ਵੱਡੀ ਖ਼ਬਰ: NDA ਦਾ ਹਿੱਸਾ ਬਣਨ ਲਈ ਤਿਆਰ ਅਕਾਲੀ ਦਲ ਪੁਨਰ ਸੁਰਜੀਤ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਵੱਡਾ ਬਿਆਨ
ਪੰਜਾਬ ਅਤੇ ਪੰਥਕ ਮੁੱਦਿਆਂ ਲਈ ਕੇਂਦਰ ਨਾਲ ਹੱਥ ਮਿਲਾਉਣ ਦੀ ਤਿਆਰੀ: ਚੰਦੂਮਾਜਰਾ ਨੇ ਭਾਜਪਾ ਨਾਲ ਗੱਠਜੋੜ ਦੇ ਦਿੱਤੇ ਸੰਕੇਤ
ਜਗਤਾਰ ਸਿੰਘ ਹਵਾਰਾ ਦੀ ਪੈਰੋਲ ਤੋਂ ਲੈ ਕੇ ਪੰਜਾਬ ਨੂੰ ਵਿਸ਼ੇਸ਼ ਦਰਜੇ ਤੱਕ- ਪ੍ਰੋ. ਚੰਦੂਮਾਜਰਾ ਨੇ ਖੋਲ੍ਹੇ ਪੱਤੇ, PMO ਤੋਂ ਮਿਲਿਆ ਜਵਾਬ
ਚੰਡੀਗੜ੍ਹ, 3 ਸਤੰਬਰ 2026: ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗੱਠਜੋੜ (NDA) ਵਿੱਚ ਸ਼ਾਮਲ ਹੋਣ ਨੂੰ ਲੈ ਕੇ ਬਹੁਤ ਹੀ ਮਹੱਤਵਪੂਰਨ ਅਤੇ ਵੱਡਾ ਬਿਆਨ ਦਿੱਤਾ ਹੈ। ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਦੇ ਹਿੱਤਾਂ ਅਤੇ ਪੰਥਕ ਮੁੱਦਿਆਂ ਦਾ ਹੱਲ ਨਿਕਲਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਐਨਡੀਏ (NDA) ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ, ਪੰਜਾਬੀਅਤ ਅਤੇ ਪੰਥ ਨਾਲ ਜੁੜੇ ਅਹਿਮ ਮਸਲਿਆਂ ਨੂੰ ਲੈ ਕੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਮੁਤਾਬਕ ਪੰਜਾਬ ਨੂੰ ਮੌਜੂਦਾ ਸਮੇਂ ਆਰਥਿਕ ਅਤੇ ਸਮਾਜਿਕ ਸੰਕਟ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਦੇ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਆਵਾਜ਼ ਬੁਲੰਦ ਕਰਨ ਦੀ ਸਖ਼ਤ ਲੋੜ ਹੈ। ਇਸ ਵਾਸਤੇ ਪੰਜਾਬ ਨੂੰ "ਵਿਸ਼ੇਸ਼ ਸ਼੍ਰੇਣੀ ਦਾ ਰਾਜ" (Special Category State) ਬਣਾਉਣ ਸਮੇਤ ਹੋਰ ਵੀ ਕਈ ਵਿਸ਼ੇਸ਼ ਰਿਆਇਤਾਂ ਦੀ ਮੰਗ ਕੇਂਦਰ ਸਾਹਮਣੇ ਰੱਖਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁੱਦਿਆਂ ਸਬੰਧੀ ਉਹ ਨਿਜੀ ਤੌਰ 'ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਤੋਂ ਲੈ ਕੇ ਪੰਜਾਬ ਦੇ ਰਾਜਪਾਲ ਤੱਕ ਨਾਲ ਕਈ ਮੁਲਾਕਾਤਾਂ ਕਰ ਚੁੱਕੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਵਿਸ਼ੇਸ਼ ਚਿੱਠੀ ਲਿਖ ਕੇ ਪੰਜਾਬ ਦੇ ਇਨ੍ਹਾਂ ਭਖਦੇ ਮਸਲਿਆਂ ਵੱਲ ਧਿਆਨ ਦਿਵਾਇਆ ਹੈ।
ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਸੰਵੇਦਨਸ਼ੀਲ ਮੁੱਦੇ 'ਤੇ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਕਾਨੂੰਨੀ ਅੜਚਨਾਂ ਜਾਂ ਸਰਕਾਰੀ ਨਿਯਮਾਂ-ਮਾਨਤਾਵਾਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਸ਼ਰੀਹਨ ਮਨੁੱਖੀ ਅਧਿਕਾਰਾਂ ਅਤੇ ਇਨਸਾਨੀਅਤ ਨਾਲ ਜੁੜਿਆ ਹੋਇਆ ਹੈ। ਜਦੋਂ ਮਨੁੱਖਤਾ ਦਾ ਸਵਾਲ ਖੜ੍ਹਾ ਹੁੰਦਾ ਹੈ ਤਾਂ ਕਾਨੂੰਨੀ ਪੇਚੀਦਗੀਆਂ ਨੂੰ ਲਾਂਭੇ ਕਰਕੇ ਫੈਸਲੇ ਲਏ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਭਾਈ ਹਵਾਰਾ ਦੇ ਮਾਮਲੇ ਵਿੱਚ ਕਾਨੂੰਨ, ਨਿਯਮ ਅਤੇ ਇਨਸਾਨੀਅਤ, ਤਿੰਨੇ ਹੀ ਇਸ ਗੱਲ ਦੀ ਇਜਾਜ਼ਤ ਦਿੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ ਪੈਰੋਲ ਦਿੱਤੀ ਜਾਵੇ। ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ, ਜਿਸ ਦਾ PMO (ਪ੍ਰਧਾਨ ਮੰਤਰੀ ਦਫ਼ਤਰ) ਵੱਲੋਂ ਜਵਾਬ ਵੀ ਮਿਲ ਗਿਆ ਹੈ। PMO ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਮਲਾ ਅਗਲੇਰੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ (MHA) ਨੂੰ ਭੇਜ ਦਿੱਤਾ ਗਿਆ ਹੈ, ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਕੋਈ ਹਾਂ-ਪੱਖੀ ਫੈਸਲਾ ਸਾਹਮਣੇ ਆਵੇਗਾ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਐਨਡੀਏ ਵਿੱਚ ਸੰਭਾਵਿਤ ਵਾਪਸੀ ਬਾਰੇ ਪੁੱਛੇ ਗਏ ਸਵਾਲ 'ਤੇ ਪ੍ਰੋ. ਚੰਦੂਮਾਜਰਾ ਨੇ ਬੜੇ ਬੇਬਾਕ ਅੰਦਾਜ਼ ਵਿੱਚ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਬਾਦਲ ਵਿਚਕਾਰ ਕੀ ਖਿਚੜੀ ਪੱਕ ਰਹੀ ਹੈ, ਉਸ 'ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਕੌਮੀ ਪਾਰਟੀਆਂ ਆਪਣੀਆਂ ਰਣਨੀਤੀਆਂ ਅਨੁਸਾਰ ਫੈਸਲੇ ਲੈਂਦੀਆਂ ਹਨ, ਜਦਕਿ ਉਨ੍ਹਾਂ ਦੀ ਪਾਰਟੀ ਆਪਣੇ ਮੁੱਦਿਆਂ, ਸਿਧਾਂਤਾਂ ਅਤੇ ਪੰਜਾਬ ਦੇ ਹਿੱਤਾਂ ਦੇ ਆਧਾਰ 'ਤੇ ਹੀ ਅੱਗੇ ਵਧੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ ਵਿੱਚ ਧਿਰਾਂ ਇਕੱਠੀਆਂ ਹੁੰਦੀਆਂ ਵੀ ਹਨ, ਤਾਂ ਵੀ ਉਹ ਪੰਥਕ ਅਤੇ ਪੰਜਾਬ ਦੇ ਮੁੱਦਿਆਂ 'ਤੇ ਆਪਣੇ ਰੁੱਖ ਤੋਂ ਪਿੱਛੇ ਨਹੀਂ ਹਟਣਗੇ। ਘਰ ਵਾਪਸੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਸੀਟਾਂ ਦੀ ਮੰਗ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਉਹ ਖੁਦ ਕੋਈ ਵਿਧਾਨ ਸਭਾ ਚੋਣ ਨਹੀਂ ਲੜਨਗੇ।
ਸੁਖਬੀਰ ਸਿੰਘ ਬਾਦਲ 'ਤੇ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਘਟਨਾ ਬਾਰੇ ਗੱਲ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਗੁਰਧਾਮ ਵਰਗੇ ਪਵਿੱਤਰ ਅਸਥਾਨ 'ਤੇ ਹਿੰਸਾ ਦੀ ਅਜਿਹੀ ਘਟਨਾ ਬੇਹੱਦ ਮੰਦਭਾਗੀ ਹੈ ਅਤੇ ਕੋਈ ਵੀ ਸੂਝਵਾਨ ਵਿਅਕਤੀ ਇਸ ਦਾ ਸਮਰਥਨ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਫੋਨ 'ਤੇ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਨੇ ਇਸ ਦੁਖਦਾਈ ਘਟਨਾ 'ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਸੀ।
- Download Babushahi App
-
-