ਇਸ਼ਤਿਹਾਰਾਂ ਵਿੱਚ ਸਿੱਖਿਆ ਕ੍ਰਾਂਤੀ, ਸਕੂਲਾਂ ਵਿੱਚ ਅਧਿਆਪਕ ਕਿੱਥੇ....?
ਗੁਰਪ੍ਰੀਤ ਸਿੰਘ ਜਖਵਾਲੀ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ‘ਸਿੱਖਿਆ ਕ੍ਰਾਂਤੀ’ ਲਿਆਉਣ ਦੇ ਦਾਅਵੇ ਲਗਾਤਾਰ ਕੀਤੇ ਜਾ ਰਹੇ ਹਨ। ਸਰਕਾਰੀ ਇਸ਼ਤਿਹਾਰਾਂ ਵਿੱਚ ਸਕੂਲਾਂ ਦੀ ਬਦਲਦੀ ਤਸਵੀਰ ਅਤੇ ਸਿੱਖਿਆ ਪ੍ਰਬੰਧ ਦੀਆਂ ਪ੍ਰਾਪਤੀਆਂ ਜਿਵੇਂ ਰੰਗ ਰੋਗਨ ਨਾਲ਼ ਦਿਖਾਈਆਂ ਜਾਂਦੀਆਂ ਹਨ। ਪਰ ਜੇਕਰ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਵੱਲ ਧਿਆਨ ਦਿੱਤਾ ਜਾਵੇ ਤਾਂ ਇੱਕ ਗੰਭੀਰ ਸਵਾਲ ਸਾਹਮਣੇ ਆਉਂਦਾ ਹੈ—ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਕਿੱਥੇ ਹਨ..?
ਇੱਥੇ ਸਾਡੇ ਸਾਰਿਆ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕਈ ਵਾਰ ਅਧਿਆਪਕ ਆਪਣੀ ਮਰਜ਼ੀ ਨਾਲ ਗੈਰਹਾਜ਼ਰ ਨਹੀਂ ਹੁੰਦੇ। ਉਨ੍ਹਾਂ ਨੂੰ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਕੰਮਾਂ ਵਿੱਚ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਵੋਟਰ ਸੂਚੀਆਂ ਦੀ ਸੁਧਾਈ, ਜਨਗਣਨਾ-2027 ਨਾਲ ਸਬੰਧਤ ਤਿਆਰੀਆਂ ਅਤੇ ਹੋਰ ਸਰਕਾਰੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਦੇ ਹੋਏ ਅਧਿਆਪਕ ਸਕੂਲਾਂ ਤੋਂ ਬਾਹਰ ਡਿਊਟੀ ਨਿਭਾਉਣ ਲਈ ਮਜਬੂਰ ਹੁੰਦੇ ਹਨ।
ਇੱਥੇ ਸਵਾਲ ਅਧਿਆਪਕਾਂ ਦੀ ਇਮਾਨਦਾਰੀ ਜਾਂ ਡਿਊਟੀ ਪ੍ਰਤੀ ਨਹੀਂ ਹੈ, ਸਗੋਂ ਸਰਕਾਰੀ ਤੰਤਰ ਦੀ ਤਰਜੀਹ ਦਾ ਹੈ। ਇੱਕ ਪਾਸੇ ਸਰਕਾਰ ਸਿੱਖਿਆ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਦੀ ਹੈ ਅਤੇ ਦੂਜੇ ਪਾਸੇ ਜੇਕਰ ਸਕੂਲਾਂ ਵਿੱਚ ਪੜ੍ਹਾਉਣ ਲਈ ਲੋੜੀਂਦੇ ਅਧਿਆਪਕ ਹੀ ਉਪਲਬਧ ਨਾ ਹੋਣ ਤਾਂ ਇਸ ਦਾ ਸਿੱਧਾ ਨੁਕਸਾਨ ਵਿਦਿਆਰਥੀਆਂ ਨੂੰ ਝੱਲਣਾ ਪੈਂਦਾ ਹੈ ਅਤੇ ਪੈ ਵੀ ਰਿਹਾ ਹੈ। ਖ਼ਾਸ ਕਰਕੇ ਬੋਰਡ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਹੈ। ਮੈਥ, ਸਾਇੰਸ, ਇੰਗਲਿਸ਼ ਅਤੇ ਸਾਇੰਸ ਗਰੁੱਪ ਵਰਗੇ ਮੁੱਖ ਵਿਸ਼ਿਆਂ ਦੇ ਅਧਿਆਪਕ ਜੇਕਰ ਹੋਰ ਸਰਕਾਰੀ ਡਿਊਟੀਆਂ ਵਿੱਚ ਲੱਗੇ ਹੋਣ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਿਵੇਂ ਪੂਰਾ ਹੋਵੇਗਾ? ਇਮਤਿਹਾਨਾਂ ਦੀ ਤਿਆਰੀ ਕਰ ਰਹੇ ਬੱਚਿਆਂ ਲਈ ਹਰ ਪੀਰੀਅਡ ਕੀਮਤੀ ਹੈ।
ਇੱਕ ਅਧਿਆਪਕ ਸਰਕਾਰੀ ਹੁਕਮ ਦੀ ਪਾਲਣਾ ਕਰ ਰਿਹਾ ਹੈ ਨਾਲ ਹੀ ਮਜ਼ਬੂਰ ਤੇ ਬੇਵੱਸ ਦਿਖਾਈ ਦੇ ਰਿਹਾ ਹੈ, ਪਰ ਦੂਜੇ ਪਾਸੇ ਇੱਕ ਵਿਦਿਆਰਥੀ ਆਪਣੇ ਅਧਿਆਪਕ ਦੀ ਉਡੀਕ ਕਰ ਰਿਹਾ ਹੈ। ਇੱਕ ਪਾਸੇ ਸਰਕਾਰੀ ਕੰਮ ਸਮੇਂ ਸਿਰ ਮੁਕੰਮਲ ਕਰਨ ਦੀ ਕੋਸ਼ਿਸ਼ ਹੈ, ਦੂਜੇ ਪਾਸੇ ਬੱਚੇ ਦੇ ਭਵਿੱਖ ਦਾ ਇੱਕ-ਇੱਕ ਦਿਨ ਹੱਥੋਂ ਨਿਕਲ ਰਿਹਾ ਹੈ।ਇਸ ਸਥਿਤੀ ਵਿੱਚ ਅਧਿਆਪਕ ਵੀ ਮਜ਼ਬੂਰ ਹੈ ਅਤੇ ਵਿਦਿਆਰਥੀ ਵੀ ਬੇਵੱਸ।ਸਭ ਤੋਂ ਵੱਡਾ ਸਵਾਲ ਉਨ੍ਹਾਂ ਮਾਪਿਆਂ ਨਾਲ ਜੁੜਿਆ ਹੈ ਜੋ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਬੱਚਿਆਂ ਦੀ ਪੜ੍ਹਾਈ ਲਈ ਸਰਕਾਰੀ ਸਕੂਲ ’ਤੇ ਭਰੋਸਾ ਕਰਦੇ ਹਨ। ਮਾਪੇ ਇਹ ਉਮੀਦ ਰੱਖਦੇ ਹਨ ਕਿ ਉਨ੍ਹਾਂ ਦਾ ਬੱਚਾ ਸਕੂਲ ਜਾਵੇਗਾ, ਪੂਰਾ ਸਮਾਂ ਪੜ੍ਹੇਗਾ ਅਤੇ ਉਸ ਨੂੰ ਮਾਹਿਰ ਅਧਿਆਪਕਾਂ ਤੋਂ ਸਿੱਖਿਆ ਮਿਲੇਗੀ। ਜੇਕਰ ਕਲਾਸਾਂ ਵਿੱਚ ਅਧਿਆਪਕਾਂ ਦੀ ਕਮੀ ਰਹਿੰਦੀ ਹੈ ਤਾਂ ਇਸ ਦੀ ਕੀਮਤ ਆਖ਼ਰਕਾਰ ਬੱਚਿਆਂ ਨੂੰ ਆਪਣੇ ਨਤੀਜਿਆਂ ਅਤੇ ਭਵਿੱਖ ਰਾਹੀਂ ਚੁਕਾਉਣੀ ਪੈਂਦੀ ਹੈ।
ਇਸ਼ਤਿਹਾਰਾਂ ਵਿੱਚ ਸਿੱਖਿਆ ਕ੍ਰਾਂਤੀ ਅਤੇ ਕਲਾਸਰੂਮ ਵਿੱਚ ਅਧਿਆਪਕਾਂ ਦੀ ਕਮੀ—ਇਹ ਦੋਵੇਂ ਤਸਵੀਰਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਨਾ ਹੀ ਕਿਸੇ ਨੇ ਵਿਖਾਉਣੀਆਂ ਹਨ ਇਸ ਦੀ ਪੈਰਵੀ ਮਾਪਿਆਂ ਨੂੰ ਖ਼ੁਦ ਕਰਨੀ ਪਵੇਗੀ ਕਿਉੰਕਿ ਗੱਲ ਬੱਚਿਆਂ ਦੀ ਅਤੇ ਉਹਨਾਂ ਦੇ ਭਵਿੱਖ ਦੀ ਹੈ।ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਇਸ ਮਸਲੇ ਨੂੰ ਸਿਰਫ਼ ਪ੍ਰਸ਼ਾਸਨਿਕ ਡਿਊਟੀ ਸਮਝ ਕੇ ਨਹੀਂ, ਸਗੋਂ ਬੱਚਿਆਂ ਦੇ ਭਵਿੱਖ ਦਾ ਮਸਲਾ ਸਮਝ ਕੇ ਦੇਖਣਾ ਚਾਹੀਦਾ ਹੈ। ਜੇਕਰ ਅਧਿਆਪਕਾਂ ਦੀਆਂ ਹੋਰ ਸਰਕਾਰੀ ਡਿਊਟੀਆਂ ਲਾਜ਼ਮੀ ਹਨ ਤਾਂ ਸਰਕਾਰ ਨੂੰ ਇਸ ਦਾ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਖ਼ਾਸ ਤੌਰ ’ਤੇ ਬੋਰਡ ਕਲਾਸਾਂ ਲਈ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੁੱਖ ਵਿਸ਼ਿਆਂ ਦੀਆਂ ਕਲਾਸਾਂ ਨਿਯਮਿਤ ਲੱਗਣ ਅਤੇ ਵਿਦਿਆਰਥੀਆਂ ਦਾ ਸਿਲੇਬਸ ਸਮੇਂ ਸਿਰ ਪੂਰਾ ਹੋਵੇ।
ਬੱਚਿਆਂ ਦੀ ਪੜ੍ਹਾਈ ਕਿਸੇ ਵੀ ਸਰਕਾਰੀ ਕੰਮ ਤੋਂ ਘੱਟ ਮਹੱਤਵਪੂਰਨ ਨਹੀਂ ਹੋ ਸਕਦੀ।ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਇਸ਼ਤਿਹਾਰ ਬਦਲਦੇ ਰਹਿੰਦੇ ਹਨ ਅਤੇ ਨਾਅਰੇ ਵੀ ਬਦਲ ਜਾਂਦੇ ਹਨ। ਪਰ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਗੁਆਇਆ ਹੋਇਆ ਸਿੱਖਿਆ ਦਾ ਸਮਾਂ ਮੁੜ ਵਾਪਸ ਨਹੀਂ ਆਉਂਦਾ।
ਇਸ ਲਈ ਅੱਜ ਲੋੜ ਹੈ ਕਿ ‘ਸਿੱਖਿਆ ਕ੍ਰਾਂਤੀ’ ਦਾ ਮੁਲਾਂਕਣ ਇਸ਼ਤਿਹਾਰਾਂ ਨਾਲ ਨਹੀਂ, ਸਗੋਂ ਸਕੂਲ ਦੀ ਕਲਾਸ ਵਿੱਚ ਬੈਠੇ ਬੱਚੇ ਅਤੇ ਉਸ ਨੂੰ ਪੜ੍ਹਾਉਣ ਵਾਲੇ ਅਧਿਆਪਕ ਦੀ ਮੌਜੂਦਗੀ ਨਾਲ ਕੀਤਾ ਜਾਵੇ।
ਸਵਾਲ ਸਰਕਾਰ ਤੋਂ ਸਿੱਧਾ ਹੈ ਕੀਂ ਜੇਕਰ ਅਧਿਆਪਕ ਸਕੂਲ ਦੀ ਬਜਾਏ ਹੋਰ ਸਰਕਾਰੀ ਡਿਊਟੀਆਂ ਵਿੱਚ ਲੱਗੇ ਹਨ ਤਾਂ ਕਲਾਸਰੂਮ ਵਿੱਚ ਬੈਠੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਕੌਣ ਲਵੇਗਾ..? ਅਧਿਆਪਕਾਂ ਤੋਂ ਬਗ਼ੈਰ ਕਲਾਸਾਂ ਵਿੱਚ ਬੈਠੇ ਬੱਚਿਆਂ ਦੇ ਭਵਿੱਖ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ,ਬੱਚਿਆਂ ਨੂੰ ਸਿਰਫ਼ ਸੋਹਣੀਆਂ ਇਮਾਰਤਾਂ, ਇਸ਼ਤਿਹਾਰ ਅਤੇ ਨਾਅਰੇ ਨਹੀ ਸਗੋਂ ਸਕੂਲਾਂ ਵਿੱਚ ਪੂਰੇ ਅਧਿਆਪਕ, ਪੂਰੀ ਕਲਾਸ ਅਤੇ ਪੂਰਾ ਸਿੱਖਿਆ ਸਮਾਂ ਚਾਹੀਦਾ ਹੈ। ਜਿਸ ਤੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਅਤਿ ਲੋੜ ਹੈ। ਨਹੀਂ ਤਾਂ ਬੱਚਿਆਂ ਦੇ ਭਵਿੱਖ ਲਈ ਸੋਚਣਾ ਬੰਦ ਕਰ ਦਿਓ, ਕਿਉੰਕਿ ਅਧਿਆਪਕ ਗ਼ੈਰ ਹਾਜ਼ਰ ਹੈ।

-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.