ਬਾਬੂਸ਼ਾਹੀ · ਲੜੀਵਾਰ ਨਾਵਲ
ਆਪੇ ਦੀ ਭਾਲ਼
Aape Di Bhaal ਰਛਪਾਲ ਸਹੋਤਾ
ਕਿਸ਼ਤ 05 — ਪ੍ਰੋਫੈਸਰ ਦੀ ਪਰਖ
ਵੀਰਵਾਰ, 19 ਨਵੰਬਰ 2026
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀਆਂ ਕਿਸ਼ਤਾਂ ਹਰ ਸੋਮਵਾਰ ਅਤੇ ਵੀਰਵਾਰ
ਪਿਛਲੀ ਕਿਸ਼ਤ ਵਿੱਚ
“ਮੈਨੂੰ ਵੀ ਲਗਦਾ ਏ ਕੋਈ ਗੜਬੜ ਏ। ਮੈਂ ਨਾਸ਼ਤਾ ਮੁਕਾ ਲਵਾਂ, ਤੇਰੇ ਨਾਲ ਚਲਦਾ ਹਾਂ ਤੇ ਤੇਰੇ ਮੁੰਡੇ ਨਾਲ ਗੱਲ ਕਰਦੇ ਹਾਂ,” ਪ੍ਰੋਫੈਸਰ ਬੋਲਿਆ।
ਜੱਗੀ ਹਿੰਮਤ ਨਾਲ ਖੇਡਣ ਗਿਆ ਹੋਇਆ ਸੀ ਅਤੇ ਤੇਜਾ ਉਹਨੂੰ ਲੈਣ ਚਲਾ ਗਿਆ। ਬਿੰਦੋ ਨੇ ਪ੍ਰੋਫੈਸਰ ਨੂੰ ਇੱਕ ਕਿਤਾਬ ਵਿਖਾਈ। “ਆਹ ਕਿਤਾਬ ਸਾਨੂੰ ਚੌਥੀ ਜਮਾਤ ਵਿੱਚ ਲੱਗੀ ਸੀ ਤੇ ਜੱਗੀ ਇਹਨੂੰ ਬਿਨਾਂ ਰੁਕਾਵਟ, ਆਰਾਮ ਨਾਲ ਪੜ੍ਹ ਲੈਂਦਾ ਏ। ਤੇ ਮਾਸਟਰ ਕਹਿੰਦਾ ਏ, ਜੱਗੀ ਨੂੰ ਪਹਾੜੇ ਨਹੀਂ ਆਉਂਦੇ,” ਆਹ ਵੇਖੋ, ਬਿੰਦੋ ਨੇ ਸ਼ੈਲਫ ਤੋਂ ਇੱਕ ਕਾਪੀ ਚੁੱਕ ਕੇ ਪ੍ਰੋਫੈਸਰ ਨੂੰ ਫੜਾਉਂਦਿਆਂ ਕਿਹਾ, “ਇਹ ਜੱਗੀ ਦੀ ਕਾਪੀ ਹੈ ਤੇ ਉਹਨੂੰ ਵੀਹ ਗੁਣਾ ਵੀਹ ਤੀਕ ਸਾਰੇ ਪਹਾੜੇ ਜ਼ੁਬਾਨੀ ਯਾਦ ਨੇ।“
ਕਾਪੀ ਭਰੀ ਪਈ ਸੀ, ਸਫ਼ਿਆਂ ਦੇ ਸਫ਼ੇ ਹੱਥ ਲਿਖਤ ਤੇ ਦੋ ਅੱਖਰੀ ਗੁਣਾਂ ਦੇ ਕੱਢੇ ਸਵਾਲਾਂ ਨਾਲ।
“ਆਹ ਸਾਰਾ, ਮੁੰਡੇ ਨੇ ਹੀ ਲਿਖਿਆ ਏ?”
“ਹਾਂ ਜੀ। ਮੈਂ ਉਹਨੂੰ ਇਸ ਕਿਤਾਬ ਤੋਂ ਡਿਕਟੇਟ ਕਰਵਾਉਂਦੀ ਹੁੰਦੀ ਹਾਂ,” ਬਿੰਦੋ ਨੇ ਪ੍ਰੋਫੈਸਰ ਨੂੰ ਫੜਾਈ ਕਿਤਾਬ ਵੱਲ ਇਸ਼ਾਰਾ ਕਰਕੇ ਆਖਿਆ।
“ਕਿਹੜੀ ਚੀਜ਼ ਹੈ ਜਿਹੜੀ ਮੇਰੀ ਸਮਝ ਦੀ ਪਕੜ ਵਿੱਚ ਨਹੀਂ ਆ ਰਹੀ?” ਪ੍ਰੋਫੈਸਰ ਸਿਰ ਹਿਲਾ ਕੇ ਬੋਲਿਆ। “ਐਨੇ ਹੁਸ਼ਿਆਰ ਮੁੰਡੇ ਦਾ ਮਾਸਟਰ ਨੂੰ ਕਿਵੇਂ ਪਤਾ ਨਾ ਲੱਗਾ ਹੋਵੇ? ਕੀ ਜੱਗੀ ਨੇ ਤੁਹਾਨੂੰ ਕਦੀ ਦੱਸਿਆ ਏ ਕਿ ਉਹਨੂੰ ਸਕੂਲ ਵਿੱਚ ਕੋਈ ਮੁਸ਼ਕਲ ਆਈ ਹੈ ਜਾਂ ਆਉਂਦੀ ਹੈ?”
“ਨਹੀਂ, ਕਦੇ ਵੀ ਨਹੀਂ। ਪਰ ਮਾਸਟਰ ਦੀਆਂ ਗੱਲਾਂ ਤੋਂ ਲਗਦਾ ਏ ਕਿ ਜੱਗੀ ਜਮਾਤ ਵਿੱਚ ਘੱਟ ਬੋਲਦਾ ਹੋਣਾ ਏ, ਤਾਂਹੀਓਂ ਸ਼ਾਇਦ ਮਾਸਟਰ ਨੂੰ ਉਹਦੀ ਲਿਆਕਤ ਦਾ ਪਤਾ ਨਹੀਂ ਲੱਗਿਆ। ਤੁਹਾਨੂੰ ਪਤਾ ਈ ਏ, ਬੱਚੇ ਕਿੰਨਾ ਬੇਰਹਿਮ ਹੋ ਸਕਦੇ ਨੇ। ਉਹ ਉਹਦੇ ਥਥਲਾਉਣ ਦਾ ਮਖ਼ੌਲ ਉਡਾਉਂਦੇ ਹੋਣੇ ਨੇ। ਘਰੇ ਅਸੀਂ ਕਦੀ ਜੱਗੀ ਨੂੰ ਉਹਦੀ ਬੋਲਣ-ਸਮੱਸਿਆ ਦਾ ਅਹਿਸਾਸ ਨਹੀਂ ਕਰਵਾਉਂਦੇ। ਜੱਗੀ ਦੇ ਡਾਕਟਰ, ਡਾਕਟਰ ਖਹਿਰੇ, ਨੇ ਕਿਹਾ ਸੀ ਬਈ ਜੱਗੀ ਨਾਲ ਜਾਂ ਉਹਦੇ ਸਾਹਮਣੇ, ਉਹਦੇ ਹੱਕ ਪੈਣ ਬਾਰੇ ਕਦੀ ਵੀ ਗੱਲ ਨਾ ਕਰਿਓ ਤੇ ਅਸੀਂ ਨਹੀਂ ਕਰਦੇ।“
“ਡਾਕਟਰ ਨੇ ਠੀਕ ਕਿਹਾ ਏ,” ਪ੍ਰੋਫੈਸਰ ਬੋਲਿਆ। ਉਹਦੀ ਨਜ਼ਰ ਸਟੂਲ ਤੇ ਪਈ ਇੱਕ ਪੈਨਸਿਲ ਨਾਲ ਵਾਹੀ ਡਰਾਇੰਗ ਤੇ ਪਈ।
“ਜੱਗੀ ਨੂੰ ਡਰਾਇੰਗਾਂ ਵਾਹੁਣ ਦਾ ਬਹੁਤ ਸ਼ੌਕ ਹੈ,” ਬਿੰਦੋ ਨੇ ਪ੍ਰੋਫੈਸਰ ਦੀ ਨਜ਼ਰ ਸਟੂਲ ਤੇ ਪੈਂਦੀ ਵੇਖ ਕਿਹਾ। “ਮੈਂ ਤੁਹਾਨੂੰ ਵਿਖਾਉਂਦੀ ਹਾਂ, ਕਹਿ ਕੇ ਉਹ ਜੱਗੀ ਦੀਆਂ ਵਾਹੀਆਂ ਡਰਾਇੰਗਾਂ ਦੀ ਇੱਕ ਛੋਟੀ ਦੱਥੀ ਚੁੱਕ ਲਿਆਈ।“
ਇਹ ਮੁੰਡਾ ਤੇ ਬਈ ਵਾਕਿਆ ਈ ਕਲਾਕਾਰ ਏ, ਪ੍ਰੋਫੈਸਰ ਨੇ ਇਕੱਲੀ ਇਕੱਲੀ ਡਰਾਇੰਗ ਦੱਥੀ ਵਿਚੋਂ ਕੱਢ ਵੇਖਦਿਆਂ ਕਿਹਾ।
ਪ੍ਰੋਫੈਸਰ ਡਰਾਇੰਗਾਂ ਵੇਖ ਹੀ ਰਿਹਾ ਸੀ ਕਿ ਬਾਹਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਜੱਗੀ ਦੌੜਦਾ ਅੰਦਰ ਵੜਿਆ, ਪਿੱਛੇ ਤੇਜਾ ਸੀ।
“ਸਾਸਰੀਕਾਲ ਅੰ... ਅੰਕਲ ਜੀ,” ਜੱਗੀ ਨੇ ਪ੍ਰੋਫੈਸਰ ਦੇ ਲਾਗੇ ਆਉਂਦਿਆਂ ਕਿਹਾ।
“ਸਾਸਰੀਕਾਲ ਪੁੱਤਰ,” ਪ੍ਰੋਫੈਸਰ ਨੇ ਜਵਾਬ ਦਿੱਤਾ, “ਤੂੰ ਸਾਰਾ ਦਿਨ ਖੇਡਦਾ ਈ ਏਂ ਕਿ ਕਦੀ ਕਦਾਈਂ ਪੜ੍ਹ ਵੀ ਲੈਨਾਂ ਏਂ?”
“ਮੈਂ ਪ... ਪ... ਪੜ੍ਹਦਾ ਹੁੰਨੈਂ,” ਜੱਗੀ ਬੋਲਿਆ।
“ਅੱਛਾ, ਇਹ ਗੱਲ ਏ। ਮੈਨੂੰ ਲੱਗਦਾ ਏ ਤੂੰ ਡਰਾਇੰਗਾਂ ਵੀ ਬਣਾਉਂਦਾ ਏਂ,” ਪ੍ਰੋਫੈਸਰ ਹੱਥ ਫੜੀ ਡਰਾਇੰਗਾਂ ਵਾਲੀ ਦੱਥੀ ਵੱਲ ਵੇਖਦਾ ਬੋਲਿਆ। “ਚੰਗਾ ਇਹ ਦੱਸ, ਆਹ ਕੀ ਹੈ?” ਉਹਨੇ ਇੱਕ ਵੱਡੇ, ਮੋਟੇ, ਨੀਵੇਂ ਸਿੰਙਾਂ ਵਾਲੇ ਜਾਨਵਰ ਦੇ ਸਕੈੱਚ ਵੱਲ ਇਸ਼ਾਰਾ ਕਰਦਿਆਂ ਪੁੱਛਿਆ।
“ਮੀਣੀ,” ਜੱਗੀ ਬੋਲਿਆ; ਮੀਣੀ ਉਹਨਾਂ ਦੀ ਮੱਝ ਸੀ। ਥੋੜ੍ਹਾ ਜ਼ੋਰ ਦੇ ਕੇ ਪੁੱਛਣ ਤੇ ਜੱਗੀ ਨੇ ਇੱਕ ਇੱਕ ਕਰਕੇ ਸਾਰੀਆਂ ਤਸਵੀਰਾਂ ਬਾਰੇ ਦੱਸਿਆ। ਇੱਕ ਡਰਾਇੰਗ ਵਿੱਚ ਉਹ ਆਪਣੀ ਮਾਂ ਤੇ ਪਿਤਾ ਨਾਲ ਖੜ੍ਹਾ ਸੀ ਤੇ ਦੂਜੀ ਵਿੱਚ ਹਿੰਮਤ ਨਾਲ। ਜਿਸ ਸਕੈੱਚ ਨੇ ਸਭ ਤੋਂ ਵੱਧ ਤਾਰਾ ਸਿੰਘ ਦਾ ਧਿਆਨ ਖਿੱਚਿਆ ਉਹ ਜੱਗੀ ਦੀ ਬਸਤੀ ਦੀ ਡਰਾਇੰਗ ਸੀ, ਹੂਬਹੂ ਬਸਤੀ ਦਾ ਨਕਸ਼ਾ। ਬਸਤੀ ਦੀਆਂ ਦੋਵੇਂ ਗਲੀਆਂ ਦੂਹਰੀ ਲਾਈਨ ਨਾਲ ਵਾਹੀਆਂ ਸਨ ਤੇ ਬਸਤੀ ਦੇ ਸਾਰੇ ਘਰ ਨਿੱਕੇ ਨਿੱਕੇ ਵਰਗਾਂ ਦੀ ਸ਼ਕਲ ਵਿੱਚ ਦਿਖਾਏ ਸਨ। ਲਾਈਨਾਂ ਦੀ ਵਿੰਗ-ਟੇਢ, ਗਲੀਆਂ ਦੀ ਵਿੰਗ ਟੇਢ ਨਾਲ ਮੇਲ਼ ਖਾਂਦੀ ਸੀ।
“ਜੱਗੀ ਪੁੱਤਰਾ ਤੂੰ ਤਾਂ ਕਮਾਲ ਹੀ ਕਰ ਦਿੱਤੀ ਹੈ। ਤੈਨੂੰ ਪਤਾ ਏ, ਇਹ ਕੀ ਹੈ?” ਪ੍ਰੋਫੈਸਰ ਨੇ ਪੇਪਰ ਤੇ ਉਂਗਲ ਰੱਖਦਿਆਂ ਪੁੱਛਿਆ।
“ਤਾਈ ਕੌ... ਕੌ... ਕੌਰੋ ਦਾ ਘਰ।“
“ਨਹੀਂ, ਉਹ ਨਹੀਂ, ਆਹ ਸਾਰਾ ਕੀ ਏ?” ਪ੍ਰੋਫੈਸਰ ਨੇ ਨਕਸ਼ੇ ਵੱਲ ਇਸ਼ਾਰਾ ਕਰਕੇ ਕਿਹਾ।
“ਪੇਪਰ,” ਜੱਗੀ ਮੋਢੇ ਛੰਡ ਕੇ, ਸੰਗਦਾ ਬੋਲਿਆ।
ਪ੍ਰੋਫੈਸਰ ਉਹਦੇ ਜਵਾਬ ਤੇ ਮੁਸਕਰਾ ਪਿਆ। “ਪੁੱਤਰ ਜੋ ਤੂੰ ਇੱਥੇ ਉਲੀਕਿਆ ਏ ਨਾਂ,” ਉਹਨੇ ਸਮਝਾਇਆ, “ਇਹਨੂੰ ਨਕਸ਼ਾ ਕਹਿੰਦੇ ਨੇ। ਤੂੰ ਇਹ ਨਕਸ਼ਾ ਵਾਹੁਣ ਚ ਕਮਾਲ ਕਰ ਦਿੱਤੀ ਏ।“
ਜੱਗੀ ਨੇ ਓਵੇਂ ਹੀ ਦੁਬਾਰਾ ਮੋਢੇ ਹਿਲਾਏ।
“ਤੇ ਮੈਂ ਸੁਣਿਆ ਏ ਤੂੰ ਪਹਾੜਿਆਂ ਚ ਬਹੁਤ ਤੇਜ਼ ਏਂ।“
ਜੱਗੀ ਨੇ ਅੱਖਾਂ ਚੌੜੀਆਂ ਕਰ ਆਪਣੀ ਮਾਂ ਵੱਲ ਵੇਖਿਆ। ਉਹ ਮੁਸਕਰਾ ਪਈ, ਤੇ ਜੱਗੀ ਦਾ ਚਿਹਰਾ ਸੁਖਾਵਾਂ ਹੋ ਗਿਆ।
“ਜੱਗੀ, ਪਤਾ ਕੀ? ਮੈਨੂੰ ਤੇਰੀ ਮਦਦ ਦੀ ਲੋੜ ਹੈ,” ਪ੍ਰੋਫੈਸਰ ਨੇ ਕਿਹਾ, ਇਹ ਦੱਸ “ਸਤਾਰੋ ਸਤਾਰੀਆ ਕਿੰਨਾ ਹੁੰਦਾ ਏ।“
ਜੱਗੀ ਸੁਆਲ ਸੁਣ ਕੇ ਹੈਰਾਨ ਹੋਇਆ ਤੇ ਉਹਦੀਆਂ ਅੱਖਾਂ ਵਿੱਚ ਚਮਕ ਆ ਗਈ। ਪਰ ਉਹਨੇ ਜਵਾਬ ਦੇਣ ਦੀ ਬਜਾਏ ਆਪਣੀ ਮਾਂ ਵੱਲ ਵੇਖਿਆ।
ਬੇਟਾ, ਅੰਕਲ ਜੀ ਨੂੰ ਜਵਾਬ ਦੇ। ਤੈਨੂੰ ਯਾਦ ਹੋਣਾ, ਆਪਾਂ ਹਾਲਾਂ ਰਾਤ ਹੀ ਤਾਂ ਇਹ ਕੀਤਾ ਸੀ। ਬਿੰਦੋ ਬੋਲੀ।
ਜੱਗੀ ਨੇ ਪ੍ਰੋਫੈਸਰ ਵੱਲ ਵੇਖਿਆ ਤੇ “ਦੋ ਸੌ ਉਨ... ਉਨ... ਉਨੱਨ.. ਵੇਂ,” ਕਹਿ ਕੇ ਛੱਤ ਤੇ ਚੜ੍ਹਨ ਲਈ ਪੌੜੀਆਂ ਵੱਲ ਭੱਜ ਪਿਆ।
“ਜੱਗੀ, ਵਾਪਸ ਮੁੜ ਆ,” ਬਿੰਦੋ ਜ਼ੋਰ ਨਾਲ ਬੋਲੀ, ਤੇ ਜੱਗੀ ਪਿੱਛੇ ਮੁੜ ਆਇਆ। “ਐਦਾਂ ਭੱਜਣਾ ਚੰਗੀ ਗੱਲ ਨਹੀਂ ਹੁੰਦੀ, ਪੁੱਤਰ। ਅੰਕਲ ਜੀ ਤੇਰੇ ਨਾਲ ਗੱਲ ਕਰ ਰਹੇ ਨੇ।”
“ਜੱਗੀ ਤੂੰ ਤਾਂ ਬਹੁਤ ਹੁਸ਼ਿਆਰ ਏਂ। ਇਹ ਦੱਸ ਸਤਾਰੋ ਤੇਰਾਂ ਕਿੰਨਾ ਹੁੰਦਾ ਏ?” ਪ੍ਰੋਫੈਸਰ ਨੇ ਕਿਹਾ।
“ਦੋ ਸੌ ਇੱਕੀ,” ਜੱਗੀ ਬਿਨਾ ਕਿਸੇ ਝਿਜਕਾਹਟ ਜਾਂ ਥਥਲਾਉਣ ਤੋਂ ਬੋਲਿਆ।
ਬਿਲਕੁਲ ਸਹੀ! ਤੂੰ ਤੇ ਬਹੁਤ ਹੁਸ਼ਿਆਰ ਏਂ ਬਈ!
ਜੱਗੀ ਦੀਆਂ ਅੱਖਾਂ ਲਿਸ਼ਕ ਪਈਆਂ।
“ਤੂੰ ਤੇ ਤੇਰਾ ਦੋਸਤ ਕੀ ਖੇਡਣ ਲੱਗੇ ਹੋਏ ਸੀ?”
“ਇਹ ਬੰਟੇ ਖੇਡਦੇ ਸੀ,” ਜੱਗੀ ਦੀ ਥਾਂ ਤੇਜਾ ਬੋਲਿਆ। ਜੱਗੀ ਨੇ ਤੇਜੇ ਵੱਲ ਵੇਖਿਆ।
“ਅੱਛਾ? ਤੈਨੂੰ ਪਤਾ ਏ ਤੇਰੇ ਬਾਪੂ ਜੀ ਤੇ ਮੈਂ, ਦੋਵੇਂ ਬੰਟਿਆਂ ਦੇ ਮਾਹਿਰ ਹਾਂ?”
ਜੱਗੀ ਨੇ ਸ਼ੱਕੀ ਮੁਸਕਰਾਹਟ ਨਾਲ ਪ੍ਰੋਫੈਸਰ ਵੱਲ ਵੇਖਿਆ।
“ਲੱਗਦਾ ਏ ਤੈਨੂੰ ਮੇਰੇ ਤੇ ਯਕੀਨ ਨਹੀਂ, ਹੈ ਨਾਂ?”
ਜੱਗੀ ਨੇ ਨਾਂਹ ਵਿੱਚ ਸਿਰ ਘੁਮਾਇਆ—ਉਹਨੇ ਕਦੀ ਐਡੀ ਉਮਰ ਦੇ ਬੰਦਿਆਂ ਨੂੰ ਬੰਟੇ ਖੇਡਦੇ ਨਹੀਂ ਸੀ ਵੇਖਿਆ।
“ਚੱਲ ਠੀਕ ਐ ਫੇਰ, ਵੇਖਦੇ ਹਾਂ ਤੂੰ ਕਿੱਡਾ ਕੁ ਤਕੜਾ ਖਿਡਾਰੀ ਏਂ। ਜਾ ਬੰਟੇ ਲੈ ਆ, ਤੇਰੇ ਕੋਲ ਹੈਗੇ ਐਂ ਨਾਂ?”
ਜੱਗੀ ਸਿਰ ਹਿਲਾ ਕੇ ਬੰਟੇ ਲੈਣ ਲਈ ਅੰਦਰ ਭੱਜ ਗਿਆ। ਬਾਹਰ ਆਕੇ ਉਹਨੇ ਜ਼ਮੀਨ ਤੇ ਇੱਕ ਚੱਕਰ ਵਾਹਿਆ ਅਤੇ ਵਿੱਚ ਕੁੱਝ ਬੰਟੇ ਰੱਖ ਦਿੱਤੇ। ਫਿਰ ਕੁੱਝ ਫੁੱਟ ਦੀ ਦੂਰੀ ਤੇ ਇੱਕ ਛੋਟੀ ਲਾਈਨ ਖਿੱਚ ਦਿੱਤੀ, ਜਿੱਥੋਂ ਖੜੋ ਕੇ ਨਿਸ਼ਾਨਾ ਲਾਉਣਾ ਸੀ। ਉਹਨੇ ਨਿਸ਼ਾਨਾ ਲਾਉਣ ਵਾਲਾ ਵੱਡਾ ਬੰਟਾ ਪ੍ਰੋਫੈਸਰ ਵੱਲ ਕੀਤਾ।
“ਨਹੀਂ ਪਹਿਲਾਂ ਤੂੰ ਚੱਲ,” ਪ੍ਰੋਫੈਸਰ ਨੇ ਕਿਹਾ।
ਜੱਗੀ ਨੇ ਲਾਈਨ ਤੇ ਖੜੋ ਕੇ ਪ੍ਰੋਫੈਸਰ ਦੇ ਇਸ਼ਾਰਾ ਕੀਤੇ ਬੰਟੇ ਤੇ ਨਿਸ਼ਾਨਾ ਲਾਇਆ। ਵਧੀਆ ਨਿਸ਼ਾਨਾ ਸੀ ਟੀਚੇ ਵਾਲਾ ਬੰਟਾ, ਇੱਕ ਹੋਰ ਬੰਟੇ ਨੂੰ ਧਕੇਲ ਚੱਕਰੋਂ ਬਾਹਰ ਗਿਆ।
“ਬੱਲੇ, ਤੂੰ ਤਾਂ ਦੋ ਬੰਟੇ ਕੱਢ ਲਏ,” ਪ੍ਰੋਫੈਸਰ ਨੇ ਕਿਹਾ, “ਹੁਣ ਤੈਨੂੰ ਮੈਂ ਵਿਖਾਉਂਦਾ ਹਾਂ, ਬੰਟੇ ਕਿਵੇਂ ਖੇਡੀਦੇ ਨੇ।“
ਪ੍ਰੋਫੈਸਰ ਲਾਈਨ ਤੇ ਖੜੋ ਗਿਆ ਤੇ ਜੱਗੀ ਦੇ ਦੱਸੇ ਬੰਟੇ ਤੇ ਨਿਸ਼ਾਨਾ ਲਾਇਆ। ਨਿਸ਼ਾਨਾ ਬੰਟੇ ਤੇ ਤਾਂ ਕੀ, ਚੱਕਰ ਤੋਂ ਵੀ ਬਾਹਰ ਵੱਜਾ।
ਜੱਗੀ ਖਿੜ ਖਿੜਾ ਕੇ ਹੱਸਿਆ।
“ਆਹ ਤਾਂ ਬਹੁਤ ਨਮੋਸ਼ੀ ਵਾਲੀ ਗੱਲ ਹੋਈ, ਹੈ ਨਾਂ?” ਪ੍ਰੋਫੈਸਰ ਨੇ ਕਿਹਾ, “ਮੈਂ ਅਸਲ ਚ ਬਹੁਤ ਦੇਰ ਤੋਂ ਪ੍ਰੈਕਟਿਸ ਨਹੀਂ ਕੀਤੀ। ਚੱਲ ਆਪਾਂ ਅੱਜ ਇਹ ਖੇਡ ਨਹੀਂ ਖੇਡਦੇ। ਮੈਨੂੰ ਪ੍ਰੈਕਟਿਸ ਕਰ ਲੈਣ ਦੇ, ਫੇਰ ਵੇਖੀਂ।“
ਜੱਗੀ ਨੇ ਰਜ਼ਾਮੰਦੀ ਵਿੱਚ ਸਿਰ ਹਿਲਾਇਆ ਅਤੇ ਬੰਟੇ ਇਕੱਠੇ ਕਰ ਖੀਸੇ ਵਿੱਚ ਪਾ ਲਏ।
“ਚੱਲ, ਆਪਾਂ ਇੱਕ ਹੋਰ ਖੇਡ ਖੇਡਦੇ ਹਾਂ,” ਪ੍ਰੋਫੈਸਰ ਨੇ ਕਿਹਾ। ਉਹਨੇ ਉਹੀ ਕਿਤਾਬ, ਜਿਹੜੀ ਬਿੰਦੋ ਨੇ ਉਹਨੂੰ ਵਿਖਾਈ ਸੀ, ਚੁੱਕੀ ਤੇ ਕੋਲ ਪਏ ਮੰਜੇ ਤੇ ਬੈਠ ਗਿਆ।
“ਉਰੇ ਆ,” ਉਹਨੇ ਆਪਣੇ ਨਾਲ ਮੰਜੇ ਤੇ ਹੱਥ ਮਾਰਦਿਆਂ ਕਿਹਾ।
ਜੱਗੀ ਆਕੇ ਉਹਦੇ ਨਾਲ ਮੰਜੇ ਤੇ ਬੈਠ ਗਿਆ।
“ਆਹ ਸਫ਼ਾ ਮੈਨੂੰ ਪੜ੍ਹ ਕੇ ਸੁਣਾ,” ਪ੍ਰੋਫੈਸਰ ਨੇ, ਬੇਤਰਤੀਬਿਆਂ, ਕਿਤਾਬ ਦਾ ਇੱਕ ਸਫ਼ਾ ਖੋਲ੍ਹਦਿਆਂ ਕਿਹਾ।
ਜੱਗੀ ਨੂੰ ਕਿਤਾਬ ਦੀ ਪਛਾਣ ਸੀ। ਪ੍ਰੋਫੈਸਰ ਦੀ ਗੱਲ ਸੁਣ ਕੇ ਉਹਨੂੰ ਗੁਦਗੁਦੀ ਜਿਹੀ ਹੋਈ। ਉਹਨੇ ਆਪਣੀ ਮਾਂ ਵੱਲ ਵੇਖਿਆ।
“ਕੋਈ ਗੱਲ ਨਹੀਂ ਪੁੱਤਰ, ਪੜ੍ਹ ਕੇ ਸੁਣਾ ਦੇ। ਅੰਕਲ ਜੀ ਹੁਣ ਬੁੱਢੇ ਹੋ ਰਹੇ ਨੇ, ਇਹਨਾਂ ਨੂੰ ਚੰਗੀ ਤਰਾਂ ਦਿਸਦਾ ਨਹੀਂ,” ਬਿੰਦੋ ਨੇ ਮਜ਼ਾਕ ਵਾਲੀ ਆਵਾਜ਼ ਵਿੱਚ ਕਿਹਾ।
ਜੱਗੀ ਨੇ ਪ੍ਰੋਫੈਸਰ ਤੋਂ ਕਿਤਾਬ ਫੜੀ ਅਤੇ ਪੜ੍ਹਨ ਲੱਗਾ। ਪਰ ਆਪਣੀ ਹਕਲ਼ੀ ਆਵਾਜ਼ ਕਾਰਨ ਉਹਨੂੰ ਸ਼ਬਦਾਂ ਨਾਲ ਕਾਫ਼ੀ ਜੱਦੋ ਜਹਿਦ ਕਰਨੀ ਪੈ ਰਹੀ ਸੀ।
“ਕੀ ਤੂੰ ਲਿਖ ਸਕਦਾ ਏਂ, ਜੇ ਮੈਂ ਬੋਲਾਂ ਤਾਂ?” ਪ੍ਰੋਫੈਸਰ ਨੇ ਪੁੱਛਿਆ।
ਜੱਗੀ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਲਾਗੇ ਪਈ ਆਪਣੀ ਕਾਪੀ ਚੁੱਕ ਲਈ; ਬਿੰਦੋ ਨੇ ਉਹਨੂੰ ਇੱਕ ਪੈੱਨ ਪਕੜਾ ਦਿੱਤਾ।
ਪ੍ਰੋਫੈਸਰ ਕਿਤਾਬ ਚੋਂ ਬੋਲ ਕੇ ਲਿਖਾਉਣ ਲੱਗਾ ਅਤੇ ਜੱਗੀ ਆਰਾਮ ਨਾਲ ਲਿਖਦਾ ਗਿਆ। ਜੱਗੀ ਦਾ ਲਿਖਿਆ ਪ੍ਰੋਫੈਸਰ ਨੇ ਧਿਆਨ ਨਾਲ ਪੜ੍ਹਿਆ।
“ਤੂੰ ਤੇ ਬਹੁਤ ਹੁਸ਼ਿਆਰ ਲੜਕਾ ਏਂ ਬਈ,” ਉਹਨੇ ਕਿਹਾ, “ਚੱਲ ਭੱਜ, ਹੁਣ; ਜਾ ਆਪਣੇ ਆੜੀ ਨਾਲ ਖੇਡ।“
“ਹਿੰਮਤ ਵੱਲ ਚੱਲਿਆਂ ਮਾਂ,” ਕਹਿੰਦਾ ਜੱਗੀ ਭੱਜ ਫਾਟਕੋਂ ਬਾਹਰ ਹੋ ਗਿਆ।
ਬਿੰਦੋ ਸੁਣਨ ਲਈ ਉਤਾਵਲੀ ਸੀ ਕਿ ਪ੍ਰੋਫੈਸਰ ਕੀ ਸਲਾਹ ਦਿੰਦਾ ਹੈ, ਪਰ ਤਾਰਾ ਸਿੰਘ ਆਪਣੀਆਂ ਸੋਚਾਂ ਵਿੱਚ ਮਗਨ ਸੀ।
“ਇਹ ਮੁੰਡਾ ਆਮ ਮੁੰਡਾ ਨਹੀਂ ਹੈ, ਇਹ ਹਮੇਸ਼ਾ ਲੋਕਾਂ ਦੇ ਝੁੰਡ ਤੋਂ ਉਤਾਂਹ ਰਹੇਗਾ,” ਪ੍ਰੋਫੈਸਰ ਬੋਲਿਆ, “ਤੁਸੀਂ ਇਸ ਤੇ ਬਹੁਤ ਫ਼ਖਰ ਕਰਿਆ ਕਰੋਗੇ।“
ਬਿੰਦੋ ਸੁਣ ਕੇ ਥੋੜ੍ਹਾ ਮੁਸਕਰਾਈ; ਉਹਨੂੰ ਤੇ ਪਹਿਲਾਂ ਹੀ ਆਪਣੇ ਪੁੱਤਰ ਤੇ ਬਹੁਤ ਫ਼ਖਰ ਸੀ।
“ਵੀਰ ਜੀ, ਤੁਹਾਨੂੰ ਕੀ ਲਗਦਾ ਏ ਉਹ ਆਪਣਾ ਮਨ ਬਦਲ ਲਵੇਗਾ?” ਬਿੰਦੋ ਨੇ ਪੁੱਛਿਆ।
“ਕੀ?” ਪ੍ਰੋਫੈਸਰ ਨੇ ਸਿਰ ਛੰਡ ਕੇ ਉਹਦੇ ਵੱਲ ਵੇਖਿਆ।
“ਤੁਹਾਨੂੰ ਕੀ ਲੱਗਦਾ ਏ ਬਈ ਮਾਸਟਰ, ਜੱਗੀ ਬਾਰੇ ਲਏ ਫ਼ੈਸਲੇ ਨੂੰ ਬਦਲ ਲਵੇਗਾ?”
“ਪਤਾ ਨਹੀਂ ਬਿੰਦੋ,” ਉਹ ਬੋਲਿਆ, “ਸਾਰਾ ਸਾਲ ਬੱਚਾ ਉਹਦੇ ਕੋਲ ਰਿਹਾ ਏ ਤੇ ਮੈਨੂੰ ਸਮਝ ਨਹੀਂ ਪੈਂਦੀ, ਉਹਨੂੰ ਮੁੰਡੇ ਵਿੱਚ ਉਹ ਸਾਰਾ ਕਿਉਂ ਨਹੀਂ ਦਿਸਿਆ ਜਿਹੜਾ ਤਾਰਾ ਸਿੰਘ ਨੂੰ ਵੀਹਾਂ ਮਿੰਟਾਂ ਵਿੱਚ ਦਿਸ ਗਿਆ ਏ। ਜਾਂ ਤਾਂ ਉਹ ਪੂਰਾ ਬੇਵਕੂਫ਼ ਹੈ ਤੇ ਜਾਂ ਫੇਰ ਹੱਦ ਦਰਜੇ ਦਾ ਫਿਰਕਾਪ੍ਰਸਤ, ਜਿਹੜਾ ਕੀਰਿਆਂ ਦੇ ਮੁੰਡੇ ਨੂੰ ਹੁਸ਼ਿਆਰ ਵੇਖਣਾ ਝੱਲ ਹੀ ਨਹੀਂ ਸਕਦਾ।“
ਪ੍ਰੋਫੈਸਰ ਦੀ ਗੱਲ ਨੇ ਬਿੰਦੋ ਨੂੰ ਕੰਬਾ ਦਿੱਤਾ। “ਆਪਾਂ ਕੀ ਕਰ ਸਕਦੇ ਹਾਂ?” ਉਹਨੇ ਪੁੱਛਿਆ।
“ਪਤਾ ਨਹੀਂ, ਮੈਨੂੰ ਥੋੜ੍ਹਾ ਟਾਈਮ ਦੇ, ਸੋਚਣ ਦਾ।“
“ਮਾਸਟਰ ਕਹਿੰਦਾ ਸੀ ਉਹਨੇ ਸੋਮਵਾਰ ਨੂੰ ਨਤੀਜੇ ਸੁਣਾ ਦੇਣੇ ਨੇ ਤੇ ਉਹਨੇ ਜੱਗੀ ਨੂੰ ਅਗਲੀ ਜਮਾਤ ਵਿੱਚ ਨਹੀਂ ਕਰਨਾ,” ਬਿੰਦੋ ਬੋਲੀ।
ਪ੍ਰੋਫੈਸਰ ਨੇ ਅੱਗੋਂ ਕੁੱਝ ਨਾ ਕਿਹਾ।
ਬਿੰਦੋ ਬਹੁਤ ਲਾਚਾਰ ਸੀ।“ ਵੀਰ ਜੀ ਜੇ ਜੱਗੀ ਅਗਲੀ ਜਮਾਤ ਵਿੱਚ ਨਾ ਹੋਇਆ, ਇਹ ਉਹਦੇ ਲਈ ਮਰਨ ਬਰਾਬਰ ਹੋਵੇਗਾ। ਪਹਿਲਾਂ ਹੀ ਵਿਚਾਰਾ ਬੋਲ ਨਹੀਂ ਸਕਦਾ, ਇਸ ਗੱਲ ਦਾ ਪਤਾ ਨਹੀਂ ਉਸ ਤੇ ਕੀ ਅਸਰ ਪਵੇਗਾ, ਉਹ ਬੋਲੀ।“
“ਮੈਂ ਮਾਸਟਰ ਨਾਲ ਗੱਲ ਕਰਾਂਗਾ,” ਕਹਿਕੇ ਪ੍ਰੋਫੈਸਰ ਉੱਠਣ ਲੱਗਾ।
“ਪਰ ਤੁਸੀਂ ਵੀਰ ਜੀ ਕੱਲ੍ਹ ਨੂੰ ਚੰਡੀਗੜ੍ਹ ਨਹੀਂ ਜਾ ਰਹੇ?” ਬਿੰਦੋ ਨੇ ਪੁੱਛਿਆ।
“ਜਾ ਤਾਂ ਰਿਹਾ ਸੀ, ਪਰ ਤੂੰ ਫ਼ਿਕਰ ਨਾ ਕਰ, ਮੈਂ ਸੋਮਵਾਰ ਜਾਵਾਂਗਾ, ਉਹਨੂੰ ਮਿਲਣ ਤੋਂ ਬਾਅਦ,” ਭਰੋਸਾ ਦਿਵਾ ਪ੍ਰੋਫੈਸਰ ਚਲਾ ਗਿਆ।
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀ ਕਿਸ਼ਤ ਲਈ ਇਹ ਲੜੀ ਆਪਣੇ ਬੁੱਕਮਾਰਕ ਵਿੱਚ ਰੱਖੋ।
ਪੂਰਾ ਨਾਵਲ ਹੇਠ ਦਿੱਤੇ ਲਿੰਕਾਂ ਤੋਂ ਮਿਲ ਸਕਦਾ ਹੈ
ਪੰਜਾਬੀ ਈ-ਬੁੱਕ
ਛਪੀ ਹੋਈ ਕਿਤਾਬ
ਹਿੰਦੀ ਅਤੇ ਅੰਗਰੇਜ਼ੀ ਰੂਪ
गरिमा का बोझ · Chasing Dignity

-
ਰਛਪਾਲ ਸਹੋਤਾ , ਯੂ ਐੱਸ ਏ,
info.babushahi2gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.