CGC ਯੂਨੀਵਰਸਿਟੀ ਮੋਹਾਲੀ ਵਿਖੇ ਗਲੋਬਲ ਲੀਗਲ ਸਮਿਟ-2026 ਦਾ ਆਯੋਜਨ
ਵੱਖ ਵੱਖ ਦੇਸ਼ਾਂ ਦੇ ਉੱਘੇ ਕਾਨੂੰਨੀ ਮਾਹਿਰਾਂ ਨੇ ਕੌਮਾਂਤਰੀ ਕਾਨੂੰਨੀ ਮੁੱਦਿਆਂ 'ਤੇ ਕੀਤੀ ਵਿਚਾਰ-ਚਰਚਾ
ਮੋਹਾਲੀ, 19 ਨਵੰਬਰ ( )
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਗਲੋਬਲ ਲੀਗਲ ਸਮਿਟ-2026 ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਕੌਮਾਂਤਰੀ ਸੰਮੇਲਨ ਵਿੱਚ ਫਿਲੀਪੀਨਜ਼, ਰੂਸ, ਕਜ਼ਾਖਸਤਾਨ ਅਤੇ ਗ੍ਰੀਸ ਸਮੇਤ ਵੱਖ-ਵੱਖ ਦੇਸ਼ਾਂ ਤੋਂ ਆਏ ਉੱਘੇ ਕਾਨੂੰਨੀ ਮਾਹਿਰਾਂ, ਪ੍ਰੋਫੈਸਰਾਂ, ਸਿੱਖਿਆ ਸ਼ਾਸਤਰੀਆਂ ਅਤੇ ਕਾਨੂੰਨੀ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸੰਮੇਲਨ ਦਾ ਮੁੱਖ ਉਦੇਸ਼ ਕਾਨੂੰਨ, ਨਿਆਂ ਪ੍ਰਣਾਲੀ, ਕਾਨੂੰਨੀ ਸਿੱਖਿਆ ਅਤੇ ਵਿਸ਼ਵ ਪੱਧਰ 'ਤੇ ਬਦਲ ਰਹੇ ਕਾਨੂੰਨੀ ਪ੍ਰਸੰਗਾਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਸੀ।
ਇਸ ਮੌਕੇ ਫਿਲੀਪੀਨਜ਼ ਤੋਂ ਅਟਾਰਨੀ ਜੌਨ ਰੇ ਕੋਡੀਲਾ, ਡਾਵਾਓ ਓਰੀਐਂਟਲ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ; ਰੂਸ ਤੋਂ ਪ੍ਰੋ. ਅਨਾਸਤਾਸੀਆ ਪਿਸਾਰੇਵਾ, ਡਾ. ਵਿਕਟਰ ਮਾਚੇਖਿਨ, ਡਾ. ਸ਼ੀਨਾ ਅਨਾਸਤਾਸੀਆ, ਡਾ. ਮਿਖਾਇਲ ਉਸਪੇਂਸਕੀ, ਪ੍ਰੋ. ਨਿਕੋਲੇ ਬੋਦਰੋਵ, ਪ੍ਰੋ. ਮਿਖਾਇਲ ਨਾਬਾਤੋਵ, ਪ੍ਰੋ. ਓਲਗਾ ਵਾਈ. ਟ੍ਰੋਫਿਮੇਂਕੋ, ਪ੍ਰੋ. ਲੈਪਸ਼ਿਨ ਵਲੇਰੀ ਫਿਓਦੋਰੋਵਿਚ, ਪ੍ਰੋ. ਬੋਬੋਵਕਿਨ ਸਟੈਨਿਸਲਾਵ ਮਿਖਾਇਲੋਵਿਚ ਅਤੇ ਪ੍ਰੋ. ਵਿਕਟੋਰੀਆ ਨਿਕੋਲਾਏਵਨਾ ਸਿਜ਼ੋਵਾ ਸਮੇਤ ਕਈ ਪ੍ਰਮੁੱਖ ਕਾਨੂੰਨੀ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਕਜ਼ਾਖਸਤਾਨ ਤੋਂ ਪ੍ਰੋ. ਪੋਲੀਨਾ ਫਿਲਾਤੋਵਾ, ਗ੍ਰੀਸ ਤੋਂ ਪ੍ਰੋ. ਕਿਓਪੋਰਾਸ ਪਾਵਲੋਸ ਅਤੇ ਰੂਸ ਦੇ ਫੈਡਰਲ ਟੈਕਸ ਸਰਵਿਸ ਵਿਭਾਗ ਦੇ ਮੁਖੀ ਸ੍ਰੀ ਸਾਇਗਿਦਾਕਮੇਦ ਕੁਰਬਾਨੀਰੋਵ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਸੰਮੇਲਨ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਕਾਨੂੰਨੀ ਪ੍ਰਣਾਲੀਆਂ, ਨਿਆਂ ਦੇ ਸਿਧਾਂਤਾਂ, ਕਾਨੂੰਨੀ ਸਿੱਖਿਆ ਦੀਆਂ ਨਵੀਆਂ ਸੰਭਾਵਨਾਵਾਂ ਅਤੇ ਵਿਸ਼ਵ ਪੱਧਰ 'ਤੇ ਕਾਨੂੰਨ ਦੇ ਬਦਲਦੇ ਸਰੂਪ ਬਾਰੇ ਵਿਚਾਰ ਸਾਂਝੇ ਕੀਤੇ ਗਏ। ਵੱਖ-ਵੱਖ ਦੇਸ਼ਾਂ ਦੀਆਂ ਕਾਨੂੰਨੀ ਪਰੰਪਰਾਵਾਂ ਅਤੇ ਤਜਰਬਿਆਂ 'ਤੇ ਆਧਾਰਿਤ ਇਸ ਵਿਚਾਰ-ਵਟਾਂਦਰੇ ਨੇ ਕਾਨੂੰਨੀ ਖੇਤਰ ਵਿੱਚ ਕੌਮਾਂਤਰੀ ਸਹਿਯੋਗ ਅਤੇ ਆਪਸੀ ਸਮਝ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕੀਤਾ।
ਇਸ ਸੰਮੇਲਨ ਦਾ ਵਿਦਿਆਰਥੀਆਂ ਲਈ ਵਿਸ਼ੇਸ਼ ਮਹੱਤਵ ਰਿਹਾ। ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਕਾਨੂੰਨੀ ਮਾਹਿਰਾਂ ਨਾਲ ਸਿੱਧਾ ਸੰਵਾਦ ਕਰਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਨਿਆਂ ਪ੍ਰਣਾਲੀਆਂ, ਕਾਨੂੰਨੀ ਸਿਧਾਂਤਾਂ ਅਤੇ ਪੇਸ਼ੇਵਰ ਤਜਰਬਿਆਂ ਬਾਰੇ ਜਾਣਨ ਦਾ ਮੌਕਾ ਮਿਲਿਆ। ਇਸ ਨਾਲ ਵਿਦਿਆਰਥੀਆਂ ਦੀ ਕਾਨੂੰਨੀ ਵਿਸ਼ਿਆਂ ਪ੍ਰਤੀ ਸਮਝ ਨੂੰ ਵਿਸ਼ਾਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕਲਾਸਰੂਮ ਦੀ ਪੜ੍ਹਾਈ ਤੋਂ ਅੱਗੇ ਵਧ ਕੇ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਇਹ ਸੰਮੇਲਨ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੀ ਅਜਿਹੇ ਅਕਾਦਮਿਕ ਮਾਹੌਲ ਦੀ ਸਿਰਜਣਾ ਪ੍ਰਤੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ, ਜਿੱਥੇ ਵਿਦਿਆਰਥੀਆਂ ਨੂੰ ਕੌਮਾਂਤਰੀ ਮਾਹਿਰਾਂ ਦੇ ਤਜਰਬਿਆਂ, ਨਵੇਂ ਵਿਚਾਰਾਂ ਅਤੇ ਵਿਸ਼ਵ ਪੱਧਰੀ ਅਕਾਦਮਿਕ ਸੰਵਾਦ ਨਾਲ ਜੁੜਨ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।
ਉਨਾਂ ਅੱਗੇ ਕਿਹਾ ਕਿ ਗਲੋਬਲ ਲੀਗਲ ਸਮਿਟ-2026 ਨੇ ਇਹ ਸੰਦੇਸ਼ ਦਿੱਤਾ ਕਿ ਕਾਨੂੰਨ ਅਤੇ ਨਿਆਂ ਨਾਲ ਜੁੜੇ ਮਹੱਤਵਪੂਰਨ ਮੁੱਦੇ ਕਿਸੇ ਇੱਕ ਦੇਸ਼ ਜਾਂ ਸਰਹੱਦ ਤੱਕ ਸੀਮਤ ਨਹੀਂ ਹਨ, ਸਗੋਂ ਇਨ੍ਹਾਂ ਦੀ ਬਿਹਤਰ ਸਮਝ ਲਈ ਕੌਮਾਂਤਰੀ ਪੱਧਰ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਅਤੇ ਸਹਿਯੋਗ ਬੇਹੱਦ ਜ਼ਰੂਰੀ ਹੈ। ਇਸ ਤਰ੍ਹਾਂ ਇਹ ਸੰਮੇਲਨ ਵੱਖ-ਵੱਖ ਦੇਸ਼ਾਂ ਦੇ ਕਾਨੂੰਨੀ ਮਾਹਿਰਾਂ ਨੂੰ ਇੱਕ ਮੰਚ 'ਤੇ ਲਿਆਉਣ ਅਤੇ ਗਿਆਨ, ਸੰਵਾਦ ਤੇ ਸਾਂਝੀ ਸਮਝ ਰਾਹੀਂ ਕਾਨੂੰਨੀ ਸਿੱਖਿਆ ਦੇ ਨਵੇਂ ਦਿਸਹੱਦੇ ਖੋਲ੍ਹਣ ਵਿੱਚ ਸਫ਼ਲ ਰਿਹਾ
- Download Babushahi App
-
-