ਸਤਵਿੰਦਰ ਬਿੱਟੀ ਦਾ ਵੱਡਾ ਐਲਾਨ: ਕਾਂਗਰਸ ਸਰਕਾਰ ਬਣਨ ’ਤੇ ਸਾਹਨੇਵਾਲ ਦੀ ਬਦਲਾਂਗੇ ਨੁਹਾਰ, ਨਸ਼ਿਆਂ ਤੋਂ ਲੈ ਕੇ ਸੀਵਰੇਜ ਤੱਕ ਸਮੱਸਿਆਵਾਂ ਦੇ ਹੱਲ ਦਾ ਵਾਅਦਾ
Babushahi Network
ਸਾਹਨੇਵਾਲ, 20 ਨਵੰਬਰ 2026: ਪੰਜਾਬ ਕਾਂਗਰਸ ਦੀ ਆਗੂ ਸਤਵਿੰਦਰ ਬਿੱਟੀ ਨੇ ਸਾਹਨੇਵਾਲ ਦੇ ਵਿਕਾਸ ਨੂੰ ਲੈ ਕੇ ਆਪਣਾ ਵਿਜ਼ਨ ਪੇਸ਼ ਕਰਦਿਆਂ ਕਿਹਾ ਕਿ ਇਲਾਕੇ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਸਾਹਨੇਵਾਲ ਵਿਖੇ ਪੱਤਰਕਾਰਾਂ ਨਾਲ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਇਲਾਕੇ ਦੀਆਂ ਮੁਸ਼ਕਲਾਂ, ਵਿਕਾਸ ਕਾਰਜਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।
ਸਤਵਿੰਦਰ ਬਿੱਟੀ ਨੇ ਕਿਹਾ ਕਿ ਸਾਹਨੇਵਾਲ ਦੇ ਲੋਕ ਕਾਫ਼ੀ ਸਮੇਂ ਤੋਂ ਨਸ਼ਿਆਂ, ਪ੍ਰਦੂਸ਼ਣ, ਸੀਵਰੇਜ ਦੀ ਮਾੜੀ ਵਿਵਸਥਾ, ਗੰਦੇ ਪਾਣੀ ਅਤੇ ਖਸਤਾ ਹਾਲ ਸੜਕਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਮਕਸਦ ਸਿਰਫ਼ ਸੱਤਾ ਹਾਸਲ ਕਰਨਾ ਨਹੀਂ, ਸਗੋਂ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਕੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਹੋਣਾ ਚਾਹੀਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਸਾਹਨੇਵਾਲ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਜਾਵੇਗੀ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕਣ ਦੇ ਨਾਲ ਖੇਡਾਂ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰਦੂਸ਼ਣ ਨੂੰ ਘਟਾਉਣ, ਸਾਫ਼ ਵਾਤਾਵਰਣ ਮੁਹੱਈਆ ਕਰਵਾਉਣ ਅਤੇ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ।
ਉਨ੍ਹਾਂ ਸ਼ੁੱਧ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ, ਸੜਕਾਂ ਦੀ ਮੁਰੰਮਤ, ਸਫ਼ਾਈ ਅਤੇ ਹਰਿਆਲੀ ਵਧਾਉਣ ਨੂੰ ਵੀ ਵਿਕਾਸ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਕੀਤਾ। ਸਤਵਿੰਦਰ ਬਿੱਟੀ ਨੇ ਕਿਹਾ ਕਿ ਉਹ ਸਾਹਨੇਵਾਲ ਦੇ ਲੋਕਾਂ ਦੀ ਆਵਾਜ਼ ਹਰ ਢੁੱਕਵੇਂ ਮੰਚ ’ਤੇ ਉਠਾਉਂਦੇ ਰਹਿਣਗੇ ਅਤੇ ਇਲਾਕੇ ਦੇ ਬਿਹਤਰ ਭਵਿੱਖ ਲਈ ਲਗਾਤਾਰ ਯਤਨ ਕਰਨਗੇ।
- Download Babushahi App
-
-