿਲਾਂ ਵੀ ਤਿੰਨ-ਚਾਰ ਵਾਰ ਸਬੰਧਤ ਅਧਿਕਾਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ।ਪਰ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ।ਉਨ੍ਹਾਂ ਦੱਸਿਆ ਕਿ ਬੀਤੀ 5 ਤਰੀਕ ਨੂੰ ਚੰਡੀਗੜ੍ਹ ਵਿਖੇ ਦਿੱਤੇ ਗਏ ਧਰਨੇ ਦੌਰਾਨ ਵਿਭਾਗ ਦੀ ਡਾਇਰੈਕਟਰ ਨਾਲ ਵੀ ਇਸ ਮਸਲੇ ਬਾਰੇ ਗੱਲਬਾਤ ਹੋਈ ਸੀ। ਉਨ੍ਹਾਂ ਅਨੁਸਾਰ, ਉਸ ਸਮੇਂ ਦੱਸਿਆ ਗਿਆ ਸੀ।ਕਿ ਸੱਤ ਮਹੀਨਿਆਂ ਦੀ ਬਕਾਇਆ ਕਮਿਸ਼ਨ ਦੀ ਰਕਮ ਜ਼ਿਲ੍ਹਿਆਂ ਨੂੰ ਭੇਜੀ ਜਾ ਚੁੱਕੀ ਹੈ। ਪਰ ਜਦੋਂ ਗੁਰਦਾਸਪੁਰ ਦੇ ਸਥਾਨਕ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਤਾਂ ਉੱਥੋਂ ਕਿਹਾ ਗਿਆ ਕਿ ਡੀਪੂ ਹੋਲਡਰਾਂ ਦੀਆਂ ਸੂਚੀਆਂ ਤਿਆਰ ਕਰਕੇ ਚੰਡੀਗੜ੍ਹ ਭੇਜ ਦਿੱਤੀਆਂ ਗਈਆਂ ਹਨ। ਦੂਜੇ ਪਾਸੇ, ਚੰਡੀਗੜ੍ਹ ਦਫ਼ਤਰ ਤੋਂ ਫ਼ੋਨ ਰਾਹੀਂ ਜਾਣਕਾਰੀ ਲੈਣ ’ਤੇ ਦੱਸਿਆ ਗਿਆ ਕਿ ਗੁਰਦਾਸਪੁਰ ਤੋਂ ਕੋਈ ਸੂਚੀ ਪ੍ਰਾਪਤ ਨਹੀਂ ਹੋਈ। ਇਸ ਵਿਰੋਧਾਭਾਸ ਕਾਰਨ ਡੀਪੂ ਹੋਲਡਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੋਹਨ ਲਾਲ ਨੇ ਕਿਹਾ ਕਿ ਡੀਪੂ ਹੋਲਡਰਾਂ ਵਿੱਚ ਕਈ ਅਜਿਹੇ ਪਰਿਵਾਰ ਵੀ ਸ਼ਾਮਲ ਹਨ। ਜੋ ਆਰਥਿਕ ਤੌਰ ’ਤੇ ਕਮਜ਼ੋਰ ਹਨ। ਇਨ੍ਹਾਂ ਵਿੱਚ ਵਿਧਵਾਵਾਂ ਅਤੇ ਦਿਵਿਆਂਗ ਵਿਅਕਤੀ ਵੀ ਹਨ। ਜਿਨ੍ਹਾਂ ਦੀ ਰੋਜ਼ੀ-ਰੋਟੀ ਡੀਪੂ ਤੋਂ ਹੋਣ ਵਾਲੀ ਆਮਦਨ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨਾ ਮਿਲਣ ਕਾਰਨ ਅਜਿਹੇ ਪਰਿਵਾਰਾਂ ਲਈ ਘਰੇਲੂ ਖ਼ਰਚੇ ਚਲਾਉਣੇ ਵੀ ਮੁਸ਼ਕਲ ਹੋ ਰਹੇ ਹਨ। ਤਿਉਹਾਰਾਂ ਦੇ ਸਮੇਂ ਵੀ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਬਣਦਾ ਹੱਕ ਨਹੀਂ ਮਿਲਿਆ।
ਯੂਨੀਅਨ ਪ੍ਰਧਾਨ ਨੇ ਵਿਭਾਗੀ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਬੰਧਤ ਕਰਮਚਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ। ਕਿ ਉਹ ਲੋੜੀਂਦੀ ਕਾਰਵਾਈ ਸਮੇਂ ਸਿਰ ਪੂਰੀ ਕਰਕੇ ਸੂਚੀਆਂ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ, ਤਾਂ ਜੋ ਡੀਪੂ ਹੋਲਡਰਾਂ ਦੀ ਬਕਾਇਆ ਰਕਮ ਬਿਨਾਂ ਹੋਰ ਦੇਰੀ ਦੇ ਜਾਰੀ ਹੋ ਸਕੇ।ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਡੀਪੂ ਹੋਲਡਰਾਂ ਦੀ ਸੱਤ ਮਹੀਨਿਆਂ ਦੀ ਬਕਾਇਆ ਕਮਿਸ਼ਨ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਮੋਹਨ ਲਾਲ ਨੇ ਐਲਾਨ ਕੀਤਾ ਕਿ ਜਲਦ ਹੀ ਜ਼ਿਲ੍ਹੇ ਭਰ ਦੇ ਡੀਪੂ ਹੋਲਡਰਾਂ ਨੂੰ ਇਕੱਠਾ ਕਰਕੇ DFSC ਦਫ਼ਤਰ ਦੇ ਬਾਹਰ ਲਗਾਤਾਰ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ।
- Download Babushahi App
-
-