ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ (ਬਠਿੰਡਾ) ਨੇ ਨਵੇਂ ਦਾਖ਼ਲਿਆਂ ਵਿੱਚ ਵਾਧਾ ਦਰਜ ਕੀਤਾ
ਅਸ਼ੋਕ ਵਰਮਾ
ਭਗਤਾ ਭਾਈ, 6 ਅਗਸਤ 2026:ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ (ਜ਼ਿਲ੍ਹਾ ਬਠਿੰਡਾ) ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕਰਦਿਆਂ ਨਵੇਂ ਦਾਖ਼ਲਿਆਂ ਵਿੱਚ ਸ਼ਲਾਘਾਯੋਗ ਵਾਧਾ ਦਰਜ ਕੀਤਾ ਹੈ। ਸਕੂਲ ਮੁਖੀ ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ) ਨੇ ਦੱਸਿਆ ਹੈ ਕਿ ਸਕੂਲ ਵਿੱਚ ਪਿਛਲੇ ਸਾਲ ਬੱਚਿਆਂ ਦੀ ਗਿਣਤੀ 216 ਸੀ। ਪੰਜਵੀਂ ਜਮਾਤ ਪਾਸ ਕਰਨ ਵਾਲੇ ਬੱਚਿਆਂ ਦੀ ਗਿਣਤੀ 54 ਸੀ। ਪ੍ਰੰਤੂ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਹੁਣ ਬੱਚਿਆਂ ਦੀ ਗਿਣਤੀ 223 ਹੋ ਗਈ ਹੈ ਅਤੇ ਹੁਣ ਵੀ ਹੋਰ ਬੱਚੇ ਦਾਖ਼ਲ ਹੋ ਰਹੇ ਹਨ। ਇਹ ਦੂਜੇ ਸਕੂਲਾਂ ਦੇ ਮੁਕਾਬਲੇ ਬੜੇ ਮਾਣ ਵਾਲੀ ਗੱਲ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਸਕੂਲ ਵਿਖੇ ਬਾਹਰਲੇ ਪੰਜ ਪਿੰਡਾਂ ਦੇ ਬੱਚੇ ਪੜ੍ਹਦੇ ਹਨ।
ਐਤਕੀਂ ਬੱਚੇ ਪ੍ਰਾਈਵੇਟ ਸਕੂਲਾਂ ਅਤੇ ਬਾਹਰਲੇ ਰਾਜਾਂ ਤੋਂ ਹਟ ਕੇ ਇਸ ਸਕੂਲ ਵਿੱਚ ਦਾਖ਼ਲ ਹੋਏ ਹਨ। ਇਹ ਵਾਧਾ ਸਕੂਲ ਦੇ ਅਧਿਆਪਕਾਂ ਦੀ ਲਗਨ, ਮਾਪਿਆਂ ਦੇ ਭਰੋਸੇ ਅਤੇ ਵਿਦਿਆਰਥੀਆਂ ਲਈ ਬਣਾਏ ਗਏ ਸੁਖਾਵੇਂ ਅਤੇ ਸਿੱਖਣ-ਅਨੁਕੂਲ ਮਾਹੌਲ ਦਾ ਨਤੀਜਾ ਹੈ।
ਅੱਜ ਦੇ ਸਮੇਂ ਵਿੱਚ ਜਿੱਥੇ ਮਾਪੇ ਆਪਣੇ ਬੱਚਿਆਂ ਲਈ ਵਧੀਆ ਸਿੱਖਿਆ ਦੀ ਭਾਲ ਕਰਦੇ ਹਨ, ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੇ ਗੁਣਵੱਤਾ ਭਰਪੂਰ ਸਿੱਖਿਆ, ਆਧੁਨਿਕ ਸਹੂਲਤਾਂ ਜਿਵੇਂ ਪ੍ਰੋਜੈਕਟਰ, ਇੰਟਰਐਕਟਿਵ ਟੱਚ ਪੈਨਲ, ਸਿਖਿਆਦਾਇਕ 6 ਪਾਰਕ, ਪੜ੍ਹਨ ਸਮੱਗਰੀ ਦੀ ਵੱਡੀ ਵਿਵਸਥਾ ਅਤੇ ਬੱਚਾ-ਕੇਂਦਰਿਤ ਪੜ੍ਹਾਈ ਰਾਹੀਂ ਆਪਣੀ ਵਿਲੱਖਣ ਪਛਾਣ ਬਣਾਈ ਹੈ। ਸਕੂਲ ਵਿੱਚ ਸਮਾਰਟ ਕਲਾਸਰੂਮ, ਸੁੰਦਰ ਅਤੇ ਸਾਫ਼-ਸੁਥਰਾ ਵਾਤਾਵਰਨ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਲਾਇਬ੍ਰੇਰੀ ਅਤੇ ਤਕਨਾਲੋਜੀ ਅਧਾਰਿਤ ਸਿੱਖਿਆ ਵਰਗੀਆਂ ਸਹੂਲਤਾਂ ਬੱਚਿਆਂ ਨੂੰ ਸਕੂਲ ਵੱਲ ਆਕਰਸ਼ਿਤ ਕਰ ਰਹੀਆਂ ਹਨ। ਬੱਚਿਆਂ ਦੇ ਸਕੂਲ ਆਉਣ-ਜਾਣ ਲਈ ਸਕੂਲ ਵੈਨਾਂ ਅਤੇ ਈ ਰਿਕਸ਼ਾ ਆਦਿ ਦਾ ਪ੍ਰਬੰਧ ਸਕੂਲ ਨੇ ਆਪਣੇ ਪੱਧਰ 'ਤੇ ਕੀਤਾ ਹੋਇਆ ਹੈ।
ਸਕੂਲ ਦੇ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਮਾਪਿਆਂ ਨਾਲ ਸੰਪਰਕ ਕਰਨਾ, ਜਮਾਤ ਵਾਈਜ਼ ਵਟਸ ਐਪ ਗਰੁੱਪਾਂ, ਫੋਨ ਕਾਲ, ਛੁੱਟੀ ਵਾਲੇ ਦਿਨ ਮਾਪਿਆਂ ਨਾਲ ਸੰਪਰਕ ਪੈਦਾ ਕਰਕੇ, ਪਹੁੰਚ ਕਰਨੀ ਅਤੇ ਸਕੂਲ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਮਾਪਿਆਂ ਨੂੰ ਮਿਲਣਾ, ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦੇਣਾ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਵੀ ਨਵੇਂ ਦਾਖ਼ਲਿਆਂ ਵਿੱਚ ਵਾਧੇ ਦਾ ਇੱਕ ਮੁੱਖ ਕਾਰਨ ਬਣਿਆ ਹੈ। ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਨੇ ਸਮਾਜ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ।
ਸਕੂਲ ਵਿੱਚ ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ, ਸਵੱਛ ਭਾਰਤ ਅਤੇ ਹਰੀ ਕ੍ਰਾਂਤੀ ਮੁਹਿੰਮ, ਸਫ਼ਾਈ, ਰੁੱਖ ਲਗਾਉਣ, ਯੋਗਾ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾ ਰਿਹਾ ਹੈ।
ਇਸ ਨਾਲ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ। ਮਾਪੇ ਵੀ ਆਪਣੇ ਬੱਚਿਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਦੇਖ ਕੇ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਹੋਰਨਾਂ ਨੂੰ ਵੀ ਸਰਕਾਰੀ ਸਕੂਲ ਵਿੱਚ ਦਾਖ਼ਲਾ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ। ਨਵੇਂ ਦਾਖ਼ਲਿਆਂ ਵਿੱਚ ਹੋਇਆ ਇਹ ਵਾਧਾ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਸਰਕਾਰੀ ਸਕੂਲਾਂ ਵਿੱਚ ਲੋਕਾਂ ਦੇ ਵਧਦੇ ਵਿਸ਼ਵਾਸ ਦੀ ਨਿਸ਼ਾਨੀ ਹੈ। ਇਹ ਪ੍ਰਾਪਤੀ ਸਕੂਲ ਪ੍ਰਬੰਧਨ, ਅਧਿਆਪਕਾਂ, ਮਾਪਿਆਂ ਅਤੇ ਪਿੰਡ ਵਾਸੀਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂੰਹਦਾ ਰਹੇਗਾ ਅਤੇ ਹਰ ਬੱਚੇ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਰਹੇਗਾ। ਇਸ ਮੌਕੇ ਸ਼ੁਭ ਕਾਰਜ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਬੁਰਜ ਥਰੋੜ, ਕੁਲਦੀਪ ਸ਼ਰਮਾ ਭਗਤਾ, ਅਮਰੀਕ ਸਿੰਘ ਕਲਿਆਣ, ਸੁਖਜਿੰਦਰ ਸਿੰਘ ਘਣੀਆਂ, ਸੁਖਜੀਤ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਮਨਦੀਪ ਕੌਰ ਬੱਬੂ (ਸਾਰੇ ਅਧਿਆਪਕ), ਸੁਖਦੇਵ ਸਿੰਘ ਚੇਅਰਮੈਨ ਐਸ.ਐਮ.ਸੀ. ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।
- Download Babushahi App
-
-