ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਤੇ ਗ਼ੈਰ-ਕਾਨੂੰਨੀ ਵਰਤੋਂ ਦਾ ਮੁੱਦਾ ਭਖਿਆ
---ਸਿਰਫ਼ 6 ਸਿਲੰਡਰ ਬਰਾਮਦ ਹੋਣ ’ਤੇ ਵਿਭਾਗ ਦੀ ਕਾਰਵਾਈ ’ਤੇ ਉੱਠੇ ਸਵਾਲ, ਡੀਐੱਫਐੱਸਓ ਧਾਲੀਵਾਲ ਖ਼ਿਲਾਫ਼ ਜਾਂਚ ਦੀ ਮੰਗ
---ਸ਼ਾਮ ਸਮੇਂ ਅਚਨਚੇਤ ਛਾਪੇਮਾਰੀ ਕਰਵਾਉਣ ਅਤੇ ਗੈਸ ਦੀ ਬਲੈਕ ਮਾਰਕੀਟਿੰਗ ਰੋਕਣ ਲਈ ਰਾਜਪਾਲ ਤੇ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ
ਸੁਖਮਿੰਦਰ ਭੰਗੂ
ਲੁਧਿਆਣਾ, 21 ਨਵੰਬਰ 2026
ਲੁਧਿਆਣਾ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਅਦਾਰਿਆਂ ਵਿੱਚ ਕਥਿਤ ਦੁਰਵਰਤੋਂ, ਗ਼ੈਰ-ਕਾਨੂੰਨੀ ਰੀਫਿਲਿੰਗ ਅਤੇ ਬਲੈਕ ਮਾਰਕੀਟਿੰਗ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਇਸ ਸਬੰਧੀ ਸੀਨੀਅਰ ਨਾਗਰਿਕ ਅਤੇ ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਨੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਲੁਧਿਆਣਾ ਦੇ ਡੀਐੱਫਐੱਸਓ ਸ੍ਰੀ ਚਰਨਜੀਤ ਸਿੰਘ ਧਾਲੀਵਾਲ ਦੀ ਕਾਰਗੁਜ਼ਾਰੀ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 21 ਨਵੰਬਰ ਨੂੰ ਵਿਭਾਗ ਵੱਲੋਂ ਸ਼ਹਿਰ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕਰਨ ਦੇ ਬਾਵਜੂਦ ਸਿਰਫ਼ 6 ਘਰੇਲੂ ਗੈਸ ਸਿਲੰਡਰ ਹੀ ਬਰਾਮਦ ਹੋਏ। ਸ਼ਰਮਾ ਨੇ ਸਵਾਲ ਉਠਾਇਆ ਕਿ ਜਦੋਂ ਸ਼ਹਿਰ ਵਿੱਚ ਘਰੇਲੂ ਸਿਲੰਡਰਾਂ ਦੀ ਵਪਾਰਕ ਵਰਤੋਂ ਦੀਆਂ ਲਗਾਤਾਰ ਸ਼ਿਕਾਇਤਾਂ ਹਨ ਤਾਂ ਇੰਨੀ ਵੱਡੀ ਕਾਰਵਾਈ ਦੌਰਾਨ ਇੰਨੀ ਘੱਟ ਬਰਾਮਦਗੀ ਕਿਉਂ ਹੋਈ?
ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਲੁਧਿਆਣਾ ਬੱਸ ਸਟੈਂਡ ਵਿਖੇ ਕੀਤੀ ਛਾਪੇਮਾਰੀ ਦੌਰਾਨ ਵੀ ਸਿਰਫ਼ 4 ਸਿਲੰਡਰ ਬਰਾਮਦ ਹੋਏ ਸਨ, ਜਦਕਿ ਕਈ ਦੁਕਾਨਾਂ ’ਤੇ ਘਰੇਲੂ ਗੈਸ ਦੀ ਵਰਤੋਂ ਹੋਣ ਦੀਆਂ ਸ਼ਿਕਾਇਤਾਂ ਸਨ। ਉਨ੍ਹਾਂ ਛਾਪੇਮਾਰੀ ਦੀ ਸੂਚਨਾ ਲੀਕ ਹੋਣ ਦੇ ਖ਼ਦਸ਼ੇ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ।
ਸ਼ਿਕਾਇਤ ਵਿੱਚ ਬਹਾਦਰਕੇ ਰੋਡ ਦੀ ਮਨਮੋਹਨ ਕਾਲੋਨੀ ਦੀਆਂ ਗਲੀ ਨੰਬਰ 1 ਅਤੇ 3 ਅਤੇ ਨੂਰਵਾਲਾ ਰੋਡ ਸਥਿਤ ਦਸਮੇਸ਼ ਕਾਲੋਨੀ ਵਿੱਚ ਕਥਿਤ ਗ਼ੈਰ-ਕਾਨੂੰਨੀ ਗੈਸ ਰੀਫਿਲਿੰਗ ਅਤੇ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਇਨ੍ਹਾਂ ਥਾਵਾਂ ਦੇ ਫੋਟੋ ਸਬੂਤ ਵੀ ਭੇਜੇ ਗਏ ਹਨ।
ਅਰਵਿੰਦ ਸ਼ਰਮਾ ਨੇ ਮੰਗ ਕੀਤੀ ਕਿ ਸਵੇਰ ਦੀ ਬਜਾਏ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਵਿਸ਼ੇਸ਼ ਟੀਮਾਂ ਬਣਾ ਕੇ ਅਚਨਚੇਤ ਛਾਪੇਮਾਰੀ ਕੀਤੀ ਜਾਵੇ, ਕਿਉਂਕਿ ਇਸ ਸਮੇਂ ਢਾਬੇ, ਰੇਹੜੀਆਂ ਅਤੇ ਰੈਸਟੋਰੈਂਟ ਵਧੇਰੇ ਸਰਗਰਮ ਹੁੰਦੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਘਰੇਲੂ ਗੈਸ ਸਿਲੰਡਰ ਕਥਿਤ ਤੌਰ ’ਤੇ 2,000 ਤੋਂ 2,500 ਰੁਪਏ ਤੱਕ ਬਲੈਕ ਵਿੱਚ ਮਿਲ ਰਹੇ ਹਨ, ਜਦਕਿ ਆਮ ਖਪਤਕਾਰਾਂ ਨੂੰ ਗੈਸ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ।
ਸ਼ਰਮਾ ਨੇ ਡੀਐੱਫਐੱਸਓ ਧਾਲੀਵਾਲ ਦੀ ਡਿਊਟੀ ਅਤੇ ਦਫ਼ਤਰ ਵਿੱਚ ਹਾਜ਼ਰੀ ਦੀ ਜਾਂਚ, ਬੱਸ ਸਟੈਂਡ ਸਮੇਤ ਵਪਾਰਕ ਅਦਾਰਿਆਂ ਦੀ ਵਿਸ਼ੇਸ਼ ਚੈਕਿੰਗ ਅਤੇ ਕਥਿਤ ਕਾਲਾਬਾਜ਼ਾਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਨਿਰਧਾਰਤ ਸਮੇਂ ਅੰਦਰ ਉਨ੍ਹਾਂ ਨੂੰ ਭੇਜੀ ਜਾਵੇ।
ਇਸ ਸਬੰਧੀ ਜਦੋਂ ਰੇਡ ਕਰਨ ਗਈ ਟੀਮ ਦੇ ਅਧਿਕਾਰੀ ਰੋਸ਼ਨ ਚੋਪੜਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਸਰੀਰ ਵੇਲੇ ਹੀ ਜਾਣ ਦਾ ਹੁਕਮ ਕੀਤਾ ਗਿਆ ਸੀ ਜਦਕਿ ਸਵੇਰ ਵੇਲੇ ਕੋਈ ਵੀ ਖਾਣ ਪੀਣ ਵਾਲੀ ਚੀਜ਼ ਖੁੱਲੇ ਤੌਰ ਤੇ ਨਹੀਂ ਵਿਕਦੀ ਸਾਰਾ ਕੁਝ ਸ਼ਾਮ ਦੇ ਵੇਲੇ ਹੀ ਬਣਦਾ ਹੈ। ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼ਾਮ ਵੇਲੇ ਰੇਡ ਕਰਨ ਜਾਂਦੇ ਤਾਂ ਹੋਰ ਜਿਆਦਾ ਪ੍ਰਾਪਤੀਆਂ ਹੁੰਦੀਆਂ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਹੁਕਮ ਹੀ ਸਵੇਰ ਵੇਲੇ ਜਾਣਦਾ ਹੋਇਆ ਸੀ। ਇਸ ਤੋਂ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤਾਂ ਜਿਨਾਂ ਨੇ ਆਰਡਰ ਕੱਢਿਆ ਸਵੇਰ ਵੇਲੇ ਜਾਣ ਦਾ ਉਹੀ ਜਾਣਦੇ ਹਨ
- Download Babushahi App
-
-