ਲੁਧਿਆਣਾ ਮਾਡਲ ਟਾਊਨ ਐਕਸਟੈਂਸ਼ਨ ’ਚ ਜਾਨਲੇਵਾ ਟੋਆ ਬਣਿਆ ‘ਹਾਦਸੇ ਦਾ ਸੱਦਾ’!
-ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ; ਟੋਏ ’ਚ ਡਿੱਗ ਕੇ ਮੋਟਰਸਾਈਕਲ ਸਵਾਰ ਜ਼ਖ਼ਮੀ, ਮਿੱਟੀ ਤੇ ਘਟੀਆ ਪੈਚਵਰਕ ਹਰ ਬਾਰਿਸ਼ ’ਚ ਹੋ ਜਾਂਦਾ ਹੈ ਖ਼ਤਮ
ਸੁਖਮਿੰਦਰ ਭੰਗੂ
ਲੁਧਿਆਣਾ, 29 ਅਗਸਤ 2026- ਮਾਡਲ ਟਾਊਨ ਐਕਸਟੈਂਸ਼ਨ ਵਿੱਚ ਨਿਊ ਕ੍ਰਿਸ਼ਨਾ ਮੰਦਰ ਤੋਂ ਆਰ.ਯੂ.ਬੀ. ਦੇ ਨਾਲ ਸਿੱਧਵਾਂ ਨਹਿਰ ਵੱਲ ਜਾਂਦੀ ਅਤੇ ਪੱਖੋਵਾਲ ਰੋਡ ਨਾਲ ਜੁੜਦੀ ਸੜਕ ’ਤੇ ਬਣਿਆ ਵੱਡਾ ਟੋਆ ਲੋਕਾਂ ਲਈ ਗੰਭੀਰ ਖ਼ਤਰਾ ਬਣ ਗਿਆ ਹੈ। ਦਿਨ-ਰਾਤ ਭਾਰੀ ਆਵਾਜਾਈ ਵਾਲੀ ਇਸ ਸੜਕ ’ਤੇ ਵਾਹਨ ਚਾਲਕਾਂ ਨੂੰ ਹਰ ਪਲ ਹਾਦਸੇ ਦਾ ਡਰ ਸਤਾਉਂਦਾ ਹੈ। ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਅਨੁਸਾਰ, ਨਗਰ ਨਿਗਮ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਵੀ ਟੋਆ ਭਰਨ ਦੀ ਕਾਰਵਾਈ ਹੁੰਦੀ ਹੈ ਤਾਂ ਮਿੱਟੀ ਪਾ ਕੇ ਜਾਂ ਘਟੀਆ ਪੈਚਵਰਕ ਕਰਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ। ਬਾਰਿਸ਼ ਪੈਂਦਿਆਂ ਹੀ ਇਹ ਮੁਰੰਮਤ ਉਖੜ ਜਾਂਦੀ ਹੈ ਅਤੇ ਟੋਆ ਮੁੜ ਪਹਿਲਾਂ ਨਾਲੋਂ ਵੱਧ ਖ਼ਤਰਨਾਕ ਰੂਪ ਧਾਰ ਲੈਂਦਾ ਹੈ।
ਸ਼ਰਮਾ ਨੇ ਦੱਸਿਆ ਕਿ ਇਸੇ ਸਥਾਨ ’ਤੇ ਇੱਕ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋ ਗਿਆ। ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕ ਤਾਂ ਟੋਏ ਤੋਂ ਜਾਣੂ ਹਨ, ਪਰ ਬਾਹਰੋਂ ਆਉਣ ਵਾਲੇ ਵਾਹਨ ਚਾਲਕਾਂ ਲਈ ਅਚਾਨਕ ਸਾਹਮਣੇ ਆਉਣ ਵਾਲਾ ਇਹ ਵੱਡਾ ਟੋਆ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅਰਵਿੰਦ ਸ਼ਰਮਾ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਵਾਹਨ ਚਾਲਕਾਂ ਲਈ ਹਾਲਾਤ ‘ਦੋਹਰੀ ਮੁਸੀਬਤ’ ਵਾਲੇ ਬਣ ਗਏ ਹਨ। ਜੇਕਰ ਟੋਏ ਤੋਂ ਬਚਣ ਲਈ ਕੋਈ ਚਾਲਕ ਗਲਤ ਪਾਸੇ ਵਾਹਨ ਲੈ ਜਾਂਦਾ ਹੈ ਤਾਂ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਦਾ ਡਰ ਹੈ, ਜਦਕਿ ਸਹੀ ਪਾਸੇ ਚੱਲਣ ’ਤੇ ਵਾਹਨ ਦੇ ਟੋਏ ਵਿੱਚ ਫਸਣ ਜਾਂ ਨੁਕਸਾਨੀ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
‘ਟੈਕਸ ਦੇਣ ਵਾਲਿਆਂ ਨੂੰ ਸੁਰੱਖਿਅਤ ਸੜਕਾਂ ਕੌਣ ਦੇਵੇਗਾ?’
ਸ਼ਰਮਾ ਨੇ ਸਵਾਲ ਕੀਤਾ ਕਿ ਜਦੋਂ ਲੋਕ ਰੋਡ ਟੈਕਸ ਸਮੇਤ ਵੱਖ-ਵੱਖ ਟੈਕਸ ਅਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਅਤੇ ਮੋਟਰਯੋਗ ਸੜਕਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਉਨ੍ਹਾਂ ਕਿਹਾ ਕਿ ਜੇਕਰ ਇੱਕੋ ਟੋਏ ਕਾਰਨ ਲੋਕਾਂ ਦੇ ਵਾਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਹਾਦਸੇ ਵਾਪਰ ਰਹੇ ਹਨ ਤਾਂ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ। ਸਮਾਜਿਕ ਕਾਰਕੁਨ ਨੇ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਖੁਦ ਮੌਕੇ ’ਤੇ ਪਹੁੰਚ ਕੇ ਸੜਕ ਦੀ ਹਾਲਤ ਦਾ ਜਾਇਜ਼ਾ ਲੈਣ ਅਤੇ ਅਧਿਕਾਰੀਆਂ ਨੂੰ ਤੁਰੰਤ ਸਥਾਈ ਮੁਰੰਮਤ ਦੇ ਨਿਰਦੇਸ਼ ਦੇਣ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਟੋਏ ਦੀ ਸਮੱਸਿਆ ਨਹੀਂ, ਸਗੋਂ ਲੋਕਾਂ ਦੀ ਜਾਨ ਅਤੇ ਵਾਹਨਾਂ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਹੈ। ਕਿਸੇ ਵੱਡੇ ਹਾਦਸੇ ਜਾਂ ਜਾਨੀ ਨੁਕਸਾਨ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਪ੍ਰਸ਼ਾਸਨ ਨੂੰ ਪਹਿਲਾਂ ਹੀ ਕਦਮ ਚੁੱਕਣਾ ਚਾਹੀਦਾ ਹੈ।
ਅਰਵਿੰਦ ਸ਼ਰਮਾ ਨੇ ਮੰਗ ਕੀਤੀ ਕਿ ਇਸ ਟੋਏ ਨੂੰ ਸਿਰਫ਼ ਮਿੱਟੀ ਜਾਂ ਅਸਥਾਈ ਪੈਚਵਰਕ ਨਾਲ ਭਰਨ ਦੀ ਬਜਾਏ ਮਿਆਰੀ ਸਮੱਗਰੀ ਨਾਲ ਸਥਾਈ ਤੌਰ ’ਤੇ ਮੁਰੰਮਤ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਇਸ ਖ਼ਤਰਨਾਕ ਟੋਏ ਕਾਰਨ ਕੋਈ ਵੱਡਾ ਹਾਦਸਾ ਜਾਂ ਜਾਨੀ ਨੁਕਸਾਨ ਹੁੰਦਾ ਹੈ ਤਾਂ ਪ੍ਰਸ਼ਾਸਨਿਕ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।
- Download Babushahi App
-
-