ਮੁਕਤਸਰ ਗੋਲੀਬਾਰੀ ਦੀਆਂ ਪਾਕਿਸਤਾਨ ਨਾਲ ਜੁੜੀਆਂ ਤਾਰਾਂ-ਪੁਲੀਸ ਵੱਲੋਂ ਗ੍ਰੰਥੀ ਸਮੇਤ 4 ਮੁਲਜ਼ਮ ਕਾਬੂ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 29 ਅਗਸਤ 2026 : ਮੁਕਤਸਰ ਦੀ ਬਲਮਗੜ੍ਹ ਰੋਡ ਤੇ ਕੁੱਝ ਦਿਨ ਪਹਿਲਾਂ ਹੋਈ ਗੋਲੀਬਾਰੀ ਦੀ ਘਟਨਾ ਦੌਰਾਨ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਦੇ ਕਥਿਤ ਤੌਰ ਉੱਤੇ ਸਰਹੱਦ ਪਾਰ ਪਾਕਿਸਤਾਨ ਨਾਲ ਸਬੰਧ ਸਾਹਮਣੇ ਆਏ ਹਨ । ਪੁਲਿਸ ਤਫਤੀਸ਼ ਦੌਰਾਨ ਇਹ ਤੱਥ ਉਭਰੇ ਹਨ ਕਿ ਇਸ ਘਟਨਾ ਨੂੰ ਗ਼ੈਰ-ਪੰਜਾਬੀਆਂ ਉੱਤੇ ਗੋਲੀਆਂ ਚਲਾ ਕੇ ਖੇਤਰ ’ਚ ਡਰ ਦਾ ਮਾਹੌਲ ਬਣਾਉਣ ਲਈ ਅੰਜ਼ਾਮ ਦਿੱਤਾ ਗਿਆ ਸੀ। ਪੁਲੀਸ ਨੇ ਇਸ ਗੋਲੀਬਾਰੀ ਮਾਮਲੇ ਵਿੱਚ ਕੌਮਾਂਤਰੀ ਸਾਜ਼ਿਸ਼ ਦੇ ਪਰਦਾਫਾਸ਼ ਹੋਣ ਦਾ ਦਾਅਵਾ ਕੀਤਾ ਹੈ।ਪੁਲੀਸ ਨੇ ਮੁਲਜ਼ਮਾਂ ਕੋਲੋਂ ਗ਼ੈਰ-ਕਾਨੂੰਨੀ ਅਸਲਾ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ ਜਿਸ ਵਿੱਚ ਦੋ ਪਿਸਤੌਲ (ਯੂ ਐੱਸ ਏ ਮਾਰਕਾ), 4 ਮੈਗਜ਼ੀਨ, 6 ਜਿੰਦਾ ਕਾਰਤੂਸ ਅਤੇ 3 ਪੈਟਰੋਲ ਬੰਬ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਅਭਿਮੰਨਿਊ ਰਾਣਾ ਅਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਪਿੰਡ ਬੋਦੀਵਾਲਾ ਖੜਕ ਸਿੰਘ ਦਾ ਗੁਰਪ੍ਰੀਤ ਸਿੰਘ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਪਿੰਡ ਭਾਗਸਰ ਦੇ ਗੁਰਦੁਆਰੇ ਵਿਖੇ ਗ੍ਰੰਥੀ ਵੀ ਹੈ। ਇਸ ਤੋਂ ਇਲਾਵਾ ਪਿੰਡ ਸਮੇਵਾਲੀ ਦਾ ਸੰਦੀਪ ਸਿੰਘ ਉਰਫ਼ ਦੌਲਾ ਤੇ ਅਰਪਨ ਸਿੰਘ, ਮੁਕਤਸਰ ਦੇ ਗੋਬਿੰਦ ਨਗਰੀ ਦਾ ਸਤਨਾਮ ਸਿੰਘ ਉਰਫ਼ ਸੱਤਾ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੋ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 23 ਅਗਸਤ ਨੂੰ ਇੱਥੋਂ ਦੇ ਬਲਮਗੜ੍ਹ ਰੋਡ ’ਤੇ ਰਹਿਣ ਵਾਲੇ ਪਰਵਾਸੀ ਅਨਿਲ ਕੁਮਾਰ ’ਤੇ ਦੋ ਮੋਟਰਸਾਈਕਲਾਂ 'ਤੇ ਆਏ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਸਨ। ਐਸਐਸਪੀ ਨੇ ਦੱਸਿਆ ਕਿ ਅਨਿਲ ਕੁਮਾਰ ਆਪਣੇ ਪਰਿਵਾਰ ਨਾਲ ਇੱਕ ਸਮਾਗਮ ਤੋਂ ਵਾਪਸ ਆ ਰਿਹਾ ਸੀ। ਗੋਲੀਆਂ ਲੱਗਣ ਨਾਲ ਅਨਿਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਕੇ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਨੇ ਤਕਨੀਕੀ ਜਾਂਚ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਪਾਕਿਸਤਾਨ ਵਿੱਚ ਬੈਠੇ ਆਕਾਵਾਂ ਨਾਲ ‘ਇੰਸਟਾਗ੍ਰਾਮ’ ਅਤੇ ‘ਵਟਸਐਪ’ ਰਾਹੀਂ ਸੰਪਰਕ ਸਨ। ਮੁਲਜ਼ਮਾਂ ਨੂੰ ਸਰਹੱਦ ਪਾਰ ਦੇ ਆਕਾਵਾਂ ਵੱਲੋਂ ਗ਼ੈਰ-ਪੰਜਾਬੀ ਵਿਅਕਤੀ 'ਤੇ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕਰਨ ਦਾ ਏਜੰਡਾ ਦਿੱਤਾ ਗਿਆ ਸੀ। ਇਸ ਦੇ ਲਈ ਵਾਰਦਾਤ ਵਾਸਤੇ ਫ਼ਿਰੋਜ਼ਪੁਰ ਤੋਂ ਹਥਿਆਰ ਦਿਵਾਏ ਗਏ ਸਨ।ਪੁਲੀਸ ਅਧਿਕਾਰੀਆਂ ਮੁਤਾਬਕ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਸ ਦੀ ਵੀਡੀਓ ਅਤੇ ਖ਼ਬਰਾਂ ਦੇ ਲਿੰਕ ਸਰਹੱਦ ਪਾਰ ਸਬੂਤ ਵਜੋਂ ਭੇਜੇ ਗਏ ਸਨ।
- Download Babushahi App
-
-