ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਪੰਥਕ ਏਕਤਾ ਦਾ ਮੁਦੱਈ ਸੀ, ਮੁਦੱਈ ਹੈ ਅਤੇ ਹਮੇਸ਼ਾਂ ਰਹੇਗਾ- ਵਡਾਲਾ
ਚੰਡੀਗੜ੍ਹ, 19 ਮਈ 2026- ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ ਅਤੇ ਇਸ ਦਾ ਸ਼ੁਰੂ ਤੋਂ ਹੀ ਇਹ ਮਕਸਦ ਰਿਹਾ ਹੈ ਕਿ ਸਾਰੇ ਪੰਥ ਨੂੰ ਨਾਲ ਲੈ ਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਸਾਂਝੀ ਲੜਾਈ ਲੜੀ ਜਾਵੇ। ਇਸ ਪਵਿੱਤਰ ਕਾਜ ਦੀ ਪੂਰਤੀ ਲਈ ਅਸੀਂ ਹਰ ਉਸ ਧੜੇ ਨਾਲ ਏਕਤਾ ਕਰਨ ਲਈ ਤਿਆਰ ਹਾਂ, ਜੋ ਆਪਣੇ ਅੰਦਰ ਪੰਥਕ ਦਰਦ ਰੱਖਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਬਣਾਈ ਤਾਲਮੇਲ ਕਮੇਟੀ ਦੇ ਮੈਂਬਰ ਅਤੇ ਪਾਰਟੀ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਥਕ ਏਕਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸਦੀ ਪ੍ਰਾਪਤੀ ਲਈ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਹੈ। ਪਰ ਅਸਲੀ ਏਕਤਾ ਇਕਤਰਫ਼ਾ ਫੈਸਲਿਆਂ, ਜਨਤਕ ਪ੍ਰਦਰਸ਼ਨਾਂ ਜਾਂ ਇਸ ਉਮੀਦ ਨਾਲ ਨਹੀਂ ਕੀਤੀ ਜਾ ਸਕਦੀ ਕਿ ਤਜਰਬੇਕਾਰ ਪੰਥਕ ਧਿਰਾਂ ਪਹਿਲਾਂ ਤੋਂ ਤੈਅ ਕੀਤੇ ਏਜੰਡੇ ਨੂੰ ਸਿਰਫ਼ ਪ੍ਰਵਾਨਗੀ ਦੇਣ ਤੱਕ ਸੀਮਤ ਹੋ ਜਾਣ। ਗੰਭੀਰ ਪੰਥਕ ਏਕਤਾ ਲਈ ਸਮਝਦਾਰੀ, ਸਲਾਹ-ਮਸ਼ਵਰਾ ਅਤੇ ਸਮੂਹਿਕ ਲੀਡਰਸ਼ਿਪ ਦੇ ਆਦਰ ਦੀ ਲੋੜ ਹੁੰਦੀ ਹੈ।
ਸ ਵਡਾਲਾ ਨੇ ਕਿਹਾ ਕਿ 'ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਪਿਛਲੇ ਦਿਨੀਂ ਏਕਤਾ ਵਾਸਤੇ ਬਣ ਰਹੇ ਗੱਠਜੋੜ ਨੂੰ ਤੋੜਨ ਦੇ ਇੱਕਪਾਸੜ ਐਲਾਨ ਸਬੰਧੀ ਅਸੀਂ ਸੰਗਤ ਦੇ ਧਿਆਨ ਵਿੱਚ ਕੁਝ ਅਹਿਮ ਤੱਥ ਲਿਆਉਣਾ ਚਾਹੁੰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਲ ਗੱਠਜੋੜ ਲਈ ਪਹਿਲ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਹੀ ਕੀਤੀ ਗਈ ਸੀ। ਅਸੀਂ ਪੰਥ ਅਤੇ ਪੰਜਾਬ ਦੀ ਬੇਹਤਰੀ ਲਈ ਸਾਂਝੇ ਏਜੰਡੇ ‘ਤੇ ਗੱਠਜੋੜ ਕਰਨ ਦੀ ਇਸ ਪਹਿਲ ਦਾ ਸੁਹਿਰਦਤਾ ਨਾਲ ਸਵਾਗਤ ਕੀਤਾ ਅਤੇ ਇਸ ਮਕਸਦ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ। ਕਮੇਟੀ ਦੀਆਂ ਹੋਈਆਂ ਮੀਟਿੰਗਾਂ ਸੁਹਿਰਦ ਮਾਹੌਲ ਵਿੱਚ ਹੋਈਆਂ, ਆਪਸੀ ਸਹਿਮਤੀ ਨਾਲ ਕਨਵੀਨਰ ਚੁਣਿਆ ਗਿਆ ਅਤੇ ਕਈ ਮੁੱਦਿਆਂ ‘ਤੇ ਸਕਾਰਾਤਮਕ ਗੱਲਬਾਤ ਵੀ ਅੱਗੇ ਵਧੀ। ਅਹਿਮ ਗੱਲ ਇਹ ਹੈ ਕਿ ਗੱਠਜੋੜ ਸਬੰਧੀ ਹੋਈਆਂ ਪਹਿਲੀਆਂ ਮੀਟਿੰਗਾਂ ਵਿੱਚ ਅਕਾਲੀ ਦਲ ਪੁਨਰ-ਸੁਰਜੀਤ ਦੀ ਲੀਡਰਸ਼ਿਪ ਬਾਰੇ ਨਾ ਕੋਈ ਇਤਰਾਜ਼ ਜਤਾਇਆ ਗਿਆ ਅਤੇ ਨਾ ਹੀ ਇਸ ਸਬੰਧੀ ਕੋਈ ਚਰਚਾ ਹੋਈ, ਜਿਸਦਾ ਜ਼ਿਕਰ ਹੁਣ ਕੀਤਾ ਜਾ ਰਿਹਾ ਹੈ। ਜਦੋਂ ਗੱਠਜੋੜ ਲਈ ਪਹਿਲ ਕੀਤੀ ਗਈ ਸੀ, ਉਸ ਵੇਲੇ ਵੀ ਇਹੀ ਲੀਡਰਸ਼ਿਪ ਪਾਰਟੀ ਦਾ ਹਿੱਸਾ ਸੀ ਅਤੇ ਅੱਜ ਵੀ ਹੈ। ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਇਹ ਉਹ ਲੀਡਰਸ਼ਿਪ ਹੈ ਜਿਸ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪੰਥਕ ਪਰੰਪਰਾਵਾਂ ਅਨੁਸਾਰ ਬਿਨਾਂ ਸ਼ਰਤ ਸ਼ੀਸ਼ ਝੁਕਾਇਆ, ਖਿਮਾ ਜਾਚਨਾ ਕੀਤੀ ਅਤੇ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਤਨਖਾਹ ਪੂਰੀ ਕੀਤੀ। ਸਾਡਾ ਸਪੱਸ਼ਟ ਮੰਨਣਾ ਹੈ ਕਿ ਜਦੋਂ ਕੋਈ ਵਿਅਕਤੀ ਅਕਾਲ ਤਖ਼ਤ ਸਾਹਿਬ ਸਨਮੁੱਖ ਆਪਣੀਆਂ ਗਲਤੀਆਂ ਪ੍ਰਵਾਨ ਕਰਕੇ ਸਜ਼ਾ ਭੁਗਤ ਲੈਂਦਾ ਹੈ, ਤਾਂ ਉਸ ਨੂੰ ਮੁੜ-ਮੁੜ ਮੇਹਣਾ ਮਾਰਨਾ ਠੀਕ ਨਹੀਂ। ਇਸ ਲਈ ਬਿਨਾਂ ਕਿਸੇ ਸਪੱਸ਼ਟਤਾ ਤੋਂ ਗੱਠਜੋੜ ਤੋੜਨ ਦਾ ਇੱਕਪਾਸੜ ਐਲਾਨ ਸਾਡੇ ਲਈ ਹੀ ਨਹੀਂ ਪੰਥ ਦਾ ਦਰਦ ਰੱਖਣ ਵਾਲੇ ਹਰ ਸਿੱਖ ਲਈ ਦੁਖਦਾਈ ਹੈ। ਇਹ ਵੀ ਧਿਆਨਯੋਗ ਹੈ ਕਿ ਜਿਸ ਦੋ ਦਸੰਬਰ ਦੇ ਹੁਕਮਨਾਮੇ ਦੇ ਆਧਾਰ ‘ਤੇ ਅੱਜ ਅਕਾਲੀ ਦਲ ਪੁਨਰ-ਸੁਰਜੀਤ ਦੀ ਲੀਡਰਸ਼ਿਪ ‘ਤੇ ਸਵਾਲ ਉਠਾਏ ਜਾ ਰਹੇ ਹਨ, ਉਸੇ ਫੈਸਲੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖਾਂ ਦੀ ਖਿੰਡੀ ਹੋਈ ਰਾਜਨੀਤਿਕ ਤਾਕਤ ਨੂੰ ਇਕੱਠਾ ਕਰਨ ਲਈ ਸਾਰੀਆਂ ਅਕਾਲੀ ਧਿਰਾਂ ਨੂੰ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਇਕੱਠੇ ਹੋਣ ਲਈ ਕਿਹਾ ਗਿਆ ਸੀ। ਇਸਦੇ ਬਾਵਜੂਦ ਕੁਝ ਦਿਨਾਂ ਬਾਅਦ ਹੀ ਨਵਾਂ ਰਾਜਨੀਤਿਕ ਦਲ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਬਣਾਇਆ ਗਿਆ।ਅਸੀਂ ਫਿਰ ਵੀ ਪੰਥਕ ਏਕਤਾ ਅਤੇ ਇਕੱਠੇ ਹੋਣ ਲਈ ਹਰ ਸੁਹਿਰਦ ਧਿਰ ਦਾ ਸਵਾਗਤ ਕਰਦੇ ਹਾਂ ਅਤੇ ਅਸੀਂ ਇਸ ਲਈ ਹਮੇਸ਼ਾਂ ਯਤਨਸ਼ੀਲ ਰਹਾਂਗੇ। ਅਸੀਂ ਸਮੂਹ ਪੰਥਕ ਧਿਰਾਂ ਅਤੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਪੰਜਾਬ ਖਿੱਤੇ ਵਿੱਚੋਂ ਸਿੱਖਾਂ ਦੀ ਖੇਤਰੀ ਅਤੇ ਪੰਥਕ ਸਿਆਸਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਅਜਿਹੇ ਸਮੇਂ ਸਾਨੂੰ ਆਪਸੀ ਛੋਟੇ ਮੱਤਭੇਦਾਂ ਤੋਂ ਉੱਪਰ ਉੱਠ ਕੇ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਮਿਸਲ ਕਾਲ ਵਾਂਗ, ਜਦੋਂ ਬਾਹਰੀ ਤਾਕਤਾਂ ਸਾਡੇ ਖਿੱਤੇ ‘ਤੇ ਭਾਰੂ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਸ ਵੇਲੇ ਸਾਨੂੰ ਆਪਣੀ ਰਾਜਸੀ ਤਾਕਤ ਨੂੰ ਵੰਡਣ ਦੀ ਬਜਾਏ ਇਕੱਠਾ ਕਰਨ ਦੀ ਲੋੜ ਹੈ। ਸ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰਨ ਲਈ ਹਮੇਸ਼ਾਂ ਵਿਅਕਤੀਗਤ ਯਤਨ ਕਰਦਾ ਰਹੇਗਾ। ਇਸ ਏਕਤਾ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ, ਬੇਸ਼ਰਤੇ ਗੱਠਜੋੜ ਦੀਆਂ ਸ਼ਰਤਾਂ ਨਿੱਜੀ ਹਿੱਤਾਂ ਦੀ ਬਜਾਏ ਪੰਥ ਅਤੇ ਪੰਜਾਬ ਦੇ ਹਿੱਤਾਂ ‘ਤੇ ਆਧਾਰਿਤ ਹੋਣ। ਉਹਨਾਂ ਨੇ ਕਿਹਾ ਕਿ ਪੰਜਾਬ ਨੇ ਸ਼ਖ਼ਸੀਅਤ-ਕੇਂਦ੍ਰਿਤ ਅਤੇ ਆਪਹੁਦਰੀ ਸਿਆਸਤ ਦੀ ਪਹਿਲਾਂ ਹੀ ਬਹੁਤ ਵੱਡੀ ਕੀਮਤ ਚੁਕਾਈ ਹੈ। ਕਿਉਂਕਿ ਅਕਾਲੀ ਸਿਆਸਤ ਉਦੋਂ ਢਹਿ-ਢੇਰੀ ਹੋਈ ਜਦੋਂ ਅੰਦਰੂਨੀ ਲੋਕਤੰਤਰ ਨੂੰ ਕੇਂਦਰੀ ਸੱਤਾ ਨਾਲ ਬਦਲ ਦਿੱਤਾ ਗਿਆ ਅਤੇ ਵਰਕਰ ਵਿਚਾਰਾ ਮੂਕ ਦਰਸ਼ਕ ਬਣ ਕੇ ਰਹਿ ਗਿਆ। ਉਸੇ ਤਰਕੀਬ ਨੂੰ ਨਵੇਂ ਨਾਵਾਂ ਹੇਠ ਮੁੜ ਪੇਸ਼ ਕਰਨਾ ਪੰਜਾਬ ਲਈ ਕੋਈ ਨਵਾਂ ਬਦਲ ਨਹੀਂ ਹੋ ਸਕਦਾ। ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਪੰਥ ਨਾਲ ਜੁੜੀ ਕੋਈ ਵੀ ਲਹਿਰ ਸੰਗਤ ਦੇ ਸਾਹਮਣੇ ਜਵਾਬਦੇਹ ਹੋਣੀ ਚਾਹੀਦੀ ਹੈ ਜੋ ਹੇਠਾਂ ਤੋਂ ਉੱਪਰ ਵੱਲ ਕੰਮ ਕਰੇ। ਪਰ ਜਦੋਂ ਪੰਥਕ ਸਿਆਸਤ ਸੰਸਥਾਵਾਂ ਦੀ ਬਜਾਏ ਵਿਅਕਤੀਆਂ ਦੇ ਦੁਆਲੇ ਕੇਂਦਰਿਤ ਹੋ ਜਾਂਦੀ ਹੈ, ਉਹ ਦਬਾਅ, ਹੇਰਾਫੇਰੀ ਅਤੇ ਸਮਝੌਤਾਵਾਦੀ ਸਿਆਸਤ ਦਾ ਸ਼ਿਕਾਰ ਹੋ ਜਾਂਦੀ ਹੈ। ਸਰਕਾਰਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ, ਪਰ ਉਹ ਸੰਗਤ-ਅਧਾਰਿਤ ਸੰਗਠਿਤ ਲਹਿਰ ਨੂੰ ਨਹੀਂ ਦਬਾ ਸਕਦੀਆਂ। ਇਸ ਕਰਕੇ ਅਸੀਂ ਖੁੱਲ੍ਹੇ ਦਿਲ ਨਾਲ ਸਾਰੀਆਂ ਪੰਥਕ ਧਿਰਾਂ ਦੀ ਇਕਸੁਰਤਾ ਅਤੇ ਸਾਂਝ ਲਈ ਹਮੇਸ਼ਾਂ ਤਿਆਰ ਹਾਂ। ਇਹ ਪ੍ਰੈੱਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-