ਰਿਸ਼ਤੇ ਤੋਂ ਇਨਕਾਰ ਕਰਨ ਦੀ ਰੰਜਿਸ਼ 'ਚ ਨੌਜਵਾਨ 'ਤੇ 1.5 ਕਿਲੋ ਹੈਰੋਇਨ ਦਾ ਝੂਠਾ ਪਰਚਾ ਦਰਜ ਕਰਨ ਦਾ ਮਾਮਲਾ ਭਖਿਆ
ਵਾਅਦੇ ਮੁਤਾਬਕ ਰਿਹਾਈ ਨਾ ਹੋਣ 'ਤੇ BKU ਏਕਤਾ ਸੰਘਰਸ਼ ਵੱਲੋਂ ਥਾਣਾ ਕੱਚਾ ਪੱਕਾ ਅੱਗੇ ਪੱਕਾ ਮੋਰਚਾ ਸ਼ੁਰੂ; ਪੰਜਾਬ ਪੁਲਿਸ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
Baljit Singh
ਪੱਟੀ/ਖੇਮਕਰਨ (ਤਰਨ ਤਾਰਨ), 21 ਨਵੰਬਰ, 2026: ਰਿਸ਼ਤੇ ਤੋਂ ਇਨਕਾਰ ਕਰਨ ਦੀ ਰੰਜਿਸ਼ ਤਹਿਤ ਪਿੰਡ ਪਹੂਵਿੰਡ ਦੇ ਇੱਕ ਨੌਜਵਾਨ ਦੇ ਘਰ ਡੇਢ ਕਿਲੋ ਹੈਰੋਇਨ ਰਖਵਾ ਕੇ ਝੂਠੇ ਪੁਲਿਸ ਕੇਸ ਵਿੱਚ ਫਸਾਉਣ ਦਾ ਮਾਮਲਾ ਅੱਜ ਉਸ ਵੇਲੇ ਹੋਰ ਗਰਮਾ ਗਿਆ, ਜਦੋਂ ਪੁਲਿਸ ਵੱਲੋਂ ਨਿਰਧਾਰਤ ਸਮੇਂ ਅਨੁਸਾਰ ਜਾਂਚ ਮੁਕੰਮਲ ਕਰਕੇ ਨੌਜਵਾਨ ਨੂੰ ਰਿਹਾਅ ਨਾ ਕੀਤਾ ਗਿਆ। ਇਸ ਵਾਅਦਾਖ਼ਿਲਾਫ਼ੀ ਤੋਂ ਭੜਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸੰਘਰਸ਼) ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਥਾਣਾ ਕੱਚਾ ਪੱਕਾ ਵਿਖੇ ਪੱਕੇ ਤੌਰ 'ਤੇ ਧਰਨਾ ਲਗਾ ਕੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਕੀ ਹੈ ਪੂਰਾ ਮਾਮਲਾ? ਭੈਣ ਨੇ ਲਗਾਏ ਗੰਭੀਰ ਦੋਸ਼
ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਪਹੂਵਿੰਡ ਦੇ ਵਸਨੀਕ ਬਲਵੰਤ ਸਿੰਘ 'ਤੇ ਬੀਤੇ ਦਿਨੀਂ ਥਾਣਾ ਕੱਚਾ ਪੱਕਾ ਪੁਲਿਸ ਵੱਲੋਂ ਡੇਢ ਕਿਲੋ ਹੈਰੋਇਨ ਦੀ ਬਰਾਮਦਗੀ ਦਿਖਾ ਕੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਬਲਵੰਤ ਸਿੰਘ ਦੀ ਭੈਣ ਗਗਨਦੀਪ ਕੌਰ ਖ਼ਾਲਸਾ ਨੇ ਇਲਾਕੇ ਦੇ ਇੱਕ ਰਸੂਖਦਾਰ ਵਿਅਕਤੀ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇੱਕ ਗੁਰਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਨਸ਼ੇ ਨੂੰ ਹੱਥ ਤੱਕ ਨਹੀਂ ਲਗਾਉਂਦੇ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਉਨ੍ਹਾਂ ਦਾ ਰਿਸ਼ਤਾ ਮੰਗਦਾ ਸੀ, ਜਿਸ ਤੋਂ ਉਨ੍ਹਾਂ ਦੇ ਪਿਤਾ ਅਤੇ ਭਰਾ ਬਲਵੰਤ ਸਿੰਘ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਉਕਤ ਵਿਅਕਤੀ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ ਕਿਸੇ ਵਿਅਕਤੀ ਰਾਹੀਂ ਬਲਵੰਤ ਸਿੰਘ ਦੇ ਘਰ ਡੇਢ ਕਿਲੋ ਹੈਰੋਇਨ ਰਖਵਾ ਦਿੱਤੀ। ਗਗਨਦੀਪ ਕੌਰ ਨੇ ਦਾਅਵਾ ਕੀਤਾ ਕਿ ਘਰ ਵਿੱਚ ਚਿੱਟਾ (ਹੈਰੋਇਨ) ਰੱਖਣ ਵਾਲੇ ਵਿਅਕਤੀ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਇਕਬਾਲ ਕੀਤਾ ਸੀ ਕਿ ਉਸ ਨੇ ਉਕਤ ਵਿਅਕਤੀ ਦੇ ਕਹਿਣ 'ਤੇ ਇਹ ਨਸ਼ਾ ਰੱਖਿਆ ਸੀ।
ਭਰੋਸੇ ਦੇ ਬਾਵਜੂਦ ਨਹੀਂ ਹੋਈ ਰਿਹਾਈ, ਕਿਸਾਨ ਯੂਨੀਅਨ ਨੇ ਵਿੱਢਿਆ ਪੱਕਾ ਮੋਰਚਾ
ਭਾਰਤੀ ਕਿਸਾਨ ਯੂਨੀਅਨ (ਏਕਤਾ ਸੰਘਰਸ਼) ਦੇ ਸੂਬਾ ਜਨਰਲ ਸਕੱਤਰ ਦਿਲਬਾਗ ਸਿੰਘ ਦਰਾਜਕੇ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਮਾਮਲਾ ਧਿਆਨ ਵਿੱਚ ਲਿਆਉਣ ਤੋਂ ਬਾਅਦ ਬੀਤੇ ਹਫ਼ਤੇ ਵੀ ਥਾਣਾ ਕੱਚਾ ਪੱਕਾ ਵਿਖੇ ਰੋਸ ਧਰਨਾ ਦਿੱਤਾ ਗਿਆ ਸੀ। ਉਸ ਵੇਲੇ ਕੌਮ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਸ਼ੁੱਕਰਵਾਰ ਤੱਕ ਨਿਰਪੱਖ ਇਨਕੁਆਰੀ ਮੁਕੰਮਲ ਕਰਕੇ ਬੇਕਸੂਰ ਬਲਵੰਤ ਸਿੰਘ ਨੂੰ ਰਿਹਾਅ ਕਰ ਦਿੱਤਾ ਜਾਵੇਗਾ।
ਦਰਾਜਕੇ ਨੇ ਕਿਹਾ ਕਿ ਸ਼ੁੱਕਰਵਾਰ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਇਨਕੁਆਰੀ ਕੀਤੀ ਗਈ ਅਤੇ ਨਾ ਹੀ ਬਲਵੰਤ ਸਿੰਘ ਨੂੰ ਛੱਡਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਬਲਵੰਤ ਸਿੰਘ ਨੂੰ ਬਾਇੱਜ਼ਤ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਸਾਜ਼ਿਸ਼ ਤਹਿਤ ਘਰ ਵਿੱਚ ਹੈਰੋਇਨ ਰਖਵਾ ਕੇ ਝੂਠਾ ਪਰਚਾ ਦਰਜ ਕਰਵਾਉਣ ਵਾਲੇ ਅਸਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਥਾਣਾ ਕੱਚਾ ਪੱਕਾ ਵਿਖੇ ਇਹ ਪੱਕਾ ਮੋਰਚਾ ਲਗਾਤਾਰ ਜਾਰੀ ਰਹੇਗਾ।
- Download Babushahi App
-
-