ਸੈਨੇਟ ਚੋਣ ਜਿੱਤੇ ਡਾ ਸਿਰਸਾ ਅਤੇ ਭਾਸ਼ਾ ਵਿਭਾਗ ਵੱਲੋਂ ਐਵਾਰਡ ਲਈ ਚੁਣੇ ਲੇਖਕਾਂ ਦਾ ਸਨਮਾਨ
ਅਸ਼ੋਕ ਵਰਮਾ
ਬਠਿੰਡਾ, 27 ਅਕਤੂਬਰ 2026: ਲੇਖਕਾਂ ਦੀਆਂ ਉੱਚ ਪੱਧਰ ਦੀਆਂ ਪ੍ਰਾਪਤੀਆਂ ਦੀ ਖੁਸ਼ੀ ਸਾਂਝੀ ਕਰਨ ਲਈ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਵੱਲੋਂ ਟੀਚਰਜ ਹੋਮ ਟਰੱਸਟ ਦੇ ਸਹਿਯੋਗ ਨਾਲ ਸਥਾਨਕ ਟੀਚਰਜ ਹੋਮ ਵਿਖੇ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਡਾ: ਸਤਨਾਮ ਸਿੰਘ ਜੱਸਲ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਕਾ: ਹਰਦੇਵ ਸਿੰਘ ਅਰਸੀ, ਡਾ: ਸੁਖਦੇਵ ਸਿੰਘ ਸਿਰਸਾ, ਅਤਰਜੀਤ ਕਹਾਣੀਕਾਰ, ਗੁਰਦੇਵ ਖੋਖਰ ਅਤੇ ਲਛਮਣ ਮਲੂਕਾ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਅਮਨ ਦਾਤੇਵਾਸੀਆ ਵੱਲੋਂ ਸੰਤ ਰਾਮ ਉਦਾਸੀ ਦੇ ਗੀਤ ਨਾਲ ਹੋਈ। ਟੀਚਰਜ ਹੋਮ ਟਰੱਸਟ ਦੇ ਜਨਰਲ ਸਕੱਤਰ ਸ੍ਰੀ ਲਛਮਣ ਮਲੂਕਾ ਨੇ ਸਭਨਾਂ ਨੂੰ ਜੀ ਆਇਆਂ ਕਿਹਾ। ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨਾਵਲਕਾਰ ਨੇ ਸਮਾਗਮ ਦੀ ਰੂਪ ਰੇਖਾ ਪੇਸ਼ ਕੀਤੀ।
ਇਸ ਉਪਰੰਤ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿੱਚ ਡਾ: ਸੁਖਦੇਵ ਸਿੰਘ ਸਿਰਸਾ ਦੀ ਹੋਈ ਸ਼ਾਨਦਾਰ ਜਿੱਤ ਅਤੇ ਭਾਸ਼ਾ ਵਿਭਾਗ ਵੱਲੋਂ ਬਠਿੰਡਾ ਜਿਲ੍ਹਾ ਤੇ ਆਸ ਪਾਸ ਦੀਆਂ ਛੇ ਸਖ਼ਸੀਅਤਾਂ ਦੀਆਂ ਪੁਸਤਕਾਂ ਦੀ ਐਵਾਰਡ ਦੇਣ ਲਈ ਕੀਤੀ ਚੋਣ ਦੇ ਆਧਾਰ ਤੇ ਉਹਨਾਂ ਦਾ ਸਨਮਾਨ ਕਰਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਜਸਪਾਲ ਮਾਨਖੇੜਾ ਦੇ ਨਾਵਲ ‘ਹਵੇਲੀਆਣਾ’ ਭੁਪਿੰਦਰ ਮਾਨ ਦੇ ਕਹਾਣੀ ਸੰਗ੍ਰਹਿ ‘ਲਾਲ ਰੱਤਾ’ ਡਾ: ਨਵਦੀਪ ਕੌਰ ਦੇ ਕਹਾਣੀ ਸੰਗ੍ਰਹਿ ‘ਅਹੱਲਿਆ’ ਸਮੇਤ ਕੁਲਬੀਰ ਮਲਿਕ ਨੂੰ ਨਾਟਕ, ਸੁਰੇਸ ਹੰਸ ਨੂੰ ਹਿੰਦੀ ਨਾਵਲ ਅਤੇ ਮਲਕੀਤ ਸਿੰਘ ਮਛਾਣਾ ਦੀ ਉਰਦੂ ਲਿੱਪੀ ਦੀ ਪੁਸਤਕ ਐਵਾਰਡ ਲਈ ਚੁਣੇ ਜਾਣ ਸਦਕਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸਤੋਂ ਬਾਅਦ ਡਾ: ਸੁਖਦੇਵ ਸਿੰਘ ਸਿਰਸਾ ਨੇ ਆਪਣੇ ਭਾਸ਼ਣ ਵਿੱਚ ਦੇਸ ਦੀ ਮੌਜੂਦਾ ਹਾਲਤ ਬਾਰੇ ਬੋਲਦਿਆਂ ਮਹਿੰਗਾਈ, ਨਸ਼ਿਆ ਅਤੇ ਵਧ ਰਹੀ ਫਿਰਕਾਪ੍ਰਸਤੀ ਤੇ ਚਿੰਤਾ ਪ੍ਰਗਟ ਕਰਦਿਆਂ ਹੱਕਾਂ ਲਈ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਦੀ ਲੋੜ ਤੇ ਜੋਰ ਦਿੱਤਾ। ਸ੍ਰੀ ਅਤਰਜੀਤ ਅਤੇ ਸ੍ਰੀ ਪਰਮਜੀਤ ਰੋਮਾਣਾ ਨੇ ਸਨਮਾਨਿਤ ਸਖ਼ਸੀਅਤਾਂ ਨੂੰ ਵਧਾਈ ਦਿੱਤੀ। ਅਖ਼ੀਰ ’ਚ ਪ੍ਰਧਾਨਗੀ ਭਾਸ਼ਣ ਕਰਦਿਆਂ ਡਾ: ਜੱਸਲ ਨੇ ਡਾ: ਸਿਰਸਾ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ, ਉਹਨਾਂ ਤੋਂ ਹੋਰ ਵੱਡੀਆਂ ਉਮੀਦਾਂ ਹਨ। ਛੇ ਸਾਹਿਤਕਾਰਾਂ ਦੀਆਂ ਪੁਸਤਕਾਂ ਦੀ ਭਾਸ਼ਾ ਵਿਭਾਗ ਵੱਲੋਂ ਕੀਤੀ ਚੋਣ ਤੇ ਖੁਸ਼ੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਬਠਿੰਡਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਗੌਰਵ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਸੁਰਜੀਤ ਜੱਜ, ਡਾ: ਕੁਲਦੀਪ ਸਿੰਘ ਦੀਪ, ਹਰਮੀਤ ਵਿਦਿਆਰਥੀ ਵੀ ਮੌਜੂਦ ਸਨ।
- Download Babushahi App
-
-